ਦਿਹਾੜੀ ਲਗਾ ਕੇ ਭਾਰਤੀ ਫੌ਼ਜ ’ਚ ਭਰਤੀ ਹੋਇਆ ਜੋਗੀਆਂ ਦਾ ਮੁੰਡਾ, ਨੌਜਵਾਨਾਂ ਲਈ ਮਿਸਾਲ
ਦਿਹਾੜੀ ਤੋਂ ਆਰਮੀ ਤੱਕ ਦਾ ਸਫ਼ਰ ਤੈਅ ਕਰਕੇ ਜੋਗੀਆਂ ਦਾ ਮੁੰਡਾ ਬਣਿਆ ਨੌਜਵਾਨਾਂ ਲਈ ਮਿਸਾਲ
Publish Date: Tue, 23 Jun 2026 06:24 PM (IST)
Updated Date: Wed, 24 Jun 2026 04:04 AM (IST)

ਐਡਵੋਕੇਟ ਗੌਰਵ ਗੋਇਲ ਨੇ ਪਰਿਵਾਰ ਨੂੰ ਕੀਤਾ ਸਲੂਟ ਲਹਿਰਾਗਾਗਾ ਪਹੁੰਚਣ ’ਤੇ ਇਲਕਾ ਵਾਸੀਆਂ ਨੇ ਕੀਤਾ ਸਵਾਗਤ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਜੋ ਮਨੁੱਖ ਹਿੰਮਤ, ਮਿਹਨਤ ਤੇ ਦ੍ਰਿੜ੍ਹ ਇਰਾਦਿਆਂ ਨਾਲ ਆਪਣੇ ਟੀਚੇ ਵੱਲ ਵਧਦਾ ਹੈ, ਪਰਮਾਤਮਾ ਵੀ ਉਸ ਦੀ ਮਦਦ ਕਰਦਾ ਹੈ। ਇਸ ਕਹਾਵਤ ਨੂੰ ਸਾਕਾਰ ਕਰਦਿਆਂ ਲਹਿਰਾਗਾਗਾ ਦੇ ਜੋਗੀ ਪਰਿਵਾਰ ਨਾਲ ਸਬੰਧਤ ਨੌਜਵਾਨ ਸਾਕਾ ਨੇ ਦਿਹਾੜੀਦਾਰ ਤੋਂ ਭਾਰਤੀ ਫ਼ੌਜ ਤਕ ਦਾ ਸਫ਼ਰ ਤੈਅ ਕਰਕੇ ਆਪਣੇ ਪਰਿਵਾਰ, ਸ਼ਹਿਰ ਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਉਸ ਦੀ ਕਾਮਯਾਬੀ ਅੱਜ ਸੰਘਰਸ਼ ਕਰ ਰਹੇ ਅਨੇਕ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣ ਗਈ ਹੈ। ਸਾਕਾ ਪੜ੍ਹਾਈ ਦੇ ਨਾਲ-ਨਾਲ ਦੁਕਾਨਾਂ ’ਤੇ ਦਿਹਾੜੀ ਕਰ ਕੇ ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰਦਾ ਰਿਹਾ। ਘਰ ਦੇ ਸੀਮਤ ਸਾਧਨਾਂ ਤੇ ਆਰਥਿਕ ਤੰਗੀਆਂ ਦੇ ਬਾਵਜੂਦ ਉਸ ਨੇ ਕਦੇ ਆਪਣੇ ਸੁਪਨਿਆਂ ਨੂੰ ਮਰਨ ਨਹੀਂ ਦਿੱਤਾ। ਮਿਹਨਤ, ਲਗਨ, ਸਿਰੜ ਤੇ ਦ੍ਰਿੜ੍ਹ ਇਰਾਦਿਆਂ ਸਦਕਾ ਉਸ ਨੇ ਆਰਮੀ ਮੈਡੀਕਲ ਕੋਰ (ਏਐੱਮਸੀ) ਲਖਨਊ ਵਿੱਚ ਭਰਤੀ ਹੋ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਸਾਕਾ ਦੀ ਇਸ ਪ੍ਰਾਪਤੀ ’ਤੇ ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਦੇ ਪੁੱਤਰ ਐਡਵੋਕੇਟ ਗੌਰਵ ਗੋਇਲ ਨੇ ਪਰਿਵਾਰ ਨੂੰ ਵਧਾਈ ਦਿੰਦਿਆਂ ਸਾਕਾ ਦੇ ਮਾਤਾ-ਪਿਤਾ ਨੂੰ ਸਲੂਟ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਮਾਪੇ ਹੀ ਸਮਾਜ ਨੂੰ ਮਿਹਨਤੀ, ਅਨੁਸ਼ਾਸਿਤ ਅਤੇ ਦੇਸ਼ਭਗਤ ਨੌਜਵਾਨ ਦਿੰਦੇ ਹਨ। ਉਨ੍ਹਾਂ ਸਾਕਾ ਦੀ ਇਸ ਉਪਲਬਧੀ ਨੂੰ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਦੱਸਦਿਆਂ ਉਸ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਾਕਾ ਦੇ ਲਹਿਰਾਗਾਗਾ ਪਹੁੰਚਣ ’ਤੇ ਮਹੱਲਾ ਵਾਸੀਆਂ ਤੇ ਇਲਾਕਾ ਨਿਵਾਸੀਆਂ ਵੱਲੋਂ ਉਸ ਦਾ ਭਰਵਾਂ ਤੇ ਨਿੱਘਾ ਸਵਾਗਤ ਕੀਤਾ ਗਿਆ।ਲੋਕਾਂ ਨੇ ਫੁੱਲਾਂ ਦੇ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਉਸ ਦੀ ਕਾਮਯਾਬੀ ਦਾ ਜਸ਼ਨ ਮਨਾਇਆ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਸਾਕਾ ਨੇ ਸਾਬਤ ਕਰ ਦਿੱਤਾ ਹੈ ਕਿ ਮਿਹਨਤ ਅਤੇ ਲਗਨ ਅੱਗੇ ਕੋਈ ਵੀ ਮੁਸ਼ਕਲ ਵੱਡੀ ਨਹੀਂ ਹੁੰਦੀ।ਪਰਿਵਾਰਕ ਮੈਂਬਰਾਂ ਅਨੁਸਾਰ ਆਰਥਿਕ ਤੰਗੀਆਂ ਦੇ ਬਾਵਜੂਦ ਸਾਕਾ ਨੇ ਕਦੇ ਹੌਂਸਲਾ ਨਹੀਂ ਹਾਰਿਆ। ਉਸ ਨੇ ਦਿਨ-ਰਾਤ ਮਿਹਨਤ ਕਰਕੇ ਆਪਣੇ ਟੀਚੇ ਨੂੰ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਕਾ ਦੀ ਇਹ ਪ੍ਰਾਪਤੀ ਪੂਰੇ ਪਰਿਵਾਰ ਲਈ ਮਾਣ ਅਤੇ ਖੁਸ਼ੀ ਦਾ ਪਲ ਹੈ।ਇਸ ਮੌਕੇ ਭਾਵੁਕ ਪਲ ਉਸ ਵੇਲੇ ਵੇਖਣ ਨੂੰ ਮਿਲੇ ਜਦੋਂ ਸਾਕਾ ਨੇ ਆਪਣੇ ਮਾਤਾ-ਪਿਤਾ ਨੂੰ ਸਲੂਟ ਕਰਕੇ ਉਨ੍ਹਾਂ ਪ੍ਰਤੀ ਆਪਣਾ ਸਤਿਕਾਰ ਅਤੇ ਧੰਨਵਾਦ ਪ੍ਰਗਟ ਕੀਤਾ। ਉਸ ਦੀ ਮਾਤਾ ਬਬਲੀ, ਪਿਤਾ ਬੰਟੀ, ਦਾਦਾ ਬਿੱਲੂ ਰਾਮ ਅਤੇ ਹੋਰ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਵਿੱਚ ਖੁਸ਼ੀ ਸਾਫ਼ ਝਲਕ ਰਹੀ ਸੀ। ਪਰਿਵਾਰ ਨੇ ਇਸ ਉਪਲਬਧੀ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਮਾਣਮੱਤਾ ਪਲ ਕਰਾਰ ਦਿੱਤਾ। ਸਾਕਾ ਦੀ ਇਹ ਕਾਮਯਾਬੀ ਅੱਜ ਦੇ ਨੌਜਵਾਨਾਂ ਲਈ ਇੱਕ ਸੰਦੇਸ਼ ਹੈ ਕਿ ਜੇਕਰ ਇਰਾਦੇ ਨੇਕ ਅਤੇ ਹੌਂਸਲੇ ਬੁਲੰਦ ਹੋਣ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਰਹਿੰਦੀ। ਦਿਹਾੜੀ ਤੋਂ ਸ਼ੁਰੂ ਹੋਇਆ ਇਹ ਸਫ਼ਰ ਅੱਜ ਭਾਰਤੀ ਫ਼ੌਜ ਦੀ ਵਰਦੀ ਤੱਕ ਪਹੁੰਚ ਕੇ ਸੰਘਰਸ਼, ਮਿਹਨਤ ਅਤੇ ਕਾਮਯਾਬੀ ਦੀ ਇੱਕ ਪ੍ਰੇਰਣਾਦਾਇਕ ਦਾਸਤਾਨ ਬਣ ਗਿਆ ਹੈ।