- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਤੀ ਸੂਚਕ ਸ਼ਬਦ ਬੋਲਣ 'ਤੇ ਕਾਰਵਾਈ ਨਾ ਹੋਣ ਕਾਰਨ ਦਲਿਤ ਭਾਈਚਾਰੇ ’ਚ ਰੋਹ

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਪਿੰਡ ਥੂਹੀ ਦੇ ਸਰਪੰਚ ਨਾਲ ਕਥਿਤ ਤੌਰ 'ਤੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਨ ਦੇ ਮਾਮਲੇ ਨੂੰ ਲੈ ਕੇ ਵਿਵਾਦ ਹੋਰ ਭਖਦਾ ਨਜ਼ਰ ਆ ਰਿਹਾ ਹੈ। ਸ਼ਿਕਾਇਤ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਸ ਵਜੋਂ ਐਸਸੀ ਭਾਈਚਾਰੇ ਨਾਲ ਸਬੰਧਤ ਵੱਖ-ਵੱਖ ਜਥੇਬੰਦੀਆਂ ਤੇ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਪ੍ਰਸ਼ਾਸਨ ਖ਼ਿਲਾਫ਼ ਨਾਰਾਜ਼ਗੀ ਜਤਾਈ। ਪ੍ਰੈੱਸ ਕਾਨਫਰੰਸ ਦੌਰਾਨ ਕਾਂਗਰਸ ਆਗੂ ਬਨੀ ਖਹਿਰਾ, ਅਕਾਲੀ ਦਲ ਦੇ ਖੁਸ਼ਹਾਲ ਬਬਲੂ ਖੋਰਾ, ਪਿੰਡ ਥੂਹੀ ਦੇ ਸਰਪੰਚ ਸ਼ੇਰ ਸਿੰਘ ਤੇ ਹੋਰ ਦਲਿਤ ਆਗੂਆਂ ਨੇ ਦੱਸਿਆ ਕਿ ਬੀਤੇ ਦਿਨੀਂ ਪਿੰਡ ਦੇ ਦੋ ਵਿਅਕਤੀਆਂ ਵਿਚਾਲੇ ਹੋਏ ਝਗੜੇ ਸਬੰਧੀ ਜਦੋਂ ਸਰਪੰਚ ਸ਼ੇਰ ਸਿੰਘ ਸਦਰ ਥਾਣਾ ਨਾਭਾ ਪੁੱਜੇ ਤਾਂ ਪਿੰਡ ਥੂਹੀ ਦੇ ਗੁਰਮੀਤ ਸਿੰਘ ਤੇ ਪਿੰਡ ਘਮਰੋਦਾ ਦੇ ਹਰਜੀਤ ਸਿੰਘ ਨੇ ਉਨ੍ਹਾਂ ਨਾਲ ਕਥਿਤ ਤੌਰ 'ਤੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕਰਦਿਆਂ ਗਾਲੀ-ਗਲੌਚ ਕੀਤੀ। ਆਗੂਆਂ ਦਾ ਦੋਸ਼ ਹੈ ਕਿ ਥਾਣੇ ਤੋਂ ਬਾਹਰ ਵੀ ਕਈ ਲੋਕਾਂ ਦੀ ਮੌਜੂਦਗੀ ਵਿਚ ਸਰਪੰਚ ਨਾਲ ਅਪਮਾਨਜਨਕ ਵਿਵਹਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਪਟਿਆਲਾ ਦੇ ਐੱਸਪੀ ਨੂੰ ਸੌਂਪੀ ਗਈ ਸੀ, ਪਰ ਕਰੀਬ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੇ ਢਿੱਲੇ ਰਵੱਈਏ ਕਾਰਨ ਦਲਿਤ ਸਮਾਜ ਵਿਚ ਰੋਸ ਵਧ ਰਿਹਾ ਹੈ। ਇਸੇ ਕਾਰਨ ਦਲਿਤ ਭਾਈਚਾਰੇ ਨੇ ਪ੍ਰਸ਼ਾਸਨ ਨੂੰ ਛੇ ਦਿਨਾਂ ਦਾ ਅਲਟੀਮੇਟਮ ਦਿੰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਮਿਆਦ ਅੰਦਰ ਇਨਸਾਫ਼ ਨਾ ਮਿਲਿਆ ਤਾਂ 3 ਜੁਲਾਈ ਤੋਂ ਸੰਘਰਸ਼ ਨੂੰ ਪੰਜਾਬ ਪੱਧਰ 'ਤੇ ਵਧਾਇਆ ਜਾਵੇਗਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਕੁਲਵਿੰਦਰ ਸਿੰਘ (ਯੂਥ ਕਾਂਗਰਸ), ਗੁਰਦੀਪ ਸਿੰਘ ਗੁਰੀ, ਹਰਪ੍ਰੀਤ ਸਿੰਘ, ਸਰਬਜੀਤ ਸਿੰਘ, ਰਾਜਵਿੰਦਰ ਸਿੰਘ ਰਾਜੂ, ਬਲਜਿੰਦਰ ਸਿੰਘ, ਜਤਿੰਦਰ ਸਿੰਘ ਰਾਜੂ, ਰਜਿੰਦਰ ਸਿੰਘ ਸਾਧੋਹੇੜੀ, ਦਰਸ਼ਨ ਸਿੰਘ ਮੈਣ ਅਤੇ ਅਜੈਬ ਸਿੰਘ ਬਠੋਈ ਸਮੇਤ ਹੋਰ ਆਗੂ ਵੀ ਮੌਜੂਦ ਰਹੇ। ਉਨ੍ਹਾਂ ਕਿਹਾ ਕਿ ਐਸਸੀ/ਐਸਟੀ ਐਕਟ ਲਾਗੂ ਹੋਣ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਚਿੰਤਾਜਨਕ ਹਨ ਤੇ ਪੀੜਤਾਂ ਨੂੰ ਇਨਸਾਫ਼ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਦੂਜੇ ਪਾਸੇ, ਵਿਦੇਸ਼ ਵਿਚ ਮੌਜੂਦ ਗੁਰਮੀਤ ਸਿੰਘ ਤੇ ਹਰਜੀਤ ਸਿੰਘ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਉਹ ਆਪਣੇ ਨਿੱਜੀ ਘਰੇਲੂ ਮਾਮਲੇ ਸਬੰਧੀ ਗੱਲਬਾਤ ਕਰਨ ਗਏ ਸਨ। ਹਰਜੀਤ ਸਿੰਘ ਨੇ ਦਾਅਵਾ ਕੀਤਾ ਕਿ ਉਹ ਸਰਪੰਚ ਨੂੰ ਜਾਣਦਾ ਤੱਕ ਨਹੀਂ ਅਤੇ ਨਾ ਹੀ ਉਸ ਨੇ ਕੋਈ ਜਾਤੀ ਸੂਚਕ ਸ਼ਬਦ ਬੋਲੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਝੂਠੇ ਮਾਮਲੇ ਵਿਚ ਫਸਾਇਆ ਜਾ ਰਿਹਾ ਹੈ।