ਵਿਸ਼ਵ ਯੋਗਾਸਨ ਚੈਂਪੀਅਨਸ਼ਿਪ 2026 'ਚ ਭਾਰਤੀ ਖਿਡਾਰੀਆਂ ਦਾ ਦਬਦਬਾ : 114 ਤਮਗਿਆਂ 'ਤੇ ਕਬਜ਼ਾ ਕਰਕੇ ਵਿਸ਼ਵ ਪੱਧਰ 'ਤੇ ਗੱਡੇ ਝੰਡੇ
4 ਤੋਂ 8 ਜੂਨ 2026 ਤੱਕ ਅਹਿਮਦਾਬਾਦ ’ਚ ਹੋਈ ਪਹਿਲੀ ਵਿਸ਼ਵ ਯੋਗਾਸਨ ਖੇਡ ਚੈਂਪੀਅਨਸ਼ਿਪ ’ਚ ਭਾਰਤ ਨੇ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਕੁੱਲ 114 ਤਮਗੇ ਜਿੱਤ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ। ਭਾਰਤੀ ਟੀਮ ਨੇ 102 ਸੋਨ, 9 ਚਾਂਦੀ ਤੇ 3 ਕਾਂਸੀ ਦੇ ਤਮਗੇ ਆਪਣੇ ਨਾਮ ਕਰ ਕੇ ਵਿਸ਼ਵ ਪੱਧਰ ‘ਤੇ ਆਪਣੀ ਬਾਦਸ਼ਾਹਤ ਸਾਬਤ ਕੀਤੀ।
Publish Date: Sat, 13 Jun 2026 12:05 PM (IST)
Updated Date: Sat, 13 Jun 2026 12:07 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : 4 ਤੋਂ 8 ਜੂਨ 2026 ਤੱਕ ਅਹਿਮਦਾਬਾਦ ’ਚ ਹੋਈ ਪਹਿਲੀ ਵਿਸ਼ਵ ਯੋਗਾਸਨ ਖੇਡ ਚੈਂਪੀਅਨਸ਼ਿਪ ’ਚ ਭਾਰਤ ਨੇ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਕੁੱਲ 114 ਤਮਗੇ ਜਿੱਤ ਕੇ ਨਵਾਂ ਕੀਰਤੀਮਾਨ ਸਥਾਪਤ ਕੀਤਾ। ਭਾਰਤੀ ਟੀਮ ਨੇ 102 ਸੋਨ, 9 ਚਾਂਦੀ ਤੇ 3 ਕਾਂਸੀ ਦੇ ਤਮਗੇ ਆਪਣੇ ਨਾਮ ਕਰ ਕੇ ਵਿਸ਼ਵ ਪੱਧਰ ‘ਤੇ ਆਪਣੀ ਬਾਦਸ਼ਾਹਤ ਸਾਬਤ ਕੀਤੀ।
ਵਿਅਕਤੀਗਤ ਪ੍ਰਾਪਤੀਆਂ ’ਚ ਪੰਜਾਬ ਦੀ ਅਲਕਾ ਪੇਰੀਵਾਲ ਨੇ ਸੀਨੀਅਰ ਗਰਲਜ਼ ਵਰਗ ਦੇ ਬੈਕਵਰਡ ਬੈਂਡਿੰਗ ਈਵੈਂਟ ’ਚ ਸੋਨ ਤਮਗਾ ਜਿੱਤ ਕੇ ਪੰਜਾਬ ਦਾ ਮਾਣ ਵਧਾਇਆ। ਹੋਰ ਖਿਡਾਰੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਦੇ 114 ਤਮਗਿਆਂ ਦੇ ਇਸ ਵੱਡੇ ਖਾਤੇ ’ਚ ਯੋਗਦਾਨ ਪਾਇਆ।
ਇਸ ਵਿਸ਼ਵ ਚੈਂਪੀਅਨਸ਼ਿਪ ਦੀ ਤਿਆਰੀ ਲਈ ਯੋਗਾਸਨ ਭਾਰਤ ਵੱਲੋਂ ਭਾਰਤੀ ਖੇਡ ਅਥਾਰਿਟੀ (ਸਾਈ) ਦੇ ਵੀਰ ਸਾਵਰਕਰ ਸਪੋਰਟਸ ਕੰਪਲੈਕਸ, ਅਹਿਮਦਾਬਾਦ ’ਚ 10 ਮਈ ਤੋਂ 3 ਜੂਨ ਤੱਕ ਵਿਸ਼ੇਸ਼ ਰਾਸ਼ਟਰੀ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ’ਚ ਦੇਸ਼ ਭਰ ਦੇ ਵੱਖ-ਵੱਖ ਉਮਰ ਵਰਗਾਂ ਦੇ 122 ਚੁਣਿੰਦਾ ਖਿਡਾਰੀਆਂ ਨੇ ਹਿੱਸਾ ਲਿਆ।
ਰਾਸ਼ਟਰੀ ਕੈਂਪ ਦੀ ਅਗਵਾਈ ਟੀਮ ਇੰਡੀਆ ਦੇ ਮੁੱਖ ਕੋਚ ਡਾ. ਸੀ.ਕੇ. ਮਿਸ਼ਰਾ ਨੇ ਕੀਤੀ। ਉਨ੍ਹਾਂ ਨਾਲ ਮਾਹਿਰ ਸਹਾਇਕ ਸਟਾਫ ਦੀ ਟੀਮ ਨੇ ਖਿਡਾਰੀਆਂ ਨੂੰ ਉੱਚ ਪੱਧਰੀ ਸਿਖਲਾਈ ਤੇ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ। ਭਾਰਤੀ ਟੀਮ ਦਾ ਅਧਿਕਾਰਤ ਐਲਾਨ 3 ਜੂਨ ਨੂੰ ਕੈਂਪ ਦੇ ਸਮਾਪਤੀ ਸਮਾਰੋਹ ਦੌਰਾਨ ਕੀਤਾ ਗਿਆ। ਇਸ ਮੌਕੇ ਵਰਲਡ ਯੋਗਾਸਨ ਤੇ ਯੋਗਾਸਨ ਭਾਰਤ ਦੇ ਸਕੱਤਰ ਜਨਰਲ ਡਾ. ਜੈਦੀਪ ਆਰਿਆ ਤੇ ਪ੍ਰਧਾਨ ਉਦਿਤ ਸ਼ੇਠ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।