ਮਾਲੇਰਕੋਟਲਾ ਸਬਜ਼ੀਆਂ ਦਾ ਵੱਡਾ ਵਪਾਰ ਕੇਂਦਰ ਬਣਿਆ
ਮਾਲੇਰਕੋਟਲਾ ਸਬਜ਼ੀਆਂ ਦਾ ਵੱਡਾ ਵਪਾਰ ਕੇਂਦਰ ਬਣਿਆ
Publish Date: Fri, 19 Jun 2026 04:47 PM (IST)
Updated Date: Sat, 20 Jun 2026 04:03 AM (IST)

•ਸੂਬੇ ਤੋਂ ਇਲਾਵਾ ਬਾਹਰਲੀਆਂ ਸਟੇਟਾਂ ’ਚ ਵੀ ਹੁੰਦੀ ਹੈ ਸਬਜ਼ੀ ਦੀ ਸਪਲਾਈ •ਸਬਜ਼ੀ ਮੰਡੀ ਲੋਕਾਂ ਦੇ ਰੁਜ਼ਗਾਰ ਦਾ ਸਰੋਤ ਬਣੀ, ਸਬਜ਼ੀ ਦੇ ਉਤਪਾਦ ਦਾ ਵੀ ਕੇਂਦਰ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਸਥਾਨਕ ਸਬਜ਼ੀ ਮੰਡੀ ਪੰਜਾਬ ਦੀਆਂ ਪੁਰਾਣੀਆਂ ਤੇ ਮਹੱਤਵਪੂਰਨ ਸਬਜ਼ੀ ਮੰਡੀਆਂ ਵਿੱਚੋਂ ਇੱਕ ਹੈ। ਜੋ ਕਈ ਦਹਾਕਿਆਂ ਤੋਂ ਖੇਤੀ ਤੇ ਸਬਜ਼ੀ ਵਪਾਰ ਦਾ ਕੇਂਦਰ ਰਹੀ ਹੈ। ਮਾਲੇਰਕੋਟਲਾ ਖੇਤਰ ਲੰਮੇ ਸਮੇਂ ਤੋਂ ਸਬਜ਼ੀ ਉਤਪਾਦਨ ਲਈ ਜਾਣਿਆ ਜਾਂਦਾ ਹੈ। ਜਿੱਥੇ ਸਥਾਨਕ ਤੇ ਆਲੇ-ਦੁਆਲੇ ਦੇ ਕਾਸ਼ਤਕਾਰ ਕਿਸਾਨ ਸਬਜ਼ੀਆਂ ਨੂੰ ਉਗਾਉਣ ਤੋਂ ਬਾਅਦ ਮੰਡੀ ਵਿੱਚ ਲਿਆ ਕੇ ਬੋਲੀ ਦੇ ਰੂਪ ਵਿੱਚ ਵੇਚਦੇ ਹਨ। ਮਾਲੇਰਕੋਟਲਾ ਦੀ ਇਹ ਮੰਡੀ ਆਲੇ-ਦੁਆਲੇ ਦੇ ਅਨੇਕ ਲੋਕਾਂ ਦੇ ਰੁਜ਼ਗਾਰ ਦਾ ਮੁੱਖ ਸਾਧਨ ਵੀ ਹੈ। ਮਾਲੇਰਕੋਟਲਾ ਨੂੰ ਇਸ ਖੇਤਰ ਦਾ ਵੱਡਾ ਸਬਜ਼ੀ ਸਪਲਾਈ ਕੇਂਦਰ ਵੀ ਕਿਹਾ ਜਾਂਦਾ ਹੈ। ਮੰਡੀ ਨਾਲ ਸਬੰਧਿਤ ਸ਼ਹਿਰ ਦਾ ਇਤਿਹਾਸ : ਮਾਲੇਰਕੋਟਲਾ ਦਾ ਇਤਿਹਾਸ 15ਵੀਂ ਸਦੀ ਨਾਲ ਜੁੜਦਾ ਹੈ ਤੇ ਇਹ ਪਹਿਲਾਂ ਇੱਕ ਰਿਆਸਤ ਸੀ। ਖੇਤੀਬਾੜੀ ਤੇ ਵਪਾਰ ਇੱਥੇ ਦੀ ਆਰਥਿਕਤਾ ਦਾ ਵੱਡਾ ਹਿੱਸਾ ਰਹੇ ਹਨ, ਜਿਸ ਕਾਰਨ ਸਬਜ਼ੀ ਮੰਡੀ ਵੀ ਹੌਲੀ-ਹੌਲੀ ਵੱਡਾ ਕੇਂਦਰ ਬਣੀ। ਸਬਜ਼ੀ ਕਿੱਥੋਂ ਆਉਂਦੀ ਹੈ? ਮੰਡੀ ਵਿੱਚ ਆਮ ਤੌਰ ’ਤੇ ਸਬਜ਼ੀ ਮਾਲੇਰਕੋਟਲਾ, ਅਹਿਮਦਗੜ੍ਹ, ਅਮਰਗੜ੍ਹ ਬਲਾਕ ਤੋਂ ਇਲਾਵਾ ਨੇੜਲੇ ਜ਼ਿਲ੍ਹੇ ਲੁਧਿਆਣਾ, ਸੰਗਰੂਰ, ਬਰਨਾਲਾ ਦੇ ਕਿਸਾਨ ਆਪਣਾ ਮਾਲ ਵੀ ਮੰਡੀ ’ਚ ਲਿਆ ਕੇ ਵੇਚਦੇ ਹਨ। ਮਾਲੇਰਕੋਟਲਾ ਤੋਂ ਸਬਜ਼ੀ ਦੀ ਸਪਲਾਈ ਕਿੱਥੋਂ ਤੇ ਕਿੱਥੇ ਤੱਕ: ਮਾਲੇਰਕੋਟਲਾ ਸਬਜ਼ੀ ਸਪਲਾਈ ਲਈ ਮਸ਼ਹੂਰ ਹੈ ਤੇ ਇੱਥੋਂ ਸਬਜ਼ੀ ਆਮ ਤੌਰ ’ਤੇ ਲੁਧਿਆਣਾ ਸੰਗਰੂਰ ਪਟਿਆਲਾ, ਬਰਨਾਲਾ, ਖੰਨਾ ਹੋਰ ਪੰਜਾਬ ਦੀਆਂ ਰਿਟੇਲ ਮੰਡੀਆਂ ਤੇ ਸਥਾਨਕ ਬਾਜ਼ਾਰਾਂ ਤੱਕ ਜਾਣ ਤੋਂ ਇਲਾਵਾ ਪੰਜਾਬ ਦੇ ਹੋਰ ਸ਼ਹਿਰ: ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ, ਪਠਾਨਕੋਟ ਤੋਂ ਇਲਾਵਾ ਜੰਮੂ–ਕਸ਼ਮੀਰ, ਜੰਮੂ, ਸ਼੍ਰੀਨਗਰ, ਊਧਮਪੁਰ, ਹਰਿਆਣਾ ਰਾਜਸਥਾਨ, ਦਿੱਲੀ, ਚੰਡੀਗੜ੍ਹ ਰੋਜ਼ਾਨਾ ਸਬਜ਼ੀਆਂ ਟਰੱਕਾਂ ਰਾਹੀਂ ਮੰਡੀਆਂ ਤੇ ਹੋਲਸੇਲ ਵਪਾਰੀਆਂ ਤੱਕ ਭੇਜੀਆਂ ਜਾਂਦੀਆਂ ਹਨ। ਇੱਕ ਰਿਪੋਰਟ ਮੁਤਾਬਕ ਆਮ ਦਿਨਾਂ ਵਿੱਚ ਮਾਲੇਰਕੋਟਲਾ ਤੋਂ ਸਬਜ਼ੀਆਂ ਨਾਲ ਭਰੇ 100 ਵਾਹਨ ਬਾਹਰਲੇ ਇਲਾਕਿਆਂ ਵੱਲ ਜਾਂਦੇ ਸਨ। ਕਿਸਨੂੰ ਫਾਇਦਾ ਹੁੰਦਾ ਹੈ : ਕਿਸਾਨਾਂ ਦੀ ਫਸਲ ਵਿਕਦੀ ਹੈ, ਆੜ੍ਹਤੀਆਂ ਤੇ ਵਪਾਰੀਆਂ ਨੂੰ ਖਰੀਦ-ਫਰੋਖਤ ਤੋਂ ਕਮਾਈ, ਮਜ਼ਦੂਰਾਂ ਨੂੰ ਛਾਂਟ, ਲੋਡਿੰਗ, ਅਨਲੋਡਿੰਗ ਦਾ ਕੰਮ, ਟਰਾਂਸਪੋਰਟ ਤੇ ਲੋਕਾਂ ਨੂੰ ਢੋਆ-ਢੁਆਈ ਦਾ ਕੰਮ ਮਿਲਦਾ। ਇੱਥੇ ਬੱਸ ਨਹੀਂ ਨੇੜਲੇ ਪਿੰਡਾਂ ਦੇ ਲੋਕ ਅਕਸਰ ਹੀ ਸਬਜ਼ੀ ਮੰਡੀ ਵਿੱਚੋਂ ਆਮ ਲੋਕ ਸਬਜ਼ੀ ਦੀ ਖਰੀਦੋ-ਫਰੋਤ ਵੀ ਕਰਦੇ ਹਨ।