ਸੜਕ ਦਾ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕੀਤਾ ਉਦਘਾਟਨ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਦਾ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕੀਤਾ ਉਦਘਾਟਨ
Publish Date: Sun, 05 Jul 2026 05:05 PM (IST)
Updated Date: Sun, 05 Jul 2026 05:08 PM (IST)
ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, •ਪਟਿਆਲਾ : ਸ਼ਹਿਰ ਦੇ ਰਾਜਪੁਰਾ ਰੋਡ ਸਥਿਤ ਘੋੜਿਆਂ ਵਾਲੇ ਪੁਲ (ਵੱਡੀ ਨਦੀ ਤੋਂ ਸਨੌਰੀ ਅੱਡੇ ਨੂੰ ਜੋੜਨ ਵਾਲੀ ਸੜਕ) ਤੋਂ ਸਨੌਰੀ ਅੱਡੇ ਤੱਕ ਸੜਕ ਨੂੰ ਨਵੇਂ ਸਿਰੇ ਤੋਂ ਤਿਆਰ ਕਰਨ ਦਾ ਕੰਮ ਮੁਕੰਮਲ ਹੋ ਗਿਆ ਹੈ। ਲੰਬੇ ਸਮੇਂ ਤੋਂ ਖਸਤਾ ਹਾਲਤ ਵਿਚ ਪਈ ਇਸ ਸੜਕ ਦੇ ਬਣਨ ਨਾਲ ਹੁਣ ਹਜ਼ਾਰਾਂ ਵਾਹਨ ਚਾਲਕਾਂ ਤੇ ਨਦੀ ਦੇ ਆਲੇ-ਦੁਆਲੇ ਸਥਿਤ ਅੱਧਾ ਦਰਜਨ ਤੋਂ ਵੱਧ ਕਲੋਨੀਆਂ ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲੇਗੀ। ਕਰੀਬ ਇਕ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਸ ਸੜਕ ਨੂੰ ਸ਼ਹਿਰ ਦੀਆਂ ਮਹੱਤਵਪੂਰਨ ਸੜਕ ਯੋਜਨਾਵਾਂ ਵਿਚ ਸ਼ਾਮਲ ਮੰਨਿਆ ਜਾ ਰਿਹਾ ਹੈ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਇਸ ਨਵੀਂ ਸੜਕ ਦਾ ਰਸਮੀ ਉਦਘਾਟਨ ਕੀਤਾ ਗਿਆ। ਜਾਣਕਾਰੀ ਅਨੁਸਾਰ ਪਿਛਲੇ ਕਾਫ਼ੀ ਸਮੇਂ ਤੋਂ ਇਸ ਸੜਕ ਦੀ ਹਾਲਤ ਬੇਹੱਦ ਖਰਾਬ ਸੀ। ਸੜਕ ਤੇ ਕਈ ਥਾਵਾਂ ਤੇ ਵੱਡੇ-ਵੱਡੇ ਟੋਏ ਪੈ ਚੁੱਕੇ ਸਨ, ਜਿਸ ਕਾਰਨ ਵਾਹਨ ਚਾਲਕਾਂ ਨੂੰ ਹਰ ਰੋਜ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਖਾਸ ਕਰਕੇ ਰਾਤ ਦੇ ਸਮੇਂ ਇਹ ਟੋਏ ਸਾਫ਼ ਨਜ਼ਰ ਨਾ ਆਉਣ ਕਾਰਨ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਸੀ। ਕਈ ਵਾਰ ਦੋਪਹੀਆ ਵਾਹਨ ਚਾਲਕ ਟੋਇਆਂ ਕਾਰਨ ਸੰਤੁਲਨ ਗੁਆ ਬੈਠਦੇ ਅਤੇ ਹਾਦਸਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਸਨ। ਸਥਾਨਕ ਲੋਕਾਂ ਅਤੇ ਵਾਹਨ ਚਾਲਕਾਂ ਵੱਲੋਂ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਲਗਾਤਾਰ ਆਵਾਜ਼ ਉਠਾਈ ਜਾ ਰਹੀ ਸੀ। ਹੁਣ ਸੜਕ ਦਾ ਨਿਰਮਾਣ ਮੁਕੰਮਲ ਹੋਣ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਨਵੀਂ ਸੜਕ ਬਣਨ ਨਾਲ ਸਫ਼ਰ ਆਸਾਨ ਹੋਣ ਦੇ ਨਾਲ-ਨਾਲ ਹਾਦਸਿਆਂ ਦੀ ਸੰਭਾਵਨਾ ਵਿਚ ਵੀ ਕਾਫ਼ੀ ਕਮੀ ਆਵੇਗੀ। ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਹਰ ਸ਼ਹਿਰ ਅਤੇ ਪਿੰਡ ਵਿਚ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕਾਰਜ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਸੜਕਾਂ, ਗਲੀਆਂ, ਸੀਵਰੇਜ, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਵਿਕਾਸ ਪ੍ਰੋਜੈਕਟ ਜੰਗੀ ਪੱਧਰ ਤੇ ਚੱਲ ਰਹੇ ਹਨ। ਇਹ ਸੜਕ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ’ਚੋਂ ਇੱਕ ਮੰਨੀ ਜਾਂਦੀ ਹੈ, ਕਿਉਂਕਿ ਸਰਹਿੰਦ ਰੋਡ ਅਤੇ ਰਾਜਪੁਰਾ ਰੋਡ ਵੱਲੋਂ ਦੇਵੀਗੜ੍ਹ, ਸਨੌਰ ਅਤੇ ਚੀਕਾ ਵੱਲ ਜਾਣ ਵਾਲਾ ਜ਼ਿਆਦਾਤਰ ਟਰੈਫਿਕ ਇਸੇ ਸੜਕ ਰਾਹੀਂ ਲੰਘਦਾ ਹੈ। ਕਰੀਬ ਤਿੰਨ ਕਿਲੋਮੀਟਰ ਲੰਬੀ ਇਸ ਸੜਕ ਦੇ ਬਣਨ ਨਾਲ ਨਾ ਸਿਰਫ਼ ਟਰੈਫਿਕ ਪ੍ਰਬੰਧ ਵਿਚ ਸੁਧਾਰ ਹੋਵੇਗਾ, ਸਗੋਂ ਆਲੇ-ਦੁਆਲੇ ਦੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਨੂੰ ਵੀ ਆਵਾਜਾਈ ’ਚ ਕਾਫ਼ੀ ਸਹੂਲਤ ਮਿਲੇਗੀ। ਇਸ ਮੌਕੇ ਐਮਸੀ ਹਰਪ੍ਰੀਤ ਸਿੰਘ, ਐਕਸੀਅਨ ਪ੍ਰਤੀਕ ਸਿੰਗਲਾ, ਐੱਸਡੀਓ ਪੁਨੀਤ ਮਿੱਤਲ, ਰਜਿੰਦਰ ਸਿੰਘ, ਮਨਿੰਦਰ ਸਿੰਘ, ਜਗਮੀਤ ਸਿੰਘ ਜੱਗਾ, ਕਿਰਪਾਲ ਸਿੰਘ, ਨਿੰਦਰ ਕਾਹਲੋਂ, ਵਿਜੈ ਸੈਣੀ ਆਦਿ ਹਾਜ਼ਰ ਸਨ।