ਕਸਬੇ ’ਚ ਕੂੜੇ ਦਾ ਨਵਾਂ ਬਣਿਆ ਡੰਪ, ਲੋਕ ਪ੍ਰੇਸ਼ਾਨ ਕਸਬੇ ’ਚ ਕੂੜੇ ਦਾ ਨਵਾਂ ਬਣਿਆ ਡੰਪ, ਲੋਕ ਪ੍ਰੇਸ਼ਾਨ
Publish Date: Mon, 06 Jul 2026 04:44 PM (IST)
Updated Date: Mon, 06 Jul 2026 04:45 PM (IST)
ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਕਸਬਾ ਬਹਾਦਰਗੜ੍ਹ ’ਚ ਪਟਿਆਲਾ ਰਾਜਪੁਰਾ ਰੋਡ ’ਤੇ ਮਿਲਕਫੂਡ ਫੈਕਟਰੀ ਨੇੜੇ ਕੂੜੇ ਦਾ ਨਵਾਂ ਬਣਿਆ ਡੰਪ ਦਿਨੋ ਦਿਨ ਵੱਧਦਾ ਹੀ ਜਾ ਰਿਹਾ ਹੈ। ਕੂੜੇ ਦੇ ਇਸ ਨਵੇਂ ਬਣੇ ਡੰਪ ਕਾਰਨ ਇਲਾਕੇ ’ਚ ਦੂਰ ਤੱਕ ਗੰਦਗੀ ਫੈਲ ਰਹੀ ਹੈ ਅਤੇ ਵਾਤਾਵਰਣ ਪੂਰੀ ਤਰ੍ਹਾਂ ਪ੍ਰਦੂਸ਼ਿਤ ਹੋ ਚੁਕਿਆ ਹੈ। ਦੂਰ ਦੂਰ ਤੱਕ ਗੰਦਗੀ ਫੈਲਣ ਕਾਰਨ ਇਲਾਕੇ ਦੇ ਲੋਕਾਂ ਨੂੰ ਬਿਮਾਰੀਆਂ ਫੈਲਣ ਦਾ ਡਰ ਸਤਾ ਰਿਹਾ ਹੈ। ਇਲਾਕਾ ਵਾਸੀ ਹਰਦੇਵ ਸਿੰਘ ਮੁਲਤਾਨੀ, ਜਸਵਿੰਦਰਪਾਲ ਸਿੰਘ ਵਿਰਕ, ਰਮਨ ਗੋਇਲ ਬੱਬੂ, ਸੁਰਿੰਦਰ ਕੁਮਾਰ, ਹਰੀਸ਼ ਮਹਿਣ, ਇੰਦਰ ਤੇ ਚੰਨਾ ਰਾਮ ਨੇ ਦੱਸਿਆ ਕਿ ਬਹਾਦਰਗੜ੍ਹ ਸਟੇਡੀਅਮ ਦੇ ਬਾਹਰ ਕੂੜੇ ਦਾ ਡੰਪ ਬੰਦ ਹੋਣ ਬਾਅਦ ਹੁਣ ਇਥੇ ਕੂੜੇ ਦੇ ਢੇਰ ਦਿਨੋਂ ਦਿਨ ਵੱਧਦੇ ਹੀ ਜਾ ਰਹੇ ਹਨ। ਕੂੜੇ ਕਾਰਨ ਸਭ ਪਾਸੇ ਗੰਦਗੀ ਦਾ ਮਾਹੌਲ ਹੈ ਤੇ ਵਾਤਾਵਰਣ ਦੂਸ਼ਿਤ ਹੋਣ ਨਾਲ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਅੱਜਕਲ ਬਰਸਾਤ ਦੇ ਮੌਸਮ ’ਚ ਤਾਂ ਇਥੇ ਬਦਬੂ ਕਾਰਨ ਖੜਨਾ ਵੀ ਮੁਸ਼ਕਲ ਹੈ ਅਤੇ ਇਲਾਕੇ ’ਚ ਡਾਇਰੀਆ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਕੂੜੇ ’ਚ ਮੂੰਹ ਮਾਰਦੇ ਅਤੇ ਸੜਕਾਂ ’ਤੇ ਘੁੰਮਦੇ ਲਾਵਾਰਿਸ ਪਸ਼ੂ ਲੋਕਾਂ ਲਈ ਅੱਡ ਤੋਂ ਵੱਡੀ ਸਿਰਦਰਦੀ ਬਣੇ ਹੋਏ ਹਨ। ਇਸ ਤੋਂ ਇਲਾਵਾ ਪਿਛਲੇ ਲੰਬੇ ਸਮੇਂ ਤੋਂ ਕਸਬੇ ’ਚ ਸੀਲ ਰੋਡ ’ਤੇ ਮੰਦਰ ਸ੍ਰੀ ਬਦਰੀਨਾਥ ਸਾਹਮਣੇ ਗਰਿੱਡ ਸਾਈਡ ਖਾਲੀ ਪਈ ਥਾਂ ’ਚ ਵੀ ਕੂੜੇ ਦਾ ਵੱਡਾ ਡੰਪ ਲੋਕਾਂ ਲਈ ਸਰਾਪ ਬਣਿਆ ਹੋਇਆ ਹੈ। ਜੋ ਕਿ ਇਲਾਕੇ ਦੀ ਸੁੰਦਰਤਾ ’ਤੇ ਗ੍ਰਹਿਣ ਬਣਿਆ ਹੋਇਆ ਹੈ ਅਤੇ ਲੋਕਾਂ ਨੂੰ ਬਿਮਾਰੀਆਂ ਵੰਡ ਰਿਹਾ ਹੈ। ਹੁਣ ਤਾਂ ਇਹ ਥਾਂ ਵਿਸ਼ੇਸ਼ ਤੌਰ ’ਤੇ ਲਾਵਾਰਿਸ ਪਸ਼ੂਆਂ ਦਾ ਰਹਿਣ ਵਸੇਰਾ ਬਣ ਗਈ ਹੈ। ਸਿਹਤ ਵਿਭਾਗ ਨੇ ਵੀ ਕਦੇ ਇਹਨਾਂ ਥਾਵਾਂ ’ਤੇ ਬਿਮਾਰੀਆਂ ਦੀ ਰੋਕਥਾਮ ਲਈ ਦਵਾਈਆਂ ਦਾ ਛਿੜਕਾਅ ਕਰਨ ਦੀ ਖੇਚਲ ਨਹੀਂ ਕੀਤੀ ਹੈ। ਇਲਾਕਾ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਕੂੜੇ ਦਾ ਸਮੱਸਿਆ ਜਲਦੀ ਤੋਂ ਜਲਦੀ ਹੱਲ ਕਰਨ ਦੀ ਮੰਗ ਕੀਤੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਬਹਾਦਰਗੜ੍ਹ ਵਿਖੇ ਪੀਰ ਕਲੋਨੀ ਚੌਂਕ ਨੇੜੇ ਹੀਰਾ ਕਲੋਨੀ ਰੋਡ ’ਤੇ ਕੂੜੇ ਦਾ ਡੰਪ ਬੰਦ ਕਰਕੇ ਪੰਚਾਇਤ ਵਲੋਂ ਉਥੇ ਗੁਲਮੋਹਰ ਦੇ ਸੁੰਦਰ ਬੂਟੇ ਲਾਉਣ ਦਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਸੀ। ਇਸੇ ਤਰਜ਼ ’ਤੇ ਲੋੜ ਹੈ ਕਿ ਕਸਬੇ ’ਚ ਕੂੜੇ ਦਾ ਉਚਿੱਤ ਪ੍ਰਬੰਧਣ ਕਰਕੇ ਥਾਂ ਥਾਂ ਬਣੇ ਕੂੜੇ ਦੇ ਡੰਪ ਬੰਦ ਕਰਕੇ ਵਾਤਾਰਵਣ ਦੀ ਸ਼ੁੱਧਤਾ ਲਈ ਉਥੇ ਬੂਟੇ ਲਾਏ ਜਾਣ। ਕੂੜੇ ਦੀ ਸਮੱਸਿਆ ਦੇ ਹੱਲ ਲਈ ਲਗਾਤਾਰ ਕਰ ਰਹੇ ਹਾਂ ਕੋਸ਼ਿਸ਼ : ਸਰਪੰਚ ਕਸਬਾ ਬਹਾਦਰਗੜ੍ਹ ਦੀ ਸਰਪੰਚ ਹਰਜਿੰਦਰ ਕੌਰ ਅਤੇ ਉਨਾਂ ਦੇ ਪਤੀ ਮਲਕ ਸਿੰਘ ਨੇ ਕਿਹਾ ਕਿ ਉਨਾਂ ਦੀ ਪੰਚਾਇਤ ਵੱਲੋਂ ਕਸਬੇ ’ਚ ਕੂੜੇ ਦੀ ਸਮੱਸਿਆ ਨੂੰ ਹੱਲ ਕਰਨ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਸਬੇ ਦੇ ਕੂੜੇ ਲਈ ਪਿੰਡ ਲੱਖੋਮਾਜਰਾ ਵਿਖੇ ਜ਼ਮੀਨ ਲਈ ਗਈ ਹੈ ਜਿਥੇ ਕਿ ਪਹਿਲਾਂ ਹੀ ਕਸਬੇ ਦਾ ਕੂੜਾ ਜਾ ਰਿਹਾ ਹੈ। ਹੁਣ ਇਥੇ ਜੋ ਲੋਕ ਕੂੜਾ ਸੁੱਟ ਰਹੇ ਹਨ ਪੰਚਾਇਤ ਵਲੋਂ ਉਨਾਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਇਥੇ ਕੂੜਾ ਸੁੱਟਣ ਤੋਂ ਰੋਕਣ ਲਈ ਬੋਰਡ ਵੀ ਲਾਇਆ ਜਾਵੇਗਾ।