ਮੰਤਰੀ ਅਮਨ ਅਰੋੜਾ ਨੇ ਆਧੁਨਿਕ ਜੱਚਾ ਬੱਚਾ ਹਸਪਤਾਲ ਦਾ ਰੱਖਿਆ ਨੀਂਹ ਪੱਥਰ
ਮੰਤਰੀ ਅਮਨ ਅਰੋੜਾ ਨੇ ਆਧੁਨਿਕ ਜੱਚਾ ਬੱਚਾ ਹਸਪਤਾਲ ਦਾ ਰੱਖਿਆ ਨੀਂਹ ਪੱਥਰ
Publish Date: Mon, 22 Jun 2026 04:50 PM (IST)
Updated Date: Tue, 23 Jun 2026 04:04 AM (IST)

ਸਾਢੇ ਚੌਦਾਂ ਕਰੋੜ ਰੁਪਏ ਦੀ ਆਵੇਗੀ ਲਾਗਤ ਮਾਵਾਂ ਅਤੇ ਬੱਚਿਆਂ ਨੂੰ ਮਿਲਣਗੀਆਂ ਇੱਕੋ ਛੱਤ ਹੇਠ ਸਿਹਤ ਸਹੂਲਤਾਂ ਫੋਟੋ–23 ਕੈਪਸਨ- ਕੈਬਨਿਟ ਮੰਤਰੀ ਅਮਨ ਅਰੋੜਾ ਨੀਂਹ ਪੱਥਰ ਰੱਖਦੇ ਹੋਏ। ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਹਲਕੇ ਦੇ ਲੋਕਾਂ ਨੂੰ ਵੱਡੀ ਸੌਗਾਤ ਦਿੰਦਿਆਂ ਸ਼ਹੀਦ ਊਧਮ ਸਿੰਘ ਸਰਕਾਰੀ ਹਸਪਤਾਲ ਸੁਨਾਮ ਵਿਖੇ 50 ਬੈੱਡਾਂ ਵਾਲੇ ਅਤਿ-ਆਧੁਨਿਕ ਜੱਚਾ-ਬੱਚਾ ਹਸਪਤਾਲ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਕਰੀਬ 14 ਕਰੋੜ 48 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ। ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਸੁਨਾਮ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਹੁਣ ਤਕ 57 ਕਰੋੜ ਰੁਪਏ ਵੱਖ ਵੱਖ ਪ੍ਰੋਜੈਕਟਾਂ ਉੱਤੇ ਖਰਚੇ ਜਾ ਚੁੱਕੇ ਹਨ। ਜਿਨ੍ਹਾਂ ਵਿੱਚ ਕਰੀਬ 25.5 ਕਰੋੜ ਰੁਪਏ ਦੀ ਲਾਗਤ ਨਾਲ ਸਰਕਾਰੀ ਹਸਪਤਾਲ ਸੁਨਾਮ ਵਿਖੇ ਓਪੀਡੀ ਦੇ ਨਵੇਂ 09 ਕਮਰਿਆਂ ਦਾ ਬਲਾਕ, ਦਵਾਈਆਂ ਦਾ ਵੇਅਰ ਹਾਊਸ, ਟਰੋਮਾ ਸੈਂਟਰ ਅਤੇ ਬਲੱਡ ਬੈਂਕ ਸ਼ਾਮਿਲ ਹਨ। ਚੀਮਾ ਵਿਖੇ 14.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਅਤੇ ਲੌਂਗੋਵਾਲ ਵਿਖੇ 11.5 ਕਰੋੜ ਰੁਪਏ ਦੀ ਲਾਗ ਦੇ ਨਾਲ ਹਸਪਤਾਲ ਬਣਾਏ ਗਏ ਹਨ। ਹਲਕੇ ਵਿੱਚ ਵੱਖ-ਵੱਖ ਥਾਂ 08 ਆਮ ਆਦਮੀ ਕਲੀਨਿਕ ਬਣਾਏ ਗਏ ਹਨ, ਇੱਕ ਆਮ ਆਦਮੀ ਕਲੀਨਿਕ ਦੀ ਲਾਗਤ 25 ਲੱਖ ਰੁਪਏ ਹੈ। ਇਸੇ ਤਰ੍ਹਾਂ 12 ਹੈਲਥ ਐਂਡ ਵੈਲਨੈਸ ਸੈਂਟਰ ਬਣਾਏ ਗਏ ਹਨ ਤੇ ਇੱਕ ਹੈਲਥ ਐਂਡ ਵੈਲਨੈਸ ਸੈਂਟਰ ਦੀ ਲਾਗਤ 35 ਲੱਖ ਰੁਪਏ ਹੈ। ਜੱਚਾ-ਬੱਚਾ ਹਸਪਤਾਲ ਮਾਵਾਂ ਅਤੇ ਨਵਜਨਮੇ ਬੱਚਿਆਂ ਲਈ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਹੈ। ਇਸ ਹਸਪਤਾਲ ਦੇ ਤਿਆਰ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਉੱਚ ਪੱਧਰੀ ਇਲਾਜ ਲਈ ਦੂਰ-ਦੁਰਾਡੇ ਜਾਂ ਵੱਡੇ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ। ਇਸ ਹਸਪਤਾਲ ਵਿੱਚ 5 ਓ.ਪੀ.ਡੀ. ਕਮਰੇ, 2 ਆਧੁਨਿਕ ਆਪਰੇਸ਼ਨ ਥੀਏਟਰ, 3 ਬੈੱਡਾਂ ਵਾਲਾ ਨਾਰਮਲ ਡਿਲਿਵਰੀ ਰੂਮ, ਟੈਸਟਿੰਗ ਲੈਬ, ਅਲਟਰਾ ਸਾਊਂਡ ਲੈਬ, ਫਾਰਮੇਸੀ, ਈ.ਸੀ.ਜੀ. ਰੂਮ, ਪੀਡੀਆਟ੍ਰਿਕ ਰੂਮ ਅਤੇ ਇਮਿਊਨਾਈਜ਼ੇਸ਼ਨ ਰੂਮ ਸਮੇਤ ਹੋਰ ਸਾਰੀਆਂ ਆਧੁਨਿਕ ਸਹੂਲਤਾਂ ਉਪਲਬਧ ਹੋਣਗੀਆਂ। ਜੱਚਾ ਬੱਚਾ ਹਸਪਤਾਲ ਵਿੱਚ 4 ਬੈੱਡਾਂ ਵਾਲਾ ਹਾਈ ਡਿਪੈਂਡੈਂਸੀ ਯੂਨਿਟ , ਮਿਡਵਾਈਫਰੀ ਲੈਡ ਕੇਅਰ ਯੂਨਿਟ ਅਤੇ 12 ਬੈੱਡਾਂ ਵਾਲਾ ਸਪੈਸ਼ਲ ਨਿਊ ਬੌਰਨ ਕੇਅਰ ਯੂਨਿਟ ਵੀ ਸਥਾਪਿਤ ਕੀਤਾ ਜਾਵੇਗਾ, ਜਿਸ ਨਾਲ ਗੰਭੀਰ ਮਾਮਲਿਆਂ ਵਿੱਚ ਵੀ ਮਾਵਾਂ ਅਤੇ ਬੱਚਿਆਂ ਨੂੰ ਵਿਸ਼ੇਸ਼ ਇਲਾਜ ਮਿਲ ਸਕੇਗਾ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਹਰ ਸੇਵਾ ਲਈ ਵੱਖਰਾ ਵੇਟਿੰਗ ਏਰੀਆ ਅਤੇ ਨਵਜਨਮੇ ਬੱਚਿਆਂ ਲਈ ਵਿਸ਼ੇਸ਼ ਫੀਡਿੰਗ ਯੂਨਿਟ ਵੀ ਬਣਾਇਆ ਜਾਵੇਗਾ, ਤਾਂ ਜੋ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧੀਆ ਸਹੂਲਤਾਂ ਮਿਲ ਸਕਣ। ਇਸ ਮੌਕੇ ਡਿਪਟੀ ਡਾਇਰੈਕਟਰ ਸਿਹਤ ਮੈਡਮ ਮੋਨਿਕਾ, ਯਾਦਵਿੰਦਰ ਸਿੰਘ ਨਿਰਮਾਣ, ਮਨਪ੍ਰੀਤ ਬਾਂਸਲ, ਸਾਹਿਬ ਸਿੰਘ, ਆਸ਼ਾ ਬਜਾਜ, ਮਾਹੀ ਮਹੰਤ, ਸੰਦੀਪ ਸੋਨੀ ਵਿਰਕ ਲਖਮੀਰਵਾਲਾ, ਯਸ਼ਪਾਲ ਮੰਗਲਾ, ਐਮ ਸੀ ਸਨੀ ਖਟਕ ਸਮੇਤ ਹੋਰ ਆਗੂ ਹਾਜ਼ਰ ਸਨ।