ਮਾਲੇਰਕੋਟਲਾ ਰਿਆਸਤ ਦੇ ਨਵਾਬਾਂ ਦਾ ਸ਼ਾਹੀ ਨਿਵਾਸ ਢਹਿਣ ਕਿਨਾਰੇ ਮਾਲੇਰਕੋਟਲਾ ਦੀ ਇਤਿਹਾਸਕ 'ਮੁਬਾਰਕ ਮੰਜਿਲ' ਸਰਕਾਰੀ ਅਣਦੇਖੀ ਦੀ ਸ਼ਿਕਾਰ
Publish Date: Thu, 09 Jul 2026 05:22 PM (IST)
Updated Date: Fri, 10 Jul 2026 04:03 AM (IST)
ਮਾਲੇਰਕੋਟਲਾ ਦੀ ਇਤਿਹਾਸਕ ਮੁਬਾਰਕ ਮੰਜ਼ਿਲ ਸਰਕਾਰੀ ਅਣਦੇਖੀ ਦੀ ਹੋ ਰਹੀ ਸ਼ਿਕਾਰ ਸੱਤਪਾਲ ਕਾਲਾਬੂਲਾ/ਰਹਿਮਾਨ, ਪੰਜਾਬੀ ਜਾਗਰਣ, ਮਾਲੇਰਕੋਟਲਾ : ਕਿਸੇ ਸਮੇਂ ਮਾਲੇਰਕੋਟਲਾ ਦੀ ਮੁਬਾਰਕ ਮੰਜ਼ਿਲ ਨਵਾਬੀ ਸ਼ਾਨ, ਰਾਜਸੀ ਠਾਠ-ਬਾਠ ਤੇ ਸ਼ਾਹੀ ਵਿਰਾਸਤ ਦੀ ਪਹਿਚਾਣ ਮੰਨੀ ਜਾਂਦੀ ਸੀ। ਪ੍ਰੰਤੂ ਅੱਜ ਉਹੀ 150 ਸਾਲ ਪੁਰਾਣਾ ਇਤਿਹਾਸਕ ਮਹਿਲ ਟੁੱਟਦੀਆਂ ਕੰਧਾਂ, ਢਹਿੰਦੀਆਂ ਛੱਤਾਂ ਤੇ ਘਾਹ ਫੂਸ ਨਾਲ ਢੱਕੀਆਂ ਇਮਾਰਤਾਂ ਵਿਚਕਾਰ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਿਹਾ ਹੈ। ਸਰਕਾਰਾਂ ਬਦਲਦੀਆਂ ਰਹੀਆਂ ਪਰ ਪੰਜਾਬ ਦੀ ਇਸ ਅਨਮੋਲ ਵਿਰਾਸਤ ਦੀ ਸੰਭਾਲ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਗੁਰੂ ਗੋਬਿੰਦ ਸਿੰਘ ਨੇ ਮਾਲੇਰਕੋਟਲਾ ਨੂੰ ਅਮਨ ਤੇ ਖੁਸ਼ਹਾਲੀ ਦਾ ਦਿੱਤਾ ਸੀ ਅਸ਼ੀਰਵਾਦ ਮਾਲੇਰਕੋਟਲਾ ਦਾ ਇਤਿਹਾਸ ਸਿਰਫ਼ ਇੱਕ ਰਿਆਸਤ ਦਾ ਇਤਿਹਾਸ ਨਹੀਂ, ਸਗੋਂ ਧਾਰਮਿਕ ਸਦਭਾਵਨਾ ਦੀ ਮਿਸਾਲ ਵੀ ਹੈ। ਰਿਆਸਤ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ 1705 ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਮੇਂ ਸਰਹਿੰਦ ਦੇ ਦਰਬਾਰ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਕੰਧ ਵਿੱਚ ਚਿਣਵਾਉਣ ਦਾ ਵਿਰੋਧ ਕੀਤਾ ਸੀ। ਇਸੇ ਕਾਰਨ ਗੁਰੂ ਗੋਬਿੰਦ ਸਿੰਘ ਨੇ ਮਾਲੇਰਕੋਟਲਾ ਨੂੰ ਅਮਨ ਤੇ ਖੁਸ਼ਹਾਲੀ ਦਾ ਅਸ਼ੀਰਵਾਦ ਦਿੱਤਾ, ਜਿਸ ਕਰਕੇ 1947 ਦੀ ਵੰਡ ਦੌਰਾਨ ਵੀ ਮਾਲੇਰਕੋਟਲਾ ਸ਼ਾਂਤ ਰਿਹਾ। ਇਤਿਹਾਸਕ ਦਸਤਾਵੇਜ਼ਾਂ ਅਨੁਸਾਰ ਮੁਬਾਰਕ ਮੰਜ਼ਿਲ ਦਾ ਨਿਰਮਾਣ ਨਵਾਬ ਅਹਿਮਦ ਅਲੀ ਖਾਨ ਦੇ ਰਾਜਕਾਲ ਦੌਰਾਨ 19ਵੀਂ ਸਦੀ ’ਚ ਯੂਰਪੀਅਨ ਸ਼ੈਲੀ ’ਚ ਕਰਵਾਇਆ ਗਿਆ ਸੀ। ਇਹ ਮਹਿਲ ਬਾਅਦ ’ਚ ਆਖ਼ਰੀ ਨਵਾਬ ਇਫ਼ਤਿਖਾਰ ਅਲੀ ਖਾਨ ਤੇ ਉਨ੍ਹਾਂ ਦੀ ਬੇਗਮ ਮੁਨੱਵਰ-ਉਨ- ਨਿਸ਼ਾ ਦਾ ਸ਼ਾਹੀ ਨਿਵਾਸ ਰਿਹਾ। ਇਸ ਲਈ ਇਹ ਕਹਿਣਾ ਸਹੀ ਨਹੀਂ ਕਿ ਮਹਿਲ ਨਵਾਬ ਇਫ਼ਤਿਖਾਰ ਅਲੀ ਖਾਨ ਨੇ ਬਣਵਾਇਆ ਸੀ; ਉਹ ਇਸ ਦੇ ਆਖ਼ਰੀ ਸ਼ਾਹੀ ਵਾਰਿਸ ਸਨ। ਕਦੇ ਮਾਲੇਰਕੋਟਲਾ ਦੀ ਸ਼ਾਨ ਮੰਨਿਆ ਜਾਂਦਾ ਸੀ ਇਹ ਮਹਿਲ ਯੂਰਪੀਅਨ ਵਾਸਤੂਕਲਾ, ਵਿਸ਼ਾਲ ਦਰਬਾਰ ਹਾਲ, ਸੁੰਦਰ ਮੇਹਰਾਬਾਂ, ਸ਼ਾਨਦਾਰ ਬਾਲਕਨੀਆਂ ਤੇ ਫੁਹਾਰਿਆਂ ਨਾਲ ਸਜਿਆ ਇਹ ਮਹਿਲ ਕਦੇ ਮਾਲੇਰਕੋਟਲਾ ਦੀ ਸ਼ਾਨ ਮੰਨਿਆ ਜਾਂਦਾ ਸੀ। ਅੱਜ ਇਸ ਦਾ ਵੱਡਾ ਹਿੱਸਾ ਖਸਤਾਹਾਲ ਹੋ ਚੁੱਕਾ ਹੈ। ਫਿਰ ਵੀ ਇਸ ਦੀ ਇਤਿਹਾਸਕ ਖੂਬਸੂਰਤੀ ਕਾਰਨ ਪੰਜਾਬੀ, ਹਿੰਦੀ ਅਤੇ ਵੈੱਬ ਸੀਰੀਜ਼ ਦੀਆਂ ਕਈ ਸ਼ੂਟਿੰਗਾਂ ਲਈ ਇਸ ਦੀ ਵਰਤੋਂ ਹੁੰਦੀ ਰਹੀ ਹੈ। ਪੰਜਾਬ ਦੇ ਪੁਰਾਤਤਵ ਵਿਭਾਗ ਨੇ ਆਪਣੇ ਕਬਜ਼ੇ ’ਚ 2023 ’ਚ ਲਿਆ ਸੀ ਮਹਿਲ 2023 ਵਿੱਚ ਆਖ਼ਰੀ ਬੇਗਮ ਮੁਨੱਵਰ-ਉਨ-ਨਿਸਾ ਦੇ ਦੇਹਾਂਤ ਤੋਂ ਬਾਅਦ ਮਹਿਲ ਪੰਜਾਬ ਦੇ ਪੁਰਾਤਤਵ ਵਿਭਾਗ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਹਾਲੇ ਤੱਕ ਪੁਰਾਣੀ ਖਰਾਬ ਜਾਂ ਢਹਿ ਰਹੀ ਇਮਾਰਤ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ, ਜਿਸ ਕਾਰਨ ਸਥਾਨਕ ਲੋਕਾਂ ਵਿੱਚ ਨਿਰਾਸ਼ਾ ਹੈ। ਇਤਿਹਾਸਕ ਧਰੋਹਰ ਨੂੰ ਹੋਰ ਢਹਿਣ ਤੋਂ ਪਹਿਲਾਂ ਸੁਰੱਖਿਅਤ ਕੀਤਾ ਜਾਵੇ, ਮੰਗ ਇਤਿਹਾਸ ਪ੍ਰੇਮੀਆਂ ਦਾ ਕਹਿਣਾ ਹੈ ਕਿ ਜੇਕਰ ਮੁਬਾਰਕ ਮੰਜ਼ਿਲ ਨੂੰ ਵਿਗਿਆਨਕ ਢੰਗ ਨਾਲ ਸੰਭਾਲ ਕੇ ਹੈਰੀਟੇਜ ਮਿਊਜ਼ੀਅਮ, ਸੱਭਿਆਚਾਰਕ ਕੇਂਦਰ ਜਾਂ ਸੈਲਾਨੀ ਸਥਾਨ ਵਜੋਂ ਵਿਕਸਤ ਕੀਤਾ ਜਾਵੇ ਤਾਂ ਮਾਲੇਰਕੋਟਲਾ ਦਾ ਨਾਮ ਦੇਸ਼-ਵਿਦੇਸ਼ ਦੇ ਸੈਰ-ਸਪਾਟਾ ਨਕਸ਼ੇ ’ਤੇ ਹੋਰ ਉਭਰ ਸਕਦਾ ਹੈ। ਇਸ ਨਾਲ ਸਥਾਨਕ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ। ਸ਼ਹਿਰ ਦੇ ਬੁੱਧੀਜੀਵੀਆਂ ਤੇ ਵਿਰਾਸਤ ਪ੍ਰੇਮੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਇਤਿਹਾਸਕ ਧਰੋਹਰ ਨੂੰ ਹੋਰ ਢਹਿਣ ਤੋਂ ਪਹਿਲਾਂ ਸੁਰੱਖਿਅਤ ਕੀਤਾ ਜਾਵੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਮਾਲੇਰਕੋਟਲਾ ਦੇ ਸ਼ਾਨਦਾਰ ਇਤਿਹਾਸ ਅਤੇ ਨਵਾਬੀ ਵਿਰਾਸਤ ਨੂੰ ਦੇਖ ਸਕਣ।