ਨੌਜਵਾਨਾਂ ਨੂੰ ਅਗਵਾ ਕਰ ਕੇ ਪਹਿਲਾਂ ਕੁੱਟਿਆ ਤੇ ਫਿਰ ਨੰਗੇ ਕਰ ਕੇ ਬਣਾਈ ਵੀਡਿਓ, ਪੰਜਾਬੀ ਯੂਨੀਵਰਸਿਟੀ ਨੇੜੇ ਢਾਬੇ ’ਤੇ ਵੱਡੀ ਵਾਰਦਾਤ ਹਰਦੀਪ ਸਿੰਘ ਨੇ ਦੋਸ਼ ਲਾਇਆ ਕਿ ਫ਼ਾਰਮ ਹਾਊਸ ਵਿੱਚ ਸੁਖਵਿੰਦਰ ਸਿੰਘ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਦੇ ਦੋਸਤ ਜਸਪ੍ਰੀਤ ਸਿੰਘ ਦੇ ਸਿਰ ’ਤੇ ਤਲਵਾਰ ਨਾਲ ਵਾਰ ਕੀਤਾ, ਜਿਸ ਕਾਰਨ ਉਸ ਦੇ ਸਿਰ ਵਿੱਚੋਂ ਕਾਫ਼ੀ ਖ਼ੂਨ ਵਹਿਣ ਲੱਗਾ। ਇਸ ਤੋਂ ਬਾਅਦ ਮੁਲਜ਼ਮ ਨੇ ਇੱਕ ਡਾਕਟਰ ਅਤੇ ਦੋ ਹੋਰ ਵਿਅਕਤੀਆਂ ਨੂੰ ਬੁਲਾਇਆ। ਜਿਆਦਾ ਜਖਮੀ ਹੋਣ ’ਤੇ ਮੁਲਜਜਮਾਂ ਨੇ ਇਕ ਡਾਕਟਰ ਨੂੰ ਵੀ ਮੌਕੇ ‘ਤੇ ਬੁਲਾ ਕੇ ਸਿਰ ’ਤੇ ਟਾਂਕੇ ਵੀ ਲਗਵਾਏ।
Publish Date: Sun, 18 Oct 2026 08:54 AM (IST)
Updated Date: Sun, 18 Oct 2026 08:58 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਨੇੜੇ ਸਥਿਤ ਜਿਮੀਂਦਾਰਾ ਢਾਬੇ ’ਤੇ ਰੋਟੀ ਦੇਣ ਵਿਚ ਦੇਰੀ ਨੂੰ ਲੈ ਕੇ ਹੋਇਆ ਝਗੜਾ ਅਗਵਾ, ਕੁੱਟਮਾਰ ਤੇ ਲੁੱਟ-ਖੋਹ ਤੱਕ ਪਹੁੰਚ ਗਿਆ। ਦੋਸ਼ ਹੈ ਕਿ ਢਾਬਾ ਮਾਲਕ ਨੇ ਆਪਣੇ ਪੁੱਤਰ, ਭਤੀਜੇ ਤੇ 8-10 ਹੋਰ ਵਿਅਕਤੀਆਂ ਨਾਲ ਮਿਲ ਕੇ ਚਾਰ ਦੋਸਤਾਂ ਨੂੰ ਪਹਿਲਾਂ ਢਾਬੇ ਦੇ ਪਿੱਛੇ ਬਣੇ ਕਮਰੇ ਵਿਚ ਬੰਧਕ ਬਣਾ ਕੇ ਕੁੱਟਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਗੱਡੀ ਵਿਚ ਪਾ ਕੇ ਸੰਗਰੂਰ ਰੋਡ ਸਥਿਤ ਇਕ ਫ਼ਾਰਮ ਹਾਊਸ ਵਿਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਫੇਰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਮੁਲਜ਼ਮਾਂ ਨੇ ਚਾਰਾਂ ਨੂੰ ਨੰਗੇ ਕਰਕੇ ਵੀਡੀਓ ਵੀ ਬਣਾਈ। ਇਸ ਦੌਰਾਨ ਇਕ ਨੌਜਵਾਨ ਦੇ ਸਿਰ ’ਤੇ ਤਲਵਾਰ ਨਾਲ ਵਾਰ ਕੀਤਾ ਗਿਆ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਮੁਲਜ਼ਮਾਂ ’ਤੇ ਨਕਦੀ, ਮੋਬਾਈਲ ਫ਼ੋਨ ਤੇ ਸੋਨੇ ਦੀ ਵਾਲੀ ਖੋਹਣ ਸਮੇਤ ਪੁਲਿਸ ਨੂੰ ਸ਼ਿਕਾਇਤ ਦੇਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਵੀ ਦੋਸ਼ ਹਨ। ਥਾਣਾ ਅਰਬਨ ਅਸਟੇਟ ਪੁਲਿਸ ਨੇ ਸ਼ਿਕਾਇਤਕਰਤਾ ਹਰਦੀਪ ਸਿੰਘ ਵਾਸੀ ਪਿੰਡ ਗੋਬਿੰਦਪੁਰਾ ਪਾਪੜਾ ਜ਼ਿਲ੍ਹਾ ਸੰਗਰੂਰ ਦੇ ਬਿਆਨਾਂ ’ਤੇ ਢਾਬਾ ਮਾਲਕ ਸੁਖਵਿੰਦਰ ਸਿੰਘ, ਉਸ ਦੇ ਪੁੱਤਰ ਹੈਰੀ ਸਿੰਘ, ਭਤੀਜੇ ਦਿਲਪ੍ਰੀਤ ਸਿੰਘ ਵਾਸੀ ਪਿੰਡ ਫ਼ਤਿਹਮਾਜਰੀ, ਤਹਿਸੀਲ ਸਮਾਣਾ, ਜ਼ਿਲ੍ਹਾ ਪਟਿਆਲਾ ਅਤੇ 8-10 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਰੋਟੀ ਵਿਚ ਦੇਰੀ ’ਤੇ ਸ਼ੁਰੂ ਹੋਇਆ ਝਗੜਾ ਸ਼ਿਕਾਇਤਕਰਤਾ ਮੁਤਾਬਕ, ਉਹ ਫ਼ੇਜ਼-2 ਅਰਬਨ ਅਸਟੇਟ, ਪਟਿਆਲਾ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ। 15 ਅਕਤੂਬਰ ਦੀ ਰਾਤ ਕਰੀਬ 9:30 ਵਜੇ ਉਸ ਦੇ ਦੋਸਤ ਰਾਏਪ੍ਰੀਤ ਸਿੰਘ ਵਾਸੀ ਜ਼ਿਲ੍ਹਾ ਫ਼ਤਿਹਾਬਾਦ ਹਰਿਆਣਾ, ਫ਼ਿਰੋਜ਼ ਖ਼ਾਨ ਵਾਸੀ ਪਿੰਡ ਜਖੇਪਲ ਜ਼ਿਲ੍ਹਾ ਸੰਗਰੂਰ ਅਤੇ ਜਸਪ੍ਰੀਤ ਸਿੰਘ ਵਾਸੀ ਪਿੰਡ ਡੂਡੀਆਂ (ਥਾਣਾ ਮੂਨਕ) ਉਸ ਦੇ ਨਾਲ ਸਨ। ਉਹ ਤਿੰਨਾਂ ਦੋਸਤਾਂ ਨੂੰ ਖਾਣਾ ਖੁਆਉਣ ਲਈ ਪੰਜਾਬੀ ਯੂਨੀਵਰਸਿਟੀ ਨੇੜੇ ਸਥਿਤ ਜ਼ਿਮੀਂਦਾਰਾ ਢਾਬੇ ’ਤੇ ਲੈ ਗਿਆ ਸੀ। ਉੱਥੇ ਖਾਣਾ ਆਰਡਰ ਕਰਨ ਦੇ ਕਾਫ਼ੀ ਦੇਰ ਬਾਅਦ ਵੀ ਜਦੋਂ ਖਾਣਾ ਨਾ ਆਇਆ ਤਾਂ ਉਨ੍ਹਾਂ ਨੇ ਵੇਟਰ ਤੋਂ ਦੁਬਾਰਾ ਪੁੱਛਿਆ। ਦੋਸ਼ ਹੈ ਕਿ ਇਸ ਗੱਲ ’ਤੇ ਵੇਟਰ ਬਹਿਸ ਕਰਨ ਲੱਗ ਪਿਆ ਅਤੇ ਕੁਝ ਹੀ ਦੇਰ ਵਿੱਚ ਢਾਬਾ ਮਾਲਕ ਸੁਖਵਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਉੱਥੇ ਪਹੁੰਚ ਗਿਆ।
ਪਹਿਲਾਂ ਸਿਰ ਪਾੜਿਆ, ਫੇਰ ਟਾਂਕੇ ਵੀ ਲਗਵਾਏ ਸ਼ਿਕਾਇਤ ਅਨੁਸਾਰ, ਮੁਲਜ਼ਮਾਂ ਨੇ ਤਿੰਨਾਂ ਦੋਸਤਾਂ ਨੂੰ ਢਾਬੇ ਦੇ ਪਿੱਛੇ ਬਣੇ ਕਮਰੇ ਵਿਚ ਬੰਦ ਕਰਕੇ ਡੰਡਿਆਂ ਤੇ ਲੋਹੇ ਦੀਆਂ ਰਾਡਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਦੋਸ਼ ਹੈ ਕਿ ਇਸ ਦੌਰਾਨ ਉਨ੍ਹਾਂ ਨੂੰ ਪੂਰੀ ਤਰ੍ਹਾਂ ਨੰਗੇ ਕਰਕੇ ਵੀਡੀਓ ਬਣਾਈ ਗਈ। ਇਸ ਤੋਂ ਬਾਅਦ ਉਨ੍ਹਾਂ ਦੀਆਂ ਲੱਤਾਂ ਬੰਨ੍ਹ ਕੇ ਗੱਡੀ ਵਿੱਚ ਸੁੱਟ ਲਿਆ ਗਿਆ ਅਤੇ ਸੰਗਰੂਰ ਰੋਡ ਸਥਿਤ ਇੱਕ ਫ਼ਾਰਮ ਹਾਊਸ ਵਿੱਚ ਲਿਜਾ ਕੇ ਚਮੜੇ ਦੀਆਂ ਬੈਲਟਾਂ ਨਾਲ ਕੁੱਟਮਾਰ ਕੀਤੀ ਗਈ। ਹਰਦੀਪ ਸਿੰਘ ਨੇ ਦੋਸ਼ ਲਾਇਆ ਕਿ ਫ਼ਾਰਮ ਹਾਊਸ ਵਿੱਚ ਸੁਖਵਿੰਦਰ ਸਿੰਘ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਦੇ ਦੋਸਤ ਜਸਪ੍ਰੀਤ ਸਿੰਘ ਦੇ ਸਿਰ ’ਤੇ ਤਲਵਾਰ ਨਾਲ ਵਾਰ ਕੀਤਾ, ਜਿਸ ਕਾਰਨ ਉਸ ਦੇ ਸਿਰ ਵਿੱਚੋਂ ਕਾਫ਼ੀ ਖ਼ੂਨ ਵਹਿਣ ਲੱਗਾ। ਇਸ ਤੋਂ ਬਾਅਦ ਮੁਲਜ਼ਮ ਨੇ ਇੱਕ ਡਾਕਟਰ ਅਤੇ ਦੋ ਹੋਰ ਵਿਅਕਤੀਆਂ ਨੂੰ ਬੁਲਾਇਆ। ਜਿਆਦਾ ਜਖਮੀ ਹੋਣ ’ਤੇ ਮੁਲਜਜਮਾਂ ਨੇ ਇਕ ਡਾਕਟਰ ਨੂੰ ਵੀ ਮੌਕੇ ‘ਤੇ ਬੁਲਾ ਕੇ ਸਿਰ ’ਤੇ ਟਾਂਕੇ ਵੀ ਲਗਵਾਏ।
-ਆਈਫ਼ੋਨ, ਨਕਦੀ ਤੇ ਸੋਨੇ ਦੀ ਵਾਲੀ ਖੋਹਣ ਦੇ ਦੋਸ਼ ਸ਼ਿਕਾਇਤਕਰਤਾ ਮੁਤਾਬਕ, ਮੁਲਜ਼ਮਾਂ ਨੇ ਉਸ ਦੇ ਦੋਸਤ ਫ਼ਿਰੋਜ਼ ਖ਼ਾਨ ਦਾ ਆਈਫ਼ੋਨ-17, ਜਸਪ੍ਰੀਤ ਸਿੰਘ ਤੋਂ 10 ਹਜ਼ਾਰ ਰੁਪਏ ਅਤੇ ਸੋਨੇ ਦੀ ਵਾਲੀ ਅਤੇ ਉਸ ਦੀ ਜੇਬ ਵਿੱਚੋਂ 16 ਹਜ਼ਾਰ ਰੁਪਏ ਕੱਢ ਲਏ। ਪੁਲਿਸ ਨੂੰ ਸ਼ਿਕਾਇਤ ਕਰਨ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਦੋਸ਼ ਹੈ ਕਿ ਇਸ ਤੋਂ ਬਾਅਦ ਤਿੰਨਾਂ ਦੋਸਤਾਂ ਦੀ ਮੁੜ ਕੁੱਟਮਾਰ ਕੀਤੀ ਗਈ ਅਤੇ ਗੱਡੀ ਵਿੱਚ ਬਿਠਾ ਕੇ ਪਿੰਡ ਮੈਣ ਨੇੜੇ ਸੰਗਰੂਰ-ਪਟਿਆਲਾ ਬਾਈਪਾਸ ’ਤੇ ਸੁੱਟ ਦਿੱਤਾ ਗਿਆ। ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਅਰਬਨ ਅਸਟੇਟ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਵਿੱਚ ਲਾਏ ਗਏ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।