ਕਈ ਕੌਂਸਲਰਾਂ ਨੇ ਇੰਟਰਨੈੱਟ ਮੀਡੀਆ ’ਤੇ ਜਤਾਈ ਨਰਾਜ਼ਗੀ
ਕਈ ਕੌਂਸਲਰਾਂ ਨੇ ਇੰਟਰਨੈੱਟ ਮੀਡੀਆ ਤੇ ਜਤਾਈ ਨਰਾਜ਼ਗੀ
Publish Date: Thu, 25 Jun 2026 06:16 PM (IST)
Updated Date: Fri, 26 Jun 2026 04:08 AM (IST)

ਸੁਨਾਮ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਮਾਮਲਾ ਧਾਰਮਿਕ ਅਸਥਾਨ ਤੇ ਨਤਮਸਤਕ ਹੋਣ ਸਮੇਂ ਗੈਰ ਹਾਜ਼ਰ ਰਹੇ ਕਈ ਕੌਂਸਲਰ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਮਨਪ੍ਰੀਤ ਬਾਂਸਲ, ਸੀਨੀਅਰ ਮੀਤ ਪ੍ਰਧਾਨ ਯਾਦਵਿੰਦਰ ਸਿੰਘ ਨਿਰਮਾਣ ਅਤੇ ਮੀਤ ਪ੍ਰਧਾਨ ਮੀਨਾ ਰਾਣੀ ਦੇ ਸਰਬਸੰਮਤੀ ਨਾਲ ਚੁਣੇ ਜਾਣ ਤੋਂ ਬਾਅਦ ਸ਼ਹਿਰ ਦੇ ਕਈ ਕੌਂਸਲਰਾਂ ਨੇ ਇੰਟਰਨੈੱਟ ਮੀਡੀਆ ਤੇ ਨਰਾਜ਼ਗੀ ਜ਼ਾਹਿਰ ਕੀਤੀ ਹੈ, ਕਈਆਂ ਨੇ ਆਪਣੇ ਫੇਸਬੁੱਕ ਖ਼ਾਤੇ ਤੇ ਲਿਖਿਆ, ਕੁਝ ਇੱਕ ਨੇ ਸਟੇਟਸ ਲਾਏ ਲੇਕਿਨ ਬਾਅਦ ਵਿੱਚ ਹਟਾ ਦਿੱਤੇ ਗਏ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਮੌਜੂਦਗੀ ਵਿੱਚ ਨਗਰ ਕੌਂਸਲ ਦਫ਼ਤਰ ਵਿੱਚ ਹੋਈ ਅਧਿਕਾਰਤ ਮੀਟਿੰਗ ਵਿੱਚ ਸਮੂਹ ਕੌਂਸਲਰਾਂ ਨੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਤੇ ਸਹਿਮਤੀ ਦਰਜ਼ ਕਰਵਾਈ ਲੇਕਿਨ ਰਾਤ ਹੁੰਦਿਆਂ ਕੁੱਝ ਇੱਕ ਕੌਂਸਲਰਾਂ ਦੀ ਨਰਾਜ਼ਗੀ ਜ਼ਾਹਿਰ ਹੋਣ ਲੱਗੀ । ਦੱਸ ਦੇਈਏ ਬੁੱਧਵਾਰ ਨੂੰ ਸਵੇਰੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਾਲ ਪ੍ਰਧਾਨ ਮਨਪ੍ਰੀਤ ਬਾਂਸਲ ਤੇ ਹੋਰ ਮੈਂਬਰ ਸ਼ਹਿਰ ਅੰਦਰ ਸਥਿਤ ਸਾਂਝੀਵਾਲਤਾ ਅਤੇ ਰੂਹਾਨੀਅਤ ਦੇ ਕੇਂਦਰ ਬਾਬਾ ਭਾਈ ਮੂਲ ਚੰਦ ਸਾਹਿਬ ਨਤਮਸਤਕ ਹੋਣ ਪੁੱਜੇ ਲੇਕਿਨ ਉੱਥੇ ਵੀ ਕਈ ਕੌਂਸਲਰ ਗੈਰ ਹਾਜ਼ਰ ਦਿਖਾਈ ਦਿੱਤੇ। ਉਕਤ ਵਰਤਾਰੇ ਨੂੰ ਲੈਕੇ ਸ਼ਹਿਰ ਅੰਦਰ ਚਰਚਾ ਸ਼ੁਰੂ ਹੋ ਗਈ ਹੈ ਕੀ ਅਜਿਹਾ ਵਰਤਾਰਾ ਹਾਕਮ ਧਿਰ ਲਈ ਭਵਿੱਖ ਵਿੱਚ ਸਿਰਦਰਦੀ ਬਣ ਸਕਦਾ ਹੈ। ਦੱਸ ਦੇਈਏ 23 ਮੈਂਬਰੀ ਸੁਨਾਮ ਨਗਰ ਕੌਂਸਲ ਦੀ ਚੋਣ ਵਿੱਚ ਬਹੁ ਗਿਣਤੀ ਕੌਂਸਲਰ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ। ਇੰਟਰਨੈੱਟ ਮੀਡੀਆ ਤੇ ਨਰਾਜ਼ਗੀ ਜ਼ਾਹਿਰ ਕਰਨ ਵਾਲੇ ਕੌਂਸਲਰ ਆਪਣੇ ਆਪ ਨੂੰ ਪਾਰਟੀ ਦੇ ਵਫਾਦਾਰ ਅਤੇ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਲੇ ਦੱਸ ਰਹੇ ਹਨ। ਕੌਂਸਲਰਾਂ ਦੀ ਇਹ ਭੜਾਸ ਦਰਸਾਉਂਦੀ ਹੈ ਕਿ ਸਥਾਨਕ ਪੱਧਰ ਤੇ ਆਮ ਸਹਿਮਤੀ ਬਣਾਉਣ ਦੀ ਬਜਾਏ ਫ਼ੈਸਲਾ ਹਾਈਕਮਾਨ ਜਾਂ ਵੱਡੇ ਆਗੂਆਂ ਦਾ ਹੈ। ਜ਼ਿਕਰਯੋਗ ਹੈ ਕਿ ਨਗਰ ਕੌਂਸਲ ਦੇ ਪ੍ਰਧਾਨ ਬਣੇ ਮਨਪ੍ਰੀਤ ਬਾਂਸਲ ਕਈ ਸਾਲ ਪਹਿਲਾਂ ਕਾਂਗਰਸ ਛੱਡਕੇ ਅਮਨ ਅਰੋੜਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ ਜਦਕਿ ਸੀਨੀਅਰ ਮੀਤ ਪ੍ਰਧਾਨ ਬਣੇ ਯਾਦਵਿੰਦਰ ਸਿੰਘ ਨਿਰਮਾਣ ਛੇ ਕੁ ਮਹੀਨੇ ਪਹਿਲਾਂ ਅਕਾਲੀ ਦਲ ਪੁਨਰ ਸੁਰਜੀਤ ਨੂੰ ਅਲਵਿਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਕੌਂਸਲਰਾਂ ਦੀ ਨਰਾਜ਼ਗੀ ਭਵਿੱਖ ਵਿੱਚ ਕੀ ਰੁਖ਼ ਅਖ਼ਤਿਆਰ ਕਰੇਗੀ ਇਹ ਸਮਾਂ ਹੀ ਦੱਸੇਗਾ ?