ਕੌੜਾ ਦੇ ਬਿਆਨ ਨੇ ਸ਼ਹਿਰ ’ਚ ਛੇੜੀ ਸਿਆਸੀ ਜੰਗ
ਕੌੜਾ ਦੇ ਬਿਆਨ ਨੇ ਸ਼ਹਿਰ ’ਚ ਛੇੜੀ ਸਿਆਸੀ ਜੰਗ
Publish Date: Tue, 23 Jun 2026 06:52 PM (IST)
Updated Date: Tue, 23 Jun 2026 06:55 PM (IST)

ਪਰਗਟ ਸਿੰਘ•, ਪੰਜਾਬੀ ਜਾਗਰਣ, •ਪਟਿਆਲਾ : ਭਾਜਪਾ ਦੇ ਆਗੂ ਕਰੁਨ ਕੌੜਾ ਵੱਲੋਂ ਇੱਕ ਭਾਈਚਾਰੇ ’ਤੇ ਕੀਤੀ ਗਈ ਟਿੱਪਣੀ ਨੇ ਸ਼ਹਿਰ ’ਚ ਸਿਆਸੀ ਜੰਗ ਭਖਾ ਦਿੱਤੀ ਹੈ। ਭਾਜਪਾ ਆਗੂ ਕਰੁਨ ਦੇ ਬੋਲ ਉਸਦੇ ਸਿਆਸੀ ਰਾਹ ਦਾ ਰੋੜਾ ਬਣਦੇ ਦਿਖਾਈ ਦੇ ਰਹੇ ਹਨ। ਜਿੱਥੇ ਇੱਕ ਪਾਸੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਉਕਤ ਆਗੂ ਦੇ ਬਿਆਨ ਤੋਂ ਕਿਨਾਰਾ ਕਰਦਿਆਂ ਪਾਰਟੀ ਦੀ ਸੋਚ ਤੋਂ ਅਲੱਗ ਦੱਸਿਆ ਹੈ ਉਥੇ ਹੀ ਦੂਜੇ ਪਾਸੇ ਰੋਸ ’ਚ ਆਏ ਵਿਸ਼ੇਸ਼ ਭਾਈਚਾਰੇ ਦੇ ਨੁਮਾਇੰਦਿਆਂ ਨੇ ਐੱਸਐੱਸਪੀ ਨੂੰ ਮੰਗ ਪੱਤਰ ਸੌਂਪ ਕੇ ਕਰੁਨ ਕੌੜਾ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ਜਦੋਂ ਕਿ ਕੌੜਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੋਲਾਂ ਦੇ ਗਲਤ ਮਤਲਬ ਕੱਢੇ ਜਾ ਰਹੇ ਹਨ। ਇਸ ਮਾਮਲੇ ਨੂੰ ਲੈ ਕੇ ਸਾਰਾ ਦਿਨ ਸਿਆਸੀ ਮਾਹੌਲ ਗਰਮਾਇਆ ਰਿਹਾ। ਇਸ ਸਬੰਧੀ ਗੱਲਬਾਤ ਕਰਦਿਆ ਕਰੁਨ ਕੌੜਾ ਨੇ ਆਖਿਆ ਕਿ ਜਦੋਂ ਤੱਕ ਬੰਗਲਾਦੇਸ਼ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਆਏ ਰੋਹਿੰਗਿਆ ਅਤੇ ਹੋਰ ਗੈਰ ਕਾਨੂੰਨੀ ਘੁਸਪੈਠੀਏ ਪੰਜਾਬ ’ਚੋਂ ਪੂਰੀ ਤਰ੍ਹਾਂ ਬਾਹਰ ਨਹੀਂ ਕੱਢੇ ਜਾਂਦੇ, ਉਦੋਂ ਤੱਕ ਉਹ ਇਸ ਮੁੱਦੇ ‘ਤੇ ਆਪਣੀ ਆਵਾਜ਼ ਬੁਲੰਦ ਕਰਦਾ ਰਹਾਂਗਾ। ਉਨ੍ਹਾਂ ਕਿਹਾ ਕਿ ਇਹ ਲੜਾਈ ਕਿਸੇ ਧਰਮ ਜਾਂ ਭਾਈਚਾਰੇ ਦੇ ਖ਼ਿਲਾਫ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡਾ ਕਿਸੇ ਵੀ ਮੁਸਲਿਮ ਭਾਈਚਾਰੇ ਨਾਲ ਕੋਈ ਵਿਰੋਧ ਨਹੀਂ ਹੈ ਪਰ ਜਿਹੜੇ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਦੇਸ਼ ਵਿਚ ਦਾਖ਼ਲ ਹੋ ਕੇ ਇੱਥੇ ਬਿਨਾਂ ਪੜਤਾਲ ਰਹਿ ਰਹੇ ਹਨ ਅਤੇ ਰਾਜ ਦੇ ਕਾਨੂੰਨਾਂ, ਸਮਾਜਿਕ ਅਨੁਸ਼ਾਸਨ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਨਹੀਂ ਕਰਦੇ, ਉਨ੍ਹਾਂ ’ਤੇ ਕਾਰਵਾਈ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ, ਸੁਰੱਖਿਆ ਅਤੇ ਸਮਾਜਿਕ ਸੰਤੁਲਨ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਗੈਰਕਾਨੂੰਨੀ ਤਰੀਕੇ ਨਾਲ ਰਹਿਣ ਵਾਲਿਆਂ ਦੀ ਪਛਾਣ, ਦਸਤਾਵੇਜ਼ੀ ਜਾਂਚ ਅਤੇ ਕਾਨੂੰਨੀ ਕਾਰਵਾਈ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਬੰਗਲਾਦੇਸ਼ੀ ਰੋਹਿੰਗੇ ਧੋਖਾਧੜੀ ਅਤੇ ਲਾਲਚ ਦੇ ਜ਼ਰੀਏ ਹਿੰਦੂਆਂ ਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਯਤਨ ਕਰਦੇ ਹਨ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਕੰਮਾਂ ਦੇ ਵਿਰੁੱਧ ਦਿੱਤੇ ਮੇਰੇ ਬਿਆਨ ਨੂੰ ਕੁਝ ਲੋਕਾਂ ਵੱਲੋਂ ਗਲਤ ਤਰੀਕੇ ਨਾਲ ਮੁਸਲਿਮ ਭਾਈਚਾਰੇ ਨਾਲ ਜੋੜਿਆ ਗਿਆ, ਜੋ ਬਿਲਕੁਲ ਗਲਤ ਹੈ। ਉਨ੍ਹਾਂ ਕਿਹਾ ਕਿ ਮੇਰੀ ਲੜਾਈ ਕਿਸੇ ਧਰਮ ਜਾਂ ਭਾਈਚਾਰੇ ਦੇ ਖ਼ਿਲਾਫ਼ ਨਹੀਂ, ਸਗੋਂ ਸਿਰਫ਼ ਗੈਰਕਾਨੂੰਨੀ ਗਤੀਵਿਧੀਆਂ ਕਰਨ ਵਾਲਿਆ ਦੇ ਖ਼ਿਲਾਫ਼ ਹੈ। ਉਨ੍ਹਾਂ ਕਿਹਾ ਕਿ ਜੇਕਰ ਅੱਜ ਇੱਕ ਵਾਲਮੀਕਿ ਪਰਿਵਾਰ ਨਾਲ ਕੁੱਟਮਾਰ ਦੀ ਘਟਨਾ ਵਾਪਰਦੀ ਹੈ ਅਤੇ ਪੁਲਿਸ ਵੱਲੋਂ ਸਮੇਂ ਸਿਰ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਜਾਂਦੀ, ਸਗੋਂ ਉਲਟ ਮੇਰੇ ਖ਼ਿਲਾਫ਼ ਪਰਚਾ ਦਰਜ ਕਰਨ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ, ਤਾਂ ਇਹ ਕਾਨੂੰਨ-ਵਿਵਸਥਾ ਉੱਤੇ ਗੰਭੀਰ ਸਵਾਲ ਖੜੇ ਕਰਦਾ ਹੈ। -ਭਾਈਚਾਰੇ ਵੱਲੋਂ ਐੱਸਐੱਸਪੀ ਨੂੰ ਦਿੱਤਾ ਮੰਗ ਪੱਤਰ ਇਸ ਘਟਨਾ ਉਪਰੰਤ ਰੋਸ਼ ’ਚ ਆਏ ਮੁਸਲਿਮ ਭਾਈਚਾਰੇ ਦੇ ਨੁਮਾਇਦਿਆਂ ਵੱਲੋਂ ਇੱਕ ਵਫਦ ਦੇ ਰੂਪ ’ਚ ਮਿਲ ਕੇ ਐੱਸਐੱਸਪੀ ਨੂੰ ਮੰਗ ਪੱਤਰ ਸੌਂਪ ਕੇ ਕਰੁਨ ਕੌੜਾ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਗਰ ਸਦਿੱਕੀ ਨੇ ਕਿਹਾ ਕਿ ਕਰੁਨ ਕੌੜਾ ਵਲੋਂ ਮੁਸ਼ਲਿੰਗ ਭਾਈਚਾਰੇ ਖਿਲਾਫ ਗਲਤ ਸ਼ਬਦਾਵਲੀ ਵਰਤੀ ਹੈ, ਜਿਸ ਕਾਰਨ ਸਮੂਹ ਭਾਈਚਾਰੇ ’ਚ ਰੋਸ਼ ਹੈ। ਉਨ੍ਹਾਂ ਦੱਸਿਆ ਕਿ ਐੱਸਐੱਸਪੀ ਨੂੰ ਮਿਲ ਕੇ ਕਾਰਵਾਈ ਦੀ ਮੰਗ ਕੀਤੀ ਹੈ। -ਕਰੁਨ ਦੇ ਬਿਆਨ ਨਾਲ ਪਾਰਟੀ ਦਾ ਕੋਈ ਸਬੰਧ ਨਹੀਂ : ਕੂਕਾ ਇਸ ਸਬੰਧੀ ਇਕ ਵੀਡੀਓ ਜਾਰੀ ਕਰਦਿਆ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਿਜੈ ਕੂਕਾ ਨੇ ਆਖਿਆ ਕਿ ਕਰੁਨ ਕੌੜਾ ਦੇ ਬਿਆਨ ਨਾਲ ਭਾਜਪਾ ਦਾ ਕੋਈ ਸਬੰਧ ਨਹੀਂ ਹੈ ਤੇ ਇਹ ਬਿਆਨ ਉਨ੍ਹਾਂ ਦਾ ਨਿੱਜੀ ਪ੍ਰਤੀਕ੍ਰਮ ਹੈ। ਵਿਜੇ ਕੂਕਾ ਨੇ ਆਖਿਆ ਕਿ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਉਨ੍ਹਾਂ ਕੋਲ ਜਾਣਕਾਰੀ ਹੈ ਕਿ ਕਰੁਨ ਕੌੜਾ ਕੋਲ ਭਾਜਪਾ ਦਾ ਕੋਈ ਸਵਿਧਾਨਿਕ ਅਹੁਦਾ ਨਹੀਂ ਹੈ ਤੇ ਨਾ ਹੀ ਕਿਸੇ ਖੇਤਰ ਦਾ ਹਲਕਾ ਇੰਚਾਰਜ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਭ ਧਰਮਾਂ ਦਾ ਸਤਿਕਾਰ ਕਰਨ ਵਾਲੀ ਪਾਰਟੀ ਹੈ ਤੇ ਸਾਰੇ ਭਾਈਚਾਰੇ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਹੈ।