- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਮੰਤਰੀ ਵੱਲੋਂ ਪਾਤੜਾਂ ਪਟਿਆਲਾ ਸੜਕ ਚਾਰ ਮਾਰਗੀ ਅਤੇ ਪੰਜਾਹ ਬਿਸਤਰਿਆਂ ਦਾ ਹਸਪਤਾਲ ਬਣਾਉਣ ਦਾ ਐਲਾਨ

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਸੂਬੇ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੱਲ ਰਹੀਆਂ ਚੋਣ ਸਰਗਰਮੀਆਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੀ ਅਨਾਜ ਮੰਡੀ ਪਾਤੜਾਂ ਵਿਖੇ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਦੌਰਾਨ ਹਲਕਾ ਸ਼ੁਤਰਾਣਾ ਦੀ ਸਾਬਕਾ ਵਿਧਾਇਕਾ ਬੀਬੀ ਵਨਿੰਦਰ ਕੌਰ ਲੂੰਬਾ ਤੇ ਉਹਨਾਂ ਦੇ ਪਤੀ ਸੇਵਾ ਮੁਕਤ ਟਰਾਂਸਪੋਰਟ ਅਧਿਕਾਰੀ ਕਰਨ ਸਿੰਘ ਡੀਟੀਓ ਆਪਣੇ ਸਮਰਥਕਾਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਸਾਬਕਾ ਵਿਧਾਇਕਾ ਬੀਬੀ ਲੂੰਬਾ ਦੇ ਪਤੀ ਡੀਟੀਓ ਕਰਨ ਸਿੰਘ ਦੇ ਆਪ ਵਿਚ ਆਉਣ ਨਾਲ ਹਲਕਾ ਸ਼ੁਤਰਾਣਾ ਵਿਚ ਨਵੇਂ ਚੋਣ ਸਮੀਕਰਨ ਉਭਰਨ ਦੀਆਂ ਸੰਭਾਵਨਾਵਾਂ ਬਣ ਗਈਆਂ ਹਨ। ਪਾਰਟੀ ਵਿਚ ਆਉਣ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨਾਂ ਦਾ ਭਰਵਾਂ ਸਵਾਗਤ ਕਰਦਿਆਂ ਪਾਤੜਾਂ ਪਟਿਆਲਾ ਮੁੱਖ ਸੜਕ ਨੂੰ ਚਾਰ ਮਾਰਗੀ ਕਰਨ ਅਤੇ ਪਾਤੜਾਂ ਵਿਖੇ ਪੰਜਾਹ ਬਿਸਤਰਿਆਂ ਦਾ ਹਸਪਤਾਲ ਬਣਾਉਣ ਦਾ ਐਲਾਨ ਕੀਤਾ। ਦੱਸਣ ਯੋਗ ਹੈ ਕਿ ਬੀਬੀ ਵਨਿੰਦਰ ਕੌਰ ਲੂੰਬਾ ਜਿੱਥੇ ਸਾਬਕਾ ਵਿਧਾਇਕ ਕਾਮਰੇਡ ਬਲਦੇਵ ਸਿੰਘ ਲੂੰਬਾ ਦੀ ਬੇਟੀ ਹੈ ਉੱਥੇ ਉਹ 2012 ਦੀਆਂ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਦੀ ਟਿਕਟ ਤੇ ਹਲਕਾ ਸ਼ੁਤਰਾਣਾ ਤੋਂ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਦੇ ਪਤੀ ਕਰਨ ਸਿੰਘ ਡੀਟੀਓ ਅਕਾਲੀ ਦਲ ਤੋਂ ਵੱਖ ਹੋ ਕੇ ਅਕਾਲੀ ਦਲ ਪੁਨਰ ਸੁਰਜੀਤ ਵਿਚ ਚਲੇ ਗਏ ਸਨ ਅਤੇ ਉਹ ਪਾਰਟੀ ਦੇ ਜਥੇਬੰਦਕ ਸਕੱਤਰ ਦੇ ਤੌਰ ’ਤੇ ਕੰਮ ਕਰ ਰਹੇ ਸਨ। ਉਨ੍ਹਾਂ ਦੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਨਾਲ ਹਲਕਾ ਸ਼ੁਕਰਾਣਾ ਵਿਚ ਆਮ ਆਦਮੀ ਪਾਰਟੀ ਨੂੰ ਵੱਡਾ ਹੁਲਾਰਾ ਮਿਲ ਸਕਦਾ ਹੈ। ਰੈਲੀ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਾਤੜਾਂ ਇਲਾਕੇ ਨਾਲ ਆਪਣੀ ਭਾਵੁਕ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਇਲਾਕੇ ’ਚ ਜਿੱਥੇ ਵੱਡੇ ਪੱਧਰ ਉੱਤੇ ਉਨ੍ਹਾਂ ਦੀਆਂ ਰਿਸ਼ਤੇਦਾਰੀਆਂ ਹਨ ਉੱਥੇ ਸੁਨਾਮ ਕਾਲਜ ਵਿਚ ਨਾਲ ਪੜ੍ਹਦੇ ਰਹੇ ਬਹੁਤ ਸਾਰੇ ਦੋਸਤ ਵੀ ਇਸ ਇਲਾਕੇ ਨਾਲ ਸਬੰਧਤ ਹਨ। ਰਵਾਇਤੀ ਵਿਰੋਧੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ ਆਪ ਵਿਕਾਸ ਦੀ ਲੜਾਈ ਲੜ ਰਹੀ ਹੈ ਜਦਕਿ ਵਿਰੋਧੀ ਇਕ ਦੂਜੇ ਦੀਆਂ ਲੱਤਾਂ ਖਿੱਚਣ ’ਚ ਲੱਗੇ ਹੋਏ ਹਨ। ਵਿਰੋਧੀ ਪਾਰਟੀਆਂ ਦਾ ਮੁੱਖ ਮਕਸਦ ਭਗਵੰਤ ਮਾਨ ਨੂੰ ਬਦਨਾਮ ਕਰਨਾ ਬਣਿਆ ਹੋਇਆ ਹੈ ਪਰ ਜਦੋਂ ਤੱਕ ਰੰਗਲਾ ਪੰਜਾਬ ਦੇਖਣ ਦੇ ਚਾਹਵਾਨ ਲੋਕ ਉਨ੍ਹਾਂ ਦੇ ਨਾਲ ਹਨ ਉਦੋਂ ਤੱਕ ਕੋਈ ਉਨ੍ਹਾਂ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਉਨਾਂ ਨੂੰ ਬਦਨਾਮ ਕਰਨ ਲਈ ਬਾਬੇ ਨਾਨਕ ਦੀ ਬਾਣੀ ਨੂੰ ਗਲੀਆਂ ’ਚ ਰੋਲਣ ਵਾਲੇ ਲੋਕ, ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਕਰਨ ਵਾਲੇ ਅਤੇ ਦੇਸ਼ ਨੂੰ ਵੰਡਣ ਦੀ ਰਾਜਨੀਤੀ ਕਰਨ ਵਾਲੀਆਂ ਤਿੰਨੋਂ ਵਿਰੋਧੀ ਪਾਰਟੀਆਂ ਧਰਮ ਦਾ ਸਹਾਰਾ ਲੈ ਰਹੀਆਂ ਹਨ। ਬੀਬੀ ਵਨਿੰਦਰ ਕੌਰ ਲੂੰਬਾ ਅਤੇ ਕਰਨ ਸਿੰਘ ਡੀਟੀਓ ਦੇ ਪਰਿਵਾਰ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਸਵਾਗਤ ਕਰਦਿਆਂ ਉਹਨਾਂ ਕਿਹਾ ਕਿ ਡੁੱਬਦੇ ਜਹਾਜ਼ ਵਿੱਚੋਂ ਉਤਰ ਜਾਣ ਵਾਲੇ ਲੋਕ ਹੀ ਬੇਹਤਰ ਹੁੰਦੇ ਹਨ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ, ਮੁੱਖ ਮੰਤਰੀ ਦੇ ਨਿੱਜੀ ਸਲਾਹਕਾਰ ਸੁਖਬੀਰ ਸਿੰਘ ਘੁੰਮਣ, ਯੂਥ ਡਿਵੈਲਪਮੈਂਟ ਬੋਰਡ ਦੇ ਡਾਇਰੈਕਟਰ ਨਵਲਦੀਪ ਸਿੰਘ ਮੌਲਵੀਵਾਲਾ, ਮਾਰਕੀਟ ਕਮੇਟੀ ਪਾਤੜਾਂ ਦੇ ਚੇਅਰਮੈਨ ਮਹਿੰਗਾ ਸਿੰਘ ਬਰਾੜ, ਪਛੜੀਆਂ ਸ਼੍ਰੇਣੀਆਂ ਵੈਲਫੇਅਰ ਬੋਰਡ ਦੇ ਮੈਂਬਰ ਕੁਲਦੀਪ ਸਿੰਘ ਥਿੰਦ, ਬੂਟਾ ਸਿੰਘ ਵਿਰਕ ਸ਼ੁਤਰਾਣਾ, ਬਲਜਿੰਦਰ ਸਿੰਘ ਢਿੱਲੋ ਆਦਿ ਹਾਜ਼ਰ ਸਨ।