ਬੇਰੁਜ਼ਗਾਰਾਂ ਦੀ ਸੱਥ ’ਚ ਨਹੀਂ ਬਹੁੜੇ ਅਮਨ ਅਰੋੜਾ
ਬੇਰੁਜ਼ਗਾਰਾਂ ਦੀ ਸੱਥ ਚ, ਨਹੀਂ ਬਹੁੜੇ ਅਮਨ ਅਰੋੜਾ
Publish Date: Sun, 28 Jun 2026 06:12 PM (IST)
Updated Date: Mon, 29 Jun 2026 04:04 AM (IST)

ਕੋਠੀ ਮੂਹਰੇ ਸੱਥ ਲਾ ਕੇ ਵਾਪਸ ਪਰਤੇ ਬੇਰੁਜ਼ਗਾਰ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਬੇਰੁਜ਼ਗਾਰ ਸਾਂਝੇ ਮੋਰਚੇ ਨੇ ਸਰਕਾਰ ਦੇ ਬਰਾਬਰ ਆਪਣੀ ਸੱਥ ਲਾਉਣ ਦੀ ਮੁਹਿੰਮ ਵਿੱਢੀ ਮੁਹਿੰਮ ਤਹਿਤ ਐਤਵਾਰ ਨੂੰ ਸੁਨਾਮ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਮੂਹਰੇ ਸੱਥ ਲਾ ਕੇ ਸਰਕਾਰ ਨੂੰ ਘੇਰਿਆ। ਸਿਵਲ ਹਸਪਤਾਲ ਸਾਹਮਣੇ ਓਵਰ ਬ੍ਰਿਜ ਹੇਠਾਂ ਇਕੱਠੇ ਹੋ ਕੇ ਬੇਰੁਜ਼ਗਾਰਾਂ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀਅਮਨ ਅਰੋੜਾ ਦੀ ਕੋਠੀ ਵੱਲ ਨੂੰ ਰੋਸ ਮਾਰਚ ਸ਼ੁਰੂ ਕੀਤਾ। ਪ੍ਰੰਤੂ ਕੋਠੀ ਨੇੜੇ ਵੱਡੀ ਗਿਣਤੀ ਵਿੱਚ ਪਹਿਲਾਂ ਤੋ ਹੀ ਤਾਇਨਾਤ ਭਾਰੀ ਪੁਲਿਸ ਬਲ ਨੇ ਬੇਰੁਜ਼ਗਾਰਾਂ ਨੂੰ ਕੋਠੀ ਨੇੜੇ ਹੀ ਡੱਕ ਲਿਆ। ਰੋਹ ਵਿੱਚ ਆਏ ਬੇਰੁਜ਼ਗਾਰਾਂ ਨੇ ਤਿੱਖੜ ਦੁਪਹਿਰ ਨੂੰ ਤਪਦੀ ਸੜਕ ਉੱਤੇ ਹੀ ਅਮਨ ਅਰੋੜਾ ਲਈ ਕੁਰਸੀ ਰੱਖ ਕੇ ਬੇਰੁਜ਼ਗਾਰਾਂ ਦੀ ਸੱਥ ਸ਼ੁਰੂ ਕਰ ਦਿੱਤੀ। ਉਹਨਾਂ ਬਕਾਇਦਾ ਮੰਤਰੀ ਅਮਨ ਅਰੋੜਾ ਲਈ ਕੁਰਸੀ ਰੱਖੀ ਹੋਈ ਸੀ। ਉਹਨਾਂ ਅਰੋੜਾ ਨੂੰ ਬੇਰੁਜ਼ਗਾਰਾਂ ਦੀ ਸੱਥ ਵਿੱਚ ਪਹੁੰਚ ਕੇ ਬੇਰੁਜ਼ਗਾਰਾਂ ਨਾਲ ਰੁਜ਼ਗਾਰ ਦੇ ਮੁੱਦੇ ਤੇ ਬਹਿਸ ਕਰਨ ਦਾ ਸੱਦਾ ਦਿੱਤਾ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸੇਖਾ, ਹਰਜਿੰਦਰ ਝੁਨੀਰ ਅਤੇ ਲਖਬੀਰ ਸਿੰਘ ਸਿਰੀਏਵਾਲੇ ਦੀ ਅਗਵਾਈ ਵਿੱਚ ਇਕੱਠੇ ਹੋਏ ਬੇਰੁਜ਼ਗਾਰਾਂ ਨੇ ਪੰਜਾਬ ਸਰਕਾਰ ਦੇ ਉਸ ਪ੍ਰਚਾਰ ਨੂੰ ਝੂਠਾ ਦੱਸਿਆ ਜਿਸ ਵਿੱਚ ਸਰਕਾਰ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਵੱਡੀ ਗਿਣਤੀ ਨੌਕਰੀਆਂ ਦੇਣ ਦੇ ਦਾਅਵੇ ਕਰ ਰਹੀ ਹੈ। ਉਹਨਾਂ 68 ਹਜ਼ਾਰ ਨੌਕਰੀਆਂ ਅਤੇ ਸਿੱਖਿਆ ਵਿਭਾਗ ਵਿੱਚ 17 ਹਜ਼ਾਰ ਅਧਿਆਪਕ ਭਰਤੀ ਕਰਨ ਦੇ ਪ੍ਰਚਾਰ ਨੂੰ ਝੂਠਾ ਦੱਸਿਆ। ਮੰਤਰੀ ਅਮਨ ਅਰੋੜਾ ਦੀ ਕੋਠੀ/ ਦਫਤਰ ਸਾਹਮਣੇ ਲੰਬਾ ਸਮਾਂ ਸਟੇਜ ਚਲਾਕੇ ਨਾਅਰੇਬਾਜ਼ੀ ਕਰਦੇ ਬੇਰੁਜ਼ਗਾਰ ਉਹਨਾਂ ਦੀ ਉਡੀਕ ਕਰਦੇ ਰਹੇ। ਆਖਰ ਕਰੀਬ 3 ਵਜੇ ਬੇਰੁਜ਼ਗਾਰਾਂ ਨੇ “ਅਮਨ ਅਰੋੜਾ ਭਗੌੜਾ ਹੈ” ਦੇ ਨਾਅਰੇ ਲਾਉਂਦੇ ਹੋਏ ਸੱਥ ਖਤਮ ਕਰ ਦਿੱਤੀ। ਬੇਰੁਜ਼ਗਾਰਾਂ ਨੇ ਮੰਗ ਕੀਤੀ ਕਿ ਸਿੱਖਿਆ ਵਿਭਾਗ ਵਿੱਚ ਮਾਸਟਰ ਕੇਡਰ ਅਤੇ ਲੈਕਚਰਾਰ ਦੇ ਸਾਰੇ ਵਿਸ਼ਿਆਂ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ, ਮਾਸਟਰ ਕੇਡਰ ਵਿੱਚ ਥੋਪੀ ਬੇਤੁਕੀ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਨੂੰ ਮੁੱਢੋ ਰੱਦ ਕੀਤਾ ਜਾਵੇ, ਆਰਟ ਐਂਡ ਕਰਾਫਟ ਦੀਆਂ ਪਹਿਲਾਂ ਜਾਰੀ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਲਈ ਜਾਵੇ, ਸਿਹਤ ਵਿਭਾਗ ਵਿੱਚ ਮਲਟੀਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਭਰੀਆਂ ਜਾਣ ਅਤੇ ਸਿੱਖਿਆ ਵਿਭਾਗ ਵਿੱਚ ਸਰੀਰਕ ਸਿੱਖਿਆ ਦੇ ਮਾਸਟਰ ਅਤੇ ਲੈਕਚਰਾਰ ਭਰਤੀ ਕੀਤੇ ਜਾਣ। ਪ੍ਰਸ਼ਾਸ਼ਨ ਵੱਲੋਂ ਬੇਰੁਜ਼ਗਾਰਾਂ ਦੀ ਮੀਟਿੰਗ ਮੁੱਖ ਮੰਤਰੀ ਦੇ ਦਫਤਰ ਚੰਡੀਗੜ੍ਹ ਵਿਖੇ 8 ਜੁਲਾਈ ਲਈ ਨਿਸ਼ਚਿਤ ਕਰਵਾਈ ਗਈ। ਇਸ ਮੌਕੇ ਭਰਾਤਰੀ ਜਥੇਬੰਦੀਆਂ ਦੇ ਆਗੂ ਬਲਵੀਰ ਚੰਦ ਲੌਂਗੋਵਾਲ,ਗੋਬਿੰਦ ਛਾਜਲੀ, ਜੁਝਾਰ ਸਿੰਘ ਲੌਂਗੋਵਾਲ ਤੋ ਇਲਾਵਾ ਬੇਰੁਜ਼ਗਾਰ ਆਗੂ ਸੰਦੀਪ ਮੋਫ਼ਰ, ਗਗਨਦੀਪ ਕੌਰ, ਗੁਰਜੀਤ ਕੌਰ, ਅਮਨਦੀਪ ਕੌਰ, ਰਾਜਵੀਰ ਕੌਰ, ਸ਼ਿੰਦਰਪਾਲ ਕੌਰ, ਸੁਖਵੀਰ ਕੌਰ, ਸਿਮਰਨਜੀਤ ਕੌਰ, ਲਲਿਤਾ ਪਟਿਆਲਾ,ਸੁਖਪਾਲ ਖਾਨ, ਸਾਬਰ ਖਾਂ, ਗੁਰਪਰੀਤ ਸਿੰਘ ਗਾਜ਼ੀਪੁਰ,ਅਵਤਾਰ ਸਿੰਘ ਭੁੱਲਰ ਹੇੜੀ,ਮਨਦੀਪ ਸਿੰਘ ਭੱਦਲ ਵੱਢ,ਗਗਨਦੀਪ ਸਿੰਘ ਮਾਲੇਰਕੋਟਲਾ, ਲਖਵੀਰ ਸਿੰਘ ਲੱਖਾ ਬੀਹਲਾ,ਗੁਰਦੀਪ ਰਾਮਗੜ੍ਹ, ਅਵਤਾਰ ਹਰੀਗੜ੍ਹ ,ਹਰਸ਼ਰਨ ਭੱਠਲ, ਰਣਜੀਤ ਮੌੜ, ਦਰਸ਼ਨ ਸਿੰਘ ਲੱਡਾ, ਸ਼ਮਸ਼ੇਰ ਰੱਲੀ, ਗੁਰਜੰਟ ਖੱਤਰੀ ਵਾਲਾ, ਹਰਮੇਸ਼ ਸਿੰਘ ਆਦਿ ਹਾਜ਼ਰ ਸਨ।