ਕੱਚੇ ਮੁਲਾਜ਼ਮਾਂ ਨੂੰ ਬਾਹਰ ਰੱਖਣ ਦੇ ਵਿਰੋਧ ’ਚ ਮੋਰਚਾ ਲਾਉਣ ਦਾ ਐਲਾਨ
ਕੱਚੇ ਮੁਲਾਜ਼ਮਾਂ ਨੂੰ ਬਾਹਰ ਰੱਖਣ ਦੇ ਵਿਰੋਧ ’ਚ ਮੋਰਚਾ ਲਾਉਣ ਦਾ ਐਲਾਨ
Publish Date: Fri, 26 Jun 2026 04:53 PM (IST)
Updated Date: Fri, 26 Jun 2026 04:55 PM (IST)

ਫੋਟੋ 26ਪੀਟੀਐਲ: 7 ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਬ੍ਰਾਂਚ ਪਾਤੜਾਂ ਦੀ ਮੀਟਿੰਗ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ, ਜ਼ਿਲ੍ਹਾ ਪ੍ਰਧਾਨ ਜੀਤ ਸਿੰਘ ਬਠੋਈ ਸ਼ਾਮਲ ਹੋਏ। ਮੀਟਿੰਗ ਦੌਰਾਨ ਜਥੇਬੰਦੀ ਦੇ ਆਗੂਆਂ ਨੇ ਐਲਾਨ ਕੀਤਾ ਕਿ ਆਗਾਮੀ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਸਰਕਾਰ ਵੱਲੋਂ ਕੀਤੀ ਜਾ ਰਹੀ ਧੋਖਾਧੜੀ ਦੇ ਵਿਰੋਧ ’ਚ ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਹਲਕਾ ਸਾਹਨੇਵਾਲ ਵਿਖੇ ਪਰਿਵਾਰਾਂ ਸਮੇਤ ਪੱਕਾ ਮੋਰਚਾ ਲਗਾਇਆ ਜਾਵੇਗਾ। ਮੀਟਿੰਗ ਮਗਰੋਂ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ 19 ਜੂਨ ਨੂੰ ਚੰਡੀਗੜ੍ਹ ਵਿਖੇ ਕੈਬਨਿਟ-ਸਬ-ਕਮੇਟੀ ਦੇ ਚੇਅਰਮੈਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਯੂਨੀਅਨ ਨਾਲ ਕੀਤੀ ਗਈ ਪੈਨਲ ਮੀਟਿੰਗ ’ਚ ਵਿਚਾਰ-ਵਟਾਂਦਰਾ ਕਰਕੇ ਯੂਨੀਅਨ ਨੂੰ ਜਾਣੂ ਕਰਵਾਇਆ ਗਿਆ ਕਿ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਪੰਜਾਬ ਰਾਜ ਆਊਟਸੋਰਸ ਪ੍ਰਸੋਨਲ ਬਿੱਲ-2026 ਅਤੇ ‘ਪੰਜਾਬ ਕੰਟਰੈਕਚੁਅਲ ਪ੍ਰਸੋਨਲ ਬਿੱਲ 2026’ ਵਿਚ ਆਊਟਸੋਰਸ ਕਾਮਿਆਂ ਦੇ ਨਾਲ-ਨਾਲ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਇਨਲਿਸਟਮੈਂਟ ਕਾਮਿਆਂ ਨੂੰ ਵੀ ਸ਼ਾਮਲ ਕਰਕੇ ਰੁਜ਼ਗਾਰ ਪੱਕਾ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਉਸ ਸਮੇਂ ਬਹੁਤ ਵੱਡਾ ਧੋਖਾ ਹੋਇਆ ਜਦੋਂ ਵਿਭਾਗੀ ਮੁਖੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਦਫਤਰ ਮੋਹਾਲੀ ਵੱਲੋਂ 23 ਜੂਨ 2026 ਨੂੰ ਆਊਟਸੋਰਸ ਕਾਮਿਆਂ ਦਾ ਡਾਟਾ ਐਚਆਰਐਮ ਪੋਰਟਲ ਤੇ ਐਟਰੀ ਕਰਨ ਲਈ ਪੱਤਰ ਜਾਰੀ ਕੀਤਾ ਗਿਆ, ਜਿਸ ਵਿਚ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਹਿਲਾਂ ਆਉਟਸੋਰਸ ਅਧੀਨ ਰੱਖਣ ਦੇ ਬਾਅਦ ਧੱਕੇ ਨਾਲ ਇਨਲਿਸਟਮੈਂਟ ਪਾਲਸੀ ’ਚ ਬਦਲੇ 2800 ਵਰਕਰਾਂ ਨੂੰ ਬਾਹਰ ਰੱਖਿਆ ਗਿਆ ਹੈ। ਜਦਕਿ 19 ਜੂਨ ਦੀ ਪੈਨਲ ਮੀਟਿੰਗ ’ਚ ਬਣੀ ਸਹਿਮਤੀ ਦੇ ਉਲਟ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੇ ਪ੍ਰੋਸਨਲ ਵਿਭਾਗ ਪੰਜਾਬ ਵੱਲੋਂ ਇਹ ਚਿੱਠੀਆਂ ਜਾਰੀ ਕੀਤੀਆ ਗਈਆਂ ਹਨ ਕਿ ਐਚਆਰਐਮ ਪੋਰਟਲ ਤੇ ਜਿਨ੍ਹਾਂ ਵਰਕਰਾਂ ਦੀ ਐਂਟਰੀ ਹੋਵੇਗੀ, ਉਸ ਨੂੰ ਹੀ ਨਵੇਂ ਐਕਟ-2026 ਵਿਚ ਸ਼ਾਮਲ ਕੀਤਾ ਜਾਵੇਗਾ। ਜਿਸਤੋ ਪਤਾ ਲੱਗਦਾ ਹੈ ਕਿ ਇੰਨਲਿਸਟਮੈਟ ਵਰਕਰਾਂ ਨੂੰ ਨਵੇ ਐਕਟ ’ਚੋਂ ਬਹਾਰ ਕੱਢਿਆ ਹੋਇਆ ਹੈ। ਯੂਨੀਅਨ ਵੱਲੋਂ ਮੰਗ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਬਣਾਏ ਜਾ ਰਹੇ ਕਾਨੂੰਨ 2026 ਵਿਚ ਸ਼ਾਮਲ ਕਰਨ ਲਈ ਤੁਰੰਤ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।