- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲਾਤ ਵਿਗੜਦੇ ਦੇਖ ਥਾਣਾ ਬਨੂੜ, ਥਾਣਾ ਸਦਰ ਰਾਜਪੁਰਾ ਅਤੇ ਥਾਣਾ ਸਿਟੀ ਰਾਜਪੁਰਾ ਦੀਆਂ ਪੁਲਿਸ ਟੀਮਾਂ ਤੁਰੰਤ ਭਾਰੀ ਗਿਣਤੀ ਵਿੱਚ ਮੌਕੇ ’ਤੇ ਪਹੁੰਚੀਆਂ। ਪੁਲਿਸ ਨੇ ਜਦੋਂ ਗੁੱਸੇ ਵਿੱਚ ਆਏ ਵਿਦਿਆਰਥੀਆਂ ਨੂੰ ਰੋਕਣ ਅਤੇ ਸਥਿਤੀ ਨੂੰ ਕਾਬੂ ਹੇਠ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਵਿਦਿਆਰਥੀਆਂ ਦੀ ਪੁਲਿਸ ਫੋਰਸ ਨਾਲ ਝੜਪ ਹੋ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਪੁਲਿਸ ਦੀ ਇੱਕ ਸਰਕਾਰੀ ਗੱਡੀ ਦੀ ਜੰਮ ਕੇ ਭੰਨ-ਤੋੜ ਕੀਤੀ।

ਕਰਮਵੀਰ ਸਿੰਘ, ਪੰਜਾਬੀ ਜਾਗਰਣ, ਘਨੌਰ: ਇੱਥੇ ਬਨੂੜ ਨੇੜੇ ਇੱਕ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਬੀਤੀ 25 ਸਤੰਬਰ ਦੀ ਅੱਧੀ ਰਾਤ ਨੂੰ ਉਸ ਵੇਲੇ ਤਣਾਅਪੂਰਨ ਮਾਹੌਲ ਬਣ ਗਿਆ, ਜਦੋਂ ਕੈਂਪਸ ਵਿੱਚ 'ਭੂਤ' ਹੋਣ ਦੀ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦੇਰ ਰਾਤ ਸੈਂਕੜੇ ਵਿਦਿਆਰਥੀ ਸੜਕਾਂ ’ਤੇ ਉਤਰ ਆਏ ਅਤੇ ਯੂਨੀਵਰਸਿਟੀ ਕੈਂਪਸ ਵਿੱਚ ਭੰਨ-ਤੋੜ ਕਰਦਿਆਂ ਉਗਰ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦਾ ਦਾਅਵਾ ਸੀ ਕਿ ਕੈਂਪਸ ਵਿੱਚ ਪਹਿਲਾਂ ਇੱਕ ਵਿਦਿਆਰਥਣ ਨੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕੀਤੀ ਸੀ, ਜਿਸ ਦੀ ਰੂਹ ਹੋਸਟਲ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਪਰੇਸ਼ਾਨ ਕਰ ਰਹੀ ਹੈ। ਹਾਲਾਂਕਿ, ਮੌਕੇ ’ਤੇ ਪਹੁੰਚੇ ਸੁਰੱਖਿਆ ਕਰਮੀਆਂ ਅਤੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕੈਂਪਸ ਵਿੱਚ ਅਜਿਹੀ ਕੋਈ ਖ਼ੁਦਕੁਸ਼ੀ ਦੀ ਘਟਨਾ ਨਹੀਂ ਵਾਪਰੀ ਹੈ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਕੁਝ ਸ਼ਰਾਰਤੀ ਅਨਸਰ ਜਾਣਬੁਝ ਕੇ ਦੂਜੇ ਕਮਰਿਆਂ ਦੇ ਦਰਵਾਜ਼ੇ ਖੜਕਾ ਕੇ ਭੱਜ ਜਾਂਦੇ ਹਨ। ਇਸ ਦੇ ਬਾਵਜੂਦ ਵਿਦਿਆਰਥੀ ਸ਼ਾਂਤ ਹੋਣ ਲਈ ਤਿਆਰ ਨਹੀਂ ਹੋਏ ਅਤੇ ਯੂਨੀਵਰਸਿਟੀ ਪ੍ਰਬੰਧਕਾਂ ਖ਼ਿਲਾਫ਼ ਲਗਾਤਾਰ ਨਾਅਰੇਬਾਜ਼ੀ ਕਰਦੇ ਰਹੇ।
ਹਾਲਾਤ ਵਿਗੜਦੇ ਦੇਖ ਥਾਣਾ ਬਨੂੜ, ਥਾਣਾ ਸਦਰ ਰਾਜਪੁਰਾ ਅਤੇ ਥਾਣਾ ਸਿਟੀ ਰਾਜਪੁਰਾ ਦੀਆਂ ਪੁਲਿਸ ਟੀਮਾਂ ਤੁਰੰਤ ਭਾਰੀ ਗਿਣਤੀ ਵਿੱਚ ਮੌਕੇ ’ਤੇ ਪਹੁੰਚੀਆਂ। ਪੁਲਿਸ ਨੇ ਜਦੋਂ ਗੁੱਸੇ ਵਿੱਚ ਆਏ ਵਿਦਿਆਰਥੀਆਂ ਨੂੰ ਰੋਕਣ ਅਤੇ ਸਥਿਤੀ ਨੂੰ ਕਾਬੂ ਹੇਠ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਵਿਦਿਆਰਥੀਆਂ ਦੀ ਪੁਲਿਸ ਫੋਰਸ ਨਾਲ ਝੜਪ ਹੋ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਪੁਲਿਸ ਦੀ ਇੱਕ ਸਰਕਾਰੀ ਗੱਡੀ ਦੀ ਜੰਮ ਕੇ ਭੰਨ-ਤੋੜ ਕੀਤੀ।
ਹੰਗਾਮੇ ਦੌਰਾਨ ਵਿਦਿਆਰਥੀਆਂ ਨੇ ਕੇ.ਐੱਸ.ਐੱਮ. ਚੌਕੀ (ਸਿਟੀ ਰਾਜਪੁਰਾ) ਦੇ ਇੰਚਾਰਜ ਅਜੈ ਕੁਮਾਰ ਨਾਲ ਧੱਕਾ-ਮੁੱਕੀ ਵੀ ਕੀਤੀ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਚੌਕੀ ਇੰਚਾਰਜ ਨਸ਼ੇ ਦੀ ਹਾਲਤ ਵਿੱਚ ਡਿਊਟੀ ’ਤੇ ਆਏ ਸਨ। ਇਸ ਤੋਂ ਬਾਅਦ ਯੂਨੀਵਰਸਿਟੀ ਦੀ ਲੈਬ ਵਿੱਚ ਹੀ ਉਨ੍ਹਾਂ ਦਾ ਤੁਰੰਤ ਮੈਡੀਕਲ ਟੈਸਟ ਕਰਵਾਇਆ ਗਿਆ।
ਵਿਦਿਆਰਥੀਆਂ ਨੂੰ ਨਿਰਪੱਖ ਜਾਂਚ ਦਾ ਭਰੋਸਾ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਰਾਤ ਵੇਲੇ ਦਰਵਾਜ਼ੇ ਖੜਕਾਉਣ ਅਤੇ ਅਫ਼ਵਾਹ ਫੈਲਾਉਣ ਦੀ ਪੂਰੀ ਘਟਨਾ ਦੀ ਸੀਸੀਟੀਵੀ ਕੈਮਰਿਆਂ ਰਾਹੀਂ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਸ਼ਰਾਰਤੀ ਅਨਸਰ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖ਼ਤ ਕਾਨੂੰਨੀ ਤੇ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ। ਇਸ ਭਰੋਸੇ ਤੋਂ ਬਾਅਦ ਵਿਦਿਆਰਥੀ ਸ਼ਾਂਤ ਹੋਏ ਅਤੇ ਆਪੋ-ਆਪਣੇ ਹੋਸਟਲਾਂ ਵਿੱਚ ਪਰਤ ਗਏ। ਇਸ ਸਮੇਂ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ।