ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਕਾਵਿ-ਮੁਕਾਬਲਾ ਕਰਵਾਇਆ ਕਾਲਜ ਵਿੱਚ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਕਾਵਿ-ਮੁਕਾਬਲਾ ਕਰਵਾਇਆ
Publish Date: Mon, 06 Jul 2026 05:48 PM (IST)
Updated Date: Mon, 06 Jul 2026 05:51 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਪਬਲਿਕ ਕਾਲਜ, ਸਮਾਣਾ ਵਿਚ ਪ੍ਰਿੰਸੀਪਲ ਡਾ. ਹਰਕੀਰਤ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਯੁਵਕ ਭਲਾਈ ਵਿਭਾਗ ਅਤੇ ਪੰਜਾਬੀ ਵਿਭਾਗ ਵੱਲੋਂ ਉਚੇਰੀ ਸਿੱਖਿਆ ਵਿਭਾਗ, ਪੰਜਾਬ, ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਦੇ ਕਾਵਿ-ਮੁਕਾਬਲੇ ਕੰਡਕਟ ਕਰਵਾਏ ਗਏ। ਸਮਾਗਮ ਦੀ ਸ਼ੁਰੂਆਤ ’ਚ ਕਾਲਜ ਦੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਇਕਬਾਲ ਸਿੰਘ ਨੇ ਦੱਸਿਆ ਕਿ ਇਹ ਸਮਾਗਮ ਪੰਜਾਬੀ ਦੇ ਪ੍ਰਸਿੱਧ ਮਰਹੂਮ ਕਵੀ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਭਰ ਦੇ ਵਿਦਿਆਰਥੀ ਇਸ ਮੁਕਾਬਲੇ ਵਿਚ ਹਿੱਸਾ ਲੈ ਰਹੇ ਹਨ ਅਤੇ ਦੇਸ਼ ਭਰ ਚੋਂ ਸਰਵ-ਉੱਤਮ ਕਵਿਤਾ ਲਿਖਣ ਵਾਲੇ ਜੇਤੂ ਵਿਦਿਆਰਥੀ ਨੂੰ ਪੰਜਾਬ ’ਵਰਸਿਟੀ, ਚੰਡੀਗੜ੍ਹ ਵੱਲੋਂ ਸਾਲ-2025 ਦਾ ਸ਼ਿਵ ਕੁਮਾਰ ਬਟਾਲਵੀ ਸੋਨ ਤਗਮਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੌਮੀ ਪੱਧਰ ਦੇ ਮੁਕਾਬਲੇ ਹਿੱਤ ਹੀ ਕਾਲਜ ’ਚੋਂ ਉੱਤਮ ਕਵਿਤਾ ਲਿਖਣ ਵਾਲੇ ਵਿਦਿਆਰਥੀਆਂ ਦੀ ਚੋਣ ਲਈ ਮੁਕਾਬਲੇ ਕਰਵਾਏ ਗਏ ਹਨ। ਪੰਜਾਬੀ ਵਿਭਾਗ ਦੇ ਮੁਖੀ ਡਾ. ਅਰਵਿੰਦਰ ਕੌਰ ਨੇ ਹਾਜ਼ਰ ਵਿਦਿਆਰਥੀਆਂ ਨੂੰ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਦੇ ਮੁੱਖ ਸਰੋਕਾਰਾਂ ਬਾਰੇ ਜਾਣੂ ਕਰਵਾਇਆ। ਅੰਤਿਮ ਨਿਰਣੇ ਦੀ ਭੂਮਿਕਾ ਡਾ. ਬਲਕਾਰ ਸਿੰਘ ਤੇ ਪ੍ਰੋ. ਨਰਿੰਦਰ ਸਿੰਘ ਨੇ ਬਾਖੂਬੀ ਨਿਭਾਈ। ਮੁਕਾਬਲੇ ’ਚ ਪਹਿਲਾ , ਦੂਜਾ ਤੇ ਤੀਜਾ ਸਥਾਨ ਬੀ .ਏ. ਭਾਗ ਤੀਜਾ ਦੀਆਂ ਕ੍ਰਮਵਾਰ ਵਿਦਿਆਰਥਣਾ ਹਰਕੀਰਤ ਕੌਰ, ਸੋਨੀਆ ਰਾਣੀ ਅਤੇ ਮਨਬੀਰ ਕੌਰ ਨੇ ਹਾਸਿਲ ਕੀਤਾ। ਸਮਾਗਮ ਦੇ ਅੰਤ ’ਚ ਪ੍ਰੋ. ਨਰਿੰਦਰ ਸਿੰਘ ਨੇ ਸਭ ਦਾ ਧੰਨਵਾਦ ਕੀਤਾ।