ਖੇਤ ਬਚਾਓ ਮੁਹਿੰਮ ਤਹਿਤ ਕੈਂਪ ਲਾਇਆ
ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ "ਖੇਤ ਬਚਾਓ ਅਭਿਆਨ" ਆਯੋਜਿਤ
Publish Date: Tue, 16 Jun 2026 04:35 PM (IST)
Updated Date: Wed, 17 Jun 2026 04:01 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਪਿੰਡ ਘੋੜੇਨਾਬ, ਬਲਾਕ ਲਹਿਰਾਗਾਗਾ ਵਿਖੇ ਖੇਤ ਬਚਾਓ ਮੁਹਿੰਮ ਤਹਿਤ ਨਾਬਾਰਡ ਦੇ ਸਹਿਯੋਗ ਨਾਲ ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓਜ਼) ਲਈ ਇੱਕ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ ਗਿਆ। ਜਿਸ ਦੀ ਸ਼ੁਰੂਆਤ ’ਚ ਡਾ. ਮਨਦੀਪ ਸਿੰਘ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਨੇ ਖੇਤ ਬਚਾਓ ਮੁਹਿੰਮ ਦੇ ਮੰਤਵ ਤੇ ਇਸ ਅਧੀਨ ਕੀਤੀਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨ ਉਤਪਾਦਕ ਸੰਗਠਨਾਂ (ਐੱਫਪੀਓਜ਼) ਨੂੰ ਸਾਉਣੀ ਦੀਆਂ ਫ਼ਸਲਾਂ ਲਈ ਸਿਫ਼ਾਰਸ਼ ਖੇਤੀ ਤਕਨੀਕਾਂ ਤੇ ਰਸਾਇਣਿਕ ਖਾਦਾਂ ਦੀ ਸੰਤੁਲਿਤ ਅਤੇ ਸੁਚੱਜੀ ਵਰਤੋਂ ਦਾ ਸੁਨੇਹਾ ਕਿਸਾਨਾਂ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਝੋਨੇ ਵਿੱਚ ਫਾਸਫੋਰਸ ਵਾਲੀ ਖਾਦ ਨਾ ਪਾਉਣ ਦੀ ਅਪੀਲ ਕੀਤੀ ਅਤੇ ਹਰੀ ਖਾਦ ਦੀ ਵਰਤੋਂ ਨਾਲ ਯੂਰੀਆ ਦੀ ਬੱਚਤ ਕਰਨ ਬਾਰੇ ਅਹਿਮ ਸੁਝਾਅ ਦਿੱਤੇ। ਸਹਾਇਕ ਪ੍ਰੋਫੈਸਰ ਫ਼ਸਲ ਵਿਗਿਆਨ ਡਾ. ਰੁਕਿੰਦਰਪ੍ਰੀਤ ਸਿੰਘਨੇ ਜ਼ਮੀਨ ਦੀ ਚੰਗੀ ਸਿਹਤ ਲਈ ਰਸਾਇਣਕ ਖਾਦਾਂ ਦੀ ਵਰਤੋਂ ਦੇ ਨਾਲ-ਨਾਲ ਦੇਸੀ ਰੂੜੀ, ਹਰੀ ਖਾਦ, ਜੀਵਾਣੂ ਖਾਦ ਅਤੇ ਫਸਲਾਂ ਦੀ ਰਹਿੰਦ ਖੂਹੰਦ ਨੂੰ ਖੇਤ ਵਿੱਚ ਮਿਲਾਉਣ ਤੇ ਜ਼ੋਰ ਦਿੱਤਾ ਉਨ੍ਹਾਂ ਝੋਨੇ ਵਿੱਚ ਮਧਰੇਪਨ ਦੇ ਰੋਗ ਦੀ ਰੋਕਥਾਮ ਅਤੇ ਸੁਚੱਜੇ ਨਦੀਨ ਪ੍ਰਬੰਧ ਬਾਰੇ ਵੀ ਜਾਣਕਾਰੀ ਦਿੱਤੀ। ਮੁਨੀਸ਼ ਗੁਪਤਾ, ਜ਼ਿਲ੍ਹਾ ਵਿਕਾਸ ਮੈਨੇਜਰ, ਨਾਬਾਰਡ, ਸੰਗਰੂਰ ਨੇ ਕਿਸਾਨ ਕ੍ਰੈਡਿਟ ਕਾਰਡ ਅਤੇ ਐਗਰੀਕਲਚਰ ਇੰਫਰਾਸਟਰੱਕਚਰ ਫੰਡ ਸਕੀਮ ਬਾਰੇ ਜਾਣਕਾਰੀ ਦਿੱਤੀ। ਸੁਰਮੁਖ ਸਿੰਘ, ਜ਼ਿਲ੍ਹਾ ਮੈਨੇਜਰ, ਲੀਡ ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਸੰਗਰੂਰ ਨੇ ਵਧੀਆ ਖੇਤੀ ਸੇਵਾਵਾਂ ਅਤੇ ਖੇਤੀ ਲਾਗਤ ਘੱਟ ਕਰਨ ਲਈ ਕਿਸਾਨ ਉਤਪਾਦਕ ਸੰਗਠਨ ਬਣਾਉਣ ਲਈ ਪ੍ਰੇਰਿਤ ਕੀਤਾ। ਡਾ. ਕੁਲਵੰਤ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਲਹਿਰਾਗਾਗਾ ਨੇ ਝੋਨੇ ਦੀ ਸਿੱਧੀ ਬਿਜਾਈ, ਸਾਉਣੀ ਰੁੱਤ ਦੀ ਮੱਕੀ, ਬੀਟੀ ਨਰਮਾ ਅਤੇ ਜਿਪਸਮ ਦੀ ਵਰਤੋਂ ਅਤੇ ਇਨ੍ਹਾਂ ਉੱਤੇ ਮਿਲਣ ਵਾਲੀ ਸਬਸਿਡੀ ਬਾਰੇ ਵੀ ਜਾਣਕਾਰੀ ਦਿੱਤੀ। ਕੈਂਪ ਦੇ ਅਖੀਰ ਵਿੱਚ ਹੁਸ਼ਿਆਰ ਸਿੰਘ, ਡਾਇਰੈਕਟਰ, ਜੀਨੀਅਸ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ, ਲਹਿਰਾਗਾਗਾ ਵੱਲੋਂ ਖੇਤੀ ਮਾਹਿਰਾਂ ਅਤੇ ਨਾਬਾਰਡ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜੀਨੀਅਸ ਖੇਤੀ ਸੇਵਾ ਸੈਂਟਰ ਦੇ ਡਾਇਰੈਕਟਰਾਂ ਵਿਚੋਂ ਕਰਮਜੀਤ ਸਿੰਘ ਜਗਤਾਰ ਸਿੰਘ ਸਰਦੂਲ ਸਿੰਘ ਅਤੇ ਨਾਜ਼ਰ ਸਿੰਘ ਹਾਜ਼ਰ ਸਨ। ਸਰਪੰਚ ਲਖਬੀਰ ਸਿੰਘ ਅਤੇ ਪਰਮਜੀਤ ਸਿੰਘ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਅੰਤ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੇ ਮਾਹਿਰਾਂ ਵੱਲੋਂ ਝੋਨੇ ਦੀ ਪਨੀਰੀ, ਆਚਾਰ ਵਾਲੀ ਮੱਕੀ ਅਤੇ ਗਰਮੀ ਰੁੱਤ ਦੀ ਮੂੰਗੀ ਦਾ ਨਿਰੀਖਣ ਕੀਤਾ ਗਿਆ ਅਤੇ ਸੁਝਾਅ ਵੀ ਦਿੱਤੇ ਗਏ।