ਪਟਿਆਲਾ ਦੇ ਲੀਲਾ ਭਵਨ ਚੌਂਕ 'ਚ ਅੱਧੀ ਰਾਤ ਨੂੰ ਹੰਗਾਮਾ: ਤੇਜ਼ ਰਫ਼ਤਾਰ ਕਾਰ ਸਵਾਰਾਂ ਦਾ ਚਾੜ੍ਹਿਆ ਕੁਟਾਪਾ, ਜਾਣੋ ਕੀ ਸੀ ਪੂਰਾ ਮਾਮਲਾ
ਇਸ ਬਾਰੇ ਮਾਡਲ ਟਾਊਨ ਚੌਕੀ ਦੇ ਇੰਚਾਰਜ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ ਹੈ। ਸਵਿਫਟ ਕਾਰ ਵਿੱਚ ਸਵਾਰ ਨੌਜਵਾਨ ਕਾਲਜ ਦੇ ਵਿਦਿਆਰਥੀ ਸਨ।
Publish Date: Tue, 31 Mar 2026 12:10 PM (IST)
Updated Date: Tue, 31 Mar 2026 12:13 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ। ਸ਼ਹਿਰ ਦੇ ਲੀਲਾ ਭਵਨ ਚੌਂਕ ਵਿਚ ਰਾਤ ਨੂੰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ, ਲੋਕਾਂ ਵਲੋਂ ਤੇਜ ਰਫਤਾਰ ਕਾਰ ਸਵਾਰਾਂ ਦਾ ਕੁਟਾਪਾ ਚਾੜ ਦਿੱਤਾ। ਲੋਕਾਂ ਦਾ ਕਹਿਣਾ ਹੈ ਸਾਈਰਨ ਵਜਾ ਕੇ ਸਾਈਡ ਮੰਗਣ 'ਤੇ ਸਵਿਫਟ ਕਾਰ ਚਾਲਕ ਨੇ ਅਸ਼ਲੀਲ ਇਸ਼ਾਰੇ ਕੀਤੇ ਅਤੇ ਮੰਦੀ ਭਾਸ਼ਾ ਵੀ ਵਰਤੀ। ਸਮਾਣਾ ਰੋਡ 'ਤੇ ਲਗਾਤਾਰ ਗੱਡੀ ਅੱਗੇ-ਪਿੱਛੇ ਕਰਦੇ ਹੋਏ ਸਵਿਫਟ ਕਾਰ ਚਾਲਕ ਗਾਲ੍ਹਾਂ ਕੱਢਦਾ ਰਿਹਾ, ਤਾਂ ਤਕਰੀਬਨ 25 ਕਿਲੋਮੀਟਰ ਪਿੱਛਾ ਕਰਨ ਤੋਂ ਬਾਅਦ ਲੀਲਾ ਭਵਨ ਚੌਕ 'ਤੇ ਗੱਡੀ ਨੂੰ ਘੇਰ ਲਿਆ ਗਿਆ। ਇਸ ਤੋਂ ਬਾਅਦ ਨਿਹੰਗ ਸਿੰਘਾਂ ਅਤੇ ਹੋਰ ਲੋਕਾਂ ਨੇ ਮਿਲ ਕੇ ਸਵਿਫਟ ਕਾਰ ਚਾਲਕ ਦੀ ਜੰਮ ਕੇ ਕੁੱਟਮਾਰ ਕੀਤੀ।
ਕੁੱਟਮਾਰ ਕਰਨ ਵਾਲਿਆਂ ਨੇ ਜਦੋਂ ਸਵਿਫਟ ਕਾਰ ਚਾਲਕ ਨੂੰ ਚੁੱਕ ਕੇ ਡੇਰੇ ਲੈ ਜਾਣ ਲਈ ਆਪਣੀ ਇਨੋਵਾ ਗੱਡੀ ਵਿੱਚ ਬਿਠਾਇਆ, ਤਾਂ ਉਸੇ ਵੇਲੇ ਪੁਲਿਸ ਪਹੁੰਚ ਗਈ। ਇਹ ਘਟਨਾ ਬੀਤੀ ਰਾਤ ਤਕਰੀਬਨ 9 ਵਜੇ ਦੇ ਕਰੀਬ ਵਾਪਰੀ। ਇਨੋਵਾ ਅਤੇ ਸਕਾਰਪੀਓ ਸਵਾਰ ਲੋਕਾਂ ਨੇ ਸਵਿਫਟ ਸਵਾਰ ਨੌਜਵਾਨਾਂ 'ਤੇ ਗਲਤ ਇਸ਼ਾਰੇ ਕਰਨ ਦੇ ਦੋਸ਼ ਲਗਾਏ ਹਨ।
ਇਸ ਬਾਰੇ ਮਾਡਲ ਟਾਊਨ ਚੌਕੀ ਦੇ ਇੰਚਾਰਜ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ ਹੈ। ਸਵਿਫਟ ਕਾਰ ਵਿੱਚ ਸਵਾਰ ਨੌਜਵਾਨ ਕਾਲਜ ਦੇ ਵਿਦਿਆਰਥੀ ਸਨ।