ਮਨਰੇਗਾ ਕਰਮਚਾਰੀ ਯੂਨੀਅਨ ਨੇ ਵਿਭਾਗ ਵੱਲੋਂ ਜਾਰੀ ਪੱਤਰਾਂ ਦੀਆਂ ਕਾਪੀਆਂ ਸਾੜੀਆਂ
ਮਨਰੇਗਾ ਕਰਮਚਾਰੀ ਯੂਨੀਅਨ ਨੇ ਪੱਤਰ ਸਾੜੇ
Publish Date: Fri, 26 Jun 2026 03:48 PM (IST)
Updated Date: Sat, 27 Jun 2026 04:01 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਮਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ਅਨੁਸਾਰ ਸ਼ੁੱਕਰਵਾਰ ਨੂੰ ਏਡੀਸੀ ਵਿਕਾਸ ਦੇ ਦਫ਼ਤਰ ਇੱਕਠੇ ਹੋ ਕੇ ਮਨਰੇਗਾ ਮੁਲਜ਼ਮਾਂ ਨੇ ਵਿਭਾਗ ਵੱਲੋਂ ਜਾਰੀ ਤਾਨਾਸ਼ਾਹੀ ਪੱਤਰਾਂ ਦੀਆਂ ਕਾਪੀਆਂ ਸਾੜਦਿਆਂ ਜੋਰਦਾਰ ਨਾਅਰੇਬਾਜੀ ਕੀਤੀ। ਇਸ ਮੌਕੇ ਮਨਰੇਗਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂਆਂ ਰਣਧੀਰ ਸਿੰਘ ਧੀਮਾਨ ਤੇ ਸੰਜੀਵ ਕਾਕੜਾ ਨੇ ਦੱਸਿਆ ਕਿ ਮਨਰੇਗਾ ਕਰਮਚਾਰੀ ਅਪਣੀਆਂ ਹੱਕੀ ਮੰਗਾ ਦੇ ਸਬੰਧ ਵਿੱਚ1 ਜੂਨ ਤੋਂ ਕਲ਼ਮ ਛੋੜ ਹੜਤਾਲ ਤੇ ਚੱਲ ਰਹੇ ਹਨ। ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਸਾਡਾ ਮਸਲਾ ਹਮਦਰਦੀ ਨਾਲ ਵਿਚਾਰਨ ਦੀ ਥਾਂ ਨਿੱਤ ਨਵੇਂ ਮੁਲਾਜ਼ਮ ਮਾਰੂ ਪੱਤਰ ਜਾਰੀ ਕਰਕੇ ਸੰਘਰਸ਼ ਨੂੰ ਢ਼ਾਹ ਲਾਈ ਜਾ ਰਹੀ ਹੈ। ਬੀਤੀ ਕੱਲ੍ਹ ਅਫਸਰਸ਼ਾਹੀ ਵੱਲੋਂ ਮਨਰੇਗਾ ਕਰਮਚਾਰੀਆ ਦੀ ਚੱਲ ਰਹੀ ਹੜਤਾਲ ਦੌਰਾਨ ਨੋ ਵਰਕ ਨੋ ਪੇਅ ਅਤੇ ਪੰਚਾਇਤ ਵਿਕਾਸ ਸਕੱਤਰਾਂ ਨੂੰ ਮਨਰੇਗਾ ਦੀ ਟ੍ਰੇਨਿੰਗ ਦੇਣ ਦੇ ਪੱਤਰ ਜਾਰੀ ਕੀਤੇ ਹਨ। ਜਿਨ੍ਹਾਂ ਪੱਤਰਾਂ ਦੇ ਵਿਰੋਧ ਵਿੱਚ ਪੂਰੇ ਪੰਜਾਬ ਵਿੱਚ ਅਸੀਂ ਅੱਜ ਇਨ੍ਹਾਂ ਪੱਤਰਾਂ ਦੀਆਂ ਕਾਪੀਆਂ ਸਾੜ ਰਹੇ ਹਾਂ। ਆਗੂਆਂ ਨੇ ਦੱਸਿਆ ਕਿ 1 ਜੂਨ ਨੂੰ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਪ੍ਰਧਾਨਗੀ ਹੇਠ ਹੋਈ ਪੈਨਲ ਮੀਟਿੰਗ ਅਤੇ 10 ਜੂਨ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਪੈਨਲ ਮੀਟਿੰਗ ਵਿੱਚ ਨਰੇਗਾ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਪ੍ਰਵਾਨ ਕਰ ਲਈ ਗਈ ਸੀ। ਉਸੇ ਦਿਨ ਅਗਲੀ ਮੀਟਿੰਗ ਪ੍ਰੋਸੋਨਲ ਵਿਭਾਗ, ਵਿੱਤ ਵਿਭਾਗ, ਪੰਚਾਇਤ ਵਿਭਾਗ, ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਹਰਪਾਲ ਸਿੰਘ ਚੀਮਾ ਜੀ ਦੀ ਮੌਜੂਦਗੀ ਵਿੱਚ ਕਰਨ ਦਾ ਫ਼ੈਸਲਾ ਲਿਆ ਗਿਆ ਸੀ। ਜਿਸ ਤੇ ਵਿਸ਼ਵਾਸ ਕਰ ਕੇ ਮੁਲਾਜ਼ਮਾਂ ਵੱਲੋਂ ਬਲਾਕ ਪੱਧਰ ਤੇ ਹੀ ਸ਼ਾਂਤਮਈ ਧਰਨਾ ਜਾਰੀ ਰੱਖਿਆ ਗਿਆ। ਬੀਤੀ 23 ਜੂਨ ਨੂੰ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਦਿੜ੍ਹਬਾ ਮੰਡੀ ਵਿਖੇ ਪੰਜਾਬ ਪੱਧਰ ਦਾ ਲਾਮਿਸਾਲ ਇਕੱਠ ਕਰਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਰੈਲੀ ਤੋਂ ਮਨਰੇਗਾ ਕਰਮਚਾਰੀ ਯੂਨੀਅਨ ਨੂੰ 2 ਜੁਲਾਈ ਦੀ ਕੈਬਨਿਟ ਸਬ ਕਮੇਟੀ ਨਾਲ਼ ਮੀਟਿੰਗ ਦਿੱਤੀ ਗਈ। ਇਸ ਤੋਂ ਬਾਅਦ ਫੇਰ ਬਲਾਕ ਪੱਧਰ ਤੇ ਸ਼ਾਂਤਮਈ ਧਰਨਾ ਜਾਰੀ ਸੀ ਪ੍ਰੰਤੂ ਕੱਲ੍ਹ ਦੇ ਮੁਲਾਜ਼ਮ ਮਾਰੂ ਪੱਤਰਾਂ ਤੋਂ ਪੂਰੇ ਪੰਜਾਬ ਦੇ ਮੁਲਾਜ਼ਮ ਰੋਹ ਵਿੱਚ ਹਨ ਤੇ ਅੱਜ ਇਨ੍ਹਾਂ ਪੱਤਰਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਉਨ੍ਹਾ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਹਾਲੇ ਵੀ ਵਿਭਾਗ ਦੀ ਅਫਸਰਸ਼ਾਹੀ ਨੇ ਵਧੀਕੀਆਂ ਜਾਰੀ ਰੱਖੀਆਂ ਤੇ ਸਰਕਾਰ ਨੇ ਟਾਲ ਮਟੋਲ ਦੀ ਨੀਤੀ ਛੱਡ ਕੇ ਮਨਰੇਗਾ ਮੁਲਜ਼ਮਾਂ ਨੂੰ ਪੰਚਾਇਤੀ ਵਿਭਾਗ ਵਿੱਚ ਮਰਜ਼ ਕਰ ਕੇ ਨੌਕਰੀਆਂ ਪਕੀਆਂ ਨਾਂ ਕੀਤੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਾਂਗੇ। ਇਸ ਮੌਕੇ ਰਮਨਪ੍ਰੀਤ ਕੌਰ, ਗੁਰਜੀਤ ਕੌਰ,ਬਿੱਕਰ ਸਿੰਘ ਕਮਾਲਪੁਰ, ਬਲਜੀਤ ਸਿੰਘ ਨੱਤ, ਜਸਵੀਰ ਸਿੰਘ, ਅਮਨਦੀਪ ਸਿੰਘ, ਗੁਰਜੀਤ ਸਿੰਘ, ਸੁਖਦੇਵ ਸਿੰਘ ਹਾਜ਼ਰ ਸਨ।