- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਮੀਦਵਾਰਾਂ ਦਾ ਦਾਅਵਾ ਹੈ ਕਿ ਚਾਰ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦੇ ਕੁਝ ਕਮਰਿਆਂ ’ਚੋਂ 10 ਤੋਂ ਵੱਧ ਉਮੀਦਵਾਰਾਂ ਦੀ ਚੋਣ ਹੋਈ ਹੈ। ਸੈਂਟਰ-7 ਦੇ ਕਮਰਾ ਨੰਬਰ-8 ’ਚ ਪ੍ਰੀਖਿਆ ਦੇਣ ਵਾਲੇ 24 ਉਮੀਦਵਾਰਾਂ ’ਚੋਂ 11 (45.8 ਫ਼ੀਸਦ) ਨੂੰ ਅਗਲੇ ਪੜਾਅ ਲਈ ਚੁਣਿਆ ਗਿਆ।

ਸੀਨੀਅਰ ਸਟਾਫ ਰਿਪੋਰਟਰ, ਪਟਿਆਲਾ: ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐੱਸਸੀ) ਵੱਲੋਂ ਬੁੱਧਵਾਰ ਨੂੰ ਐਲਾਨੇ ਗਏ ਪੀਸੀਐੱਸ ਮੇਨਜ਼ ਪ੍ਰੀਖਿਆ 2026 ਦੇ ਨਤੀਜਿਆਂ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਉਮੀਦਵਾਰਾਂ ਨੇ ਇੱਕੋ ਕਮਰੇ ’ਚੋਂ ਵੱਡੀ ਗਿਣਤੀ ’ਚ ਉਮੀਦਵਾਰਾਂ ਦੀ ਚੋਣ ਹੋਣ, ਲਗਾਤਾਰ ਰੋਲ ਨੰਬਰਾਂ ਵਾਲੇ ਉਮੀਦਵਾਰਾਂ ਦੇ ਸਫ਼ਲ ਹੋਣ ਤੇ ਗ਼ੈਰ-ਹਾਜ਼ਰ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਨਤੀਜੇ ’ਚ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ। ਚੋਣ ਪ੍ਰਕਿਰਿਆ ’ਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਉਮੀਦਵਾਰਾਂ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਤੇ ਸੀਬੀਆਈ ਨੂੰ ਮੰਗ ਪੱਤਰ ਭੇਜ ਕੇ ਪੂਰੇ ਮਾਮਲੇ ਦੀ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਕੁਝ ਉਮੀਦਵਾਰਾਂ ਨੇ ਇਨਸਾਫ਼ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਹੈ। ਉੱਧਰ, ਪੀਪੀਐੱਸਸੀ ਨੇ ਪੀਸੀਐੱਸ ਮੇਨਜ਼ 2025 ਦੇ ਨਤੀਜਿਆਂ ਨੂੰ ਲੈ ਕੇ ਉਠਾਏ ਜਾ ਰਹੇ ਸਵਾਲਾਂ ਤੇ ਬੇਨਿਯਮੀਆਂ ਦੇ ਦੋਸ਼ਾਂ ਨੂੰ ਖ਼ਾਰਜ ਕੀਤਾ ਹੈ। ਕਮਿਸ਼ਨ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਪ੍ਰੀਖਿਆ ਨਤੀਜਿਆਂ ਬਾਰੇ ਸਾਹਮਣੇ ਆ ਰਹੇ ਦੋਸ਼ ਅੰਕੜਿਆਂ ਦੀ ਗ਼ਲਤ ਵਿਆਖਿਆ ’ਤੇ ਆਧਾਰਿਤ ਹਨ।
ਉਮੀਦਵਾਰਾਂ ਦਾ ਦਾਅਵਾ ਹੈ ਕਿ ਚਾਰ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦੇ ਕੁਝ ਕਮਰਿਆਂ ’ਚੋਂ 10 ਤੋਂ ਵੱਧ ਉਮੀਦਵਾਰਾਂ ਦੀ ਚੋਣ ਹੋਈ ਹੈ। ਸੈਂਟਰ-7 ਦੇ ਕਮਰਾ ਨੰਬਰ-8 ’ਚ ਪ੍ਰੀਖਿਆ ਦੇਣ ਵਾਲੇ 24 ਉਮੀਦਵਾਰਾਂ ’ਚੋਂ 11 (45.8 ਫ਼ੀਸਦ) ਨੂੰ ਅਗਲੇ ਪੜਾਅ ਲਈ ਚੁਣਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕੋ ਕਮਰੇ ’ਚੋਂ ਇੰਨੀ ਵੱਡੀ ਗਿਣਤੀ ’ਚ ਉਮੀਦਵਾਰਾਂ ਦੀ ਚੋਣ ਨੂੰ ਆਮ ਇਤਫ਼ਾਕ ਨਹੀਂ ਮੰਨਿਆ ਜਾ ਸਕਦਾ। ਉਨ੍ਹਾਂ ਨੇ ਲਗਾਤਾਰ ਕ੍ਰਮ ਵਾਲੇ ਰੋਲ ਨੰਬਰਾਂ ਦੇ ਚੁਣੇ ਜਾਣ ’ਤੇ ਵੀ ਸਵਾਲ ਉਠਾਏ ਹਨ। ਉਮੀਦਵਾਰਾਂ ਦੀ ਦਲੀਲ ਹੈ ਕਿ ਰੋਲ ਨੰਬਰਾਂ ਦੀ ਵੰਡ ਸੀਟਿੰਗ ਪਲਾਨ ਅਨੁਸਾਰ ਹੋਣ ਕਾਰਨ ਇਸ ਤਰ੍ਹਾਂ ਲਗਾਤਾਰ ਰੋਲ ਨੰਬਰਾਂ ਵਾਲੇ ਉਮੀਦਵਾਰਾਂ ਦੀ ਚੋਣ ਜਾਂਚ ਦਾ ਵਿਸ਼ਾ ਹੈ।
ਦੂਜੇ ਪਾਸੇ, ਪੀਪੀਐੱਸਸੀ ਮੁਤਾਬਕ ਪਟਿਆਲਾ ਦੇ 12 ਪ੍ਰੀਖਿਆ ਕੇਂਦਰਾਂ ’ਚ ਉਮੀਦਵਾਰਾਂ ਦੀ ਗਿਣਤੀ 118 ਤੋਂ 553 ਦੇ ਵਿਚਕਾਰ ਸੀ, ਜਿੱਥੇ ਕੁੱਲ 3,959 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ। ਇਨ੍ਹਾਂ ’ਚੋਂ 751 ਉਮੀਦਵਾਰਾਂ ਨੂੰ ਇੰਟਰਵਿਊ ਲਈ ਚੁਣਿਆ ਗਿਆ, ਜੋ ਕੁੱਲ ਮਿਲਾ ਕੇ ਲਗਪਗ 19 ਫ਼ੀਸਦ ਸਫ਼ਲਤਾ ਦਰ ਬਣਦੀ ਹੈ। ਕਮਿਸ਼ਨ ਨੇ ਸਪੱਸ਼ਟ ਕੀਤਾ ਕਿ ਇਕ ਕੇਂਦਰ ’ਚੋਂ 24 ਫ਼ੀਸਦ ਸਫ਼ਲ ਉਮੀਦਵਾਰਾਂ ਦੀ ਚੋਣ ਹੋਣ ਦਾ ਦਾਅਵਾ ਸਹੀ ਨਹੀਂ ਹੈ। ਕਿਸੇ ਇਕ ਕੇਂਦਰ ’ਚੋਂ ਸਭ ਤੋਂ ਵੱਧ 106 ਉਮੀਦਵਾਰ ਇੰਟਰਵਿਊ ਲਈ ਚੁਣੇ ਗਏ, ਜੋ ਕੁੱਲ 751 ਚੁਣੇ ਗਏ ਉਮੀਦਵਾਰਾਂ ਦਾ 14.1 ਫ਼ੀਸਦ ਹਨ। ਇਸ ਕੇਂਦਰ ’ਚ 496 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ, ਜੋ 12 ਕੇਂਦਰਾਂ ’ਚੋਂ ਦੂਜੀ ਸਭ ਤੋਂ ਵੱਡੀ ਗਿਣਤੀ ਸੀ। ਇਸ ਲਈ ਉੱਥੋਂ ਵੱਧ ਉਮੀਦਵਾਰਾਂ ਦੀ ਚੋਣ ਹੋਣਾ ਸੁਭਾਵਿਕ ਹੈ। ਤਿੰਨ ਵੱਖ-ਵੱਖ ਕੇਂਦਰਾਂ ਦੇ ਕੁਝ ਕਮਰਿਆਂ ’ਚੋਂ 11, 10 ਅਤੇ 10 ਉਮੀਦਵਾਰਾਂ ਦੀ ਚੋਣ ਬਾਰੇ ਕਮਿਸ਼ਨ ਦਾ ਕਹਿਣਾ ਹੈ ਕਿ ਸਾਲ 2020 ਦੀ ਪ੍ਰੀਖਿਆ ’ਚ ਵੀ ਕੁਝ ਕਮਰਿਆਂ ’ਚੋਂ ਨੌਂ ਉਮੀਦਵਾਰ ਸਫ਼ਲ ਹੋਏ ਸਨ।