ਵਿਧਾਇਕ ਕੋਹਲੀ ਵੱਲੋਂ ਸਮੂਹ ਪਾਰਕਾਂ ਦੇ ਸੁੰਦਰੀਕਰਨ ਤੇ ਵਿਕਾਸ ਕਾਰਜਾਂ ਦੀ ਸ਼ੁਰੂਆਤ
ਸਮੂਹ ਪਾਰਕਾਂ ਦੇ ਸੁੰਦਰੀਕਰਨ ਅਤੇ ਵਿਕਾਸ ਕਾਰਜਾਂ ਦੀ ਸ਼ੁਰੂਆਤ: ਵਿਧਾਇਕ ਕੋਹਲੀ
Publish Date: Sun, 14 Jun 2026 04:30 PM (IST)
Updated Date: Sun, 14 Jun 2026 04:33 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਵਾਰਡ ਨੰਬਰ 58 ਅਧੀਨ ਮਾਡਲ ਟਾਊਨ ਸਥਿਤ ਮੇਹਰ ਸਿੰਘ ਪਾਰਕ ਦੇ ਸੁੰਦਰੀਕਰਨ ਤੇ ਵਿਕਾਸ ਕਾਰਜਾਂ ਦੀ ਵਿਧਾਇਕ ਪਟਿਆਲਾ ਅਜੀਤ ਪਾਲ ਸਿੰਘ ਕੋਹਲੀ ਵੱਲੋਂ ਸ਼ੁਰੂਆਤ ਕਰਵਾਈ ਗਈ। ਵਾਰਡ ਦੇ ਸਮੂਹ ਪਾਰਕਾਂ ਦੇ ਸੁੰਦਰੀਕਰਨ ਤੇ ਵਿਕਾਸ ਕਾਰਜਾਂ ਤੇ ਕਰੀਬ 49 ਲੱਖ 80 ਹਜ਼ਾਰ ਰੁਪਏ ਦੀ ਲਾਗਤ ਆਵੇਗੀ, ਜਿਸ ਨਾਲ ਪਾਰਕਾਂ ਦੀ ਦਿੱਖ ਨੂੰ ਆਧੁਨਿਕ ਰੂਪ ਦੇਣ ਦੇ ਨਾਲ-ਨਾਲ ਇਲਾਕਾ ਵਾਸੀਆਂ ਨੂੰ ਬਿਹਤਰ ਮਨੋਰੰਜਨ ਤੇ ਸੈਰ-ਸਪਾਟੇ ਦੀਆਂ ਸਹੂਲਤਾਂ ਮੁਹੱਈਆ ਹੋਣਗੀਆਂ। ਇਸ ਮੌਕੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦੀ ਭਲਾਈ ਤੇ ਸਰਬਪੱਖੀ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਵਿਕਾਸ ਲਈ ਵੱਡੇ ਪੱਧਰ ਤੇ ਪ੍ਰੋਜੈਕਟ ਲਾਗੂ ਕੀਤੇ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਉਨ੍ਹਾਂ ਨੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਫ਼ਤ ਬਿਜਲੀ, ਮਹਿਲਾਵਾਂ ਲਈ ਮੁਫ਼ਤ ਬੱਸ ਸਫ਼ਰ, ਆਮ ਆਦਮੀ ਕਲੀਨਿਕ,10 ਲੱਖ ਰੁਪਏ ਤੱਕ ਦਾ ਮੁਫ਼ਤ ਸਿਹਤ ਬੀਮਾ ਯੋਜਨਾ ਅਤੇ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਵਰਗੀਆਂ ਯੋਜਨਾਵਾਂ ਲੋਕਾਂ ਦੀ ਜ਼ਿੰਦਗੀ ’ਚ ਸਕਾਰਾਤਮਕ ਬਦਲਾਅ ਲਿਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਯੋਗ ਅਨੁਸੂਚਿਤ ਜਾਤੀ ਵਰਗ ਦੀਆਂ ਮਹਿਲਾਵਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਅਤੇ ਜਨਰਲ ਵਰਗ ਦੀਆਂ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਸਹਾਇਤਾ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਦਿੱਤੀ ਜਾਵੇਗੀ। ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਅਤੇ ਸਾਫ਼-ਸਫ਼ਾਈ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਮਿਊਂਸਪਲ ਕੌਂਸਲਰ ਗੁਰਜੀਤ ਸਿੰਘ ਸਾਹਨੀ ਨੇ ਵਾਰਡ ਨਿਵਾਸੀਆਂ ਵੱਲੋਂ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਤੇ ਮੇਅਰ ਕੁੰਦਨ ਗੋਗੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਲਾਕੇ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਨਾਲ ਲੋਕਾਂ ਨੂੰ ਸਿੱਧਾ ਲਾਭ ਮਿਲੇਗਾ ਅਤੇ ਇਲਾਕੇ ਦੀ ਦਿੱਖ ਵਿਚ ਵੀ ਵੱਡਾ ਸੁਧਾਰ ਆਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਪੰਜਾਬ ਸਕੱਤਰ ਮੋਨਿਕਾ ਸ਼ਰਮਾ, ਹਲਕਾ ਕੋਆਰਡੀਨੇਟਰ ਪਟਿਆਲਾ ਰੂਬੀ ਭਾਟੀਆ ਸਤਨਾਮ ਸਿੰਘ,ਅਮਰਜੀਤ ਸਿੰਘ,ਛੱਤਰਪਾਲ ਸਿੰਘ,ਸੇਵਾਮੁਕਤ ਬੀ.ਡੀ.ਪੀ.ਓ.ਪਰਮਜੀਤ ਸਿੰਘ,ਪਰਮਜੀਤ ਸਿੰਘ ਬਿੰਦਰਾ, ਸੁਖਦੀਪ ਸਿੰਘ ਲੈਬੀ, ਅਮਰਜੋਤ ਸਿੰਘ ਬਾਈਆ,ਅਮਰਿੰਦਰ ਸਿੰਘ ਆਨੰਦ,ਬਲਵਿੰਦਰ ਕੌਰ ਕੋਹਲੀ,ਜਗਤਾਰ ਸਿੰਘ ਜੱਗੀ,ਬਲਾਕ ਪ੍ਰਧਾਨ ਰਾਜਿੰਦਰ ਮੋਹਨ, ਬਲਾਕ ਪ੍ਰਧਾਨ ਸੋਨੀਆ ਸਰਮਾ, ਮਨਜੀਤ ਸਿੰਘ ਵਾਲੀਆ,ਡਾ ਰੋਹਿਤ ਸਿੰਗਲਾ,ਸਤਵਿੰਦਰ ਵਾਲੀਆ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਮੌਜੂਦ ਸਨ।