- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਸਬੰਧੀ ਅੱਜ ਪੀ.ਆਰ.ਟੀ.ਸੀ. ਦੇ ਮੁੱਖ ਦਫ਼ਤਰ ਵਿਖੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਅਤੇ ਮੈਨੇਜਿੰਗ ਡਾਇਰੈਕਟਰ ਮਨੀਸ਼ਾ ਰਾਣਾ ਆਈ ਏ ਐਸ ਦੀ ਪ੍ਰਧਾਨਗੀ ਹੇਠ ਅਧਿਕਾਰੀਆਂ ਅਤੇ ਮੁੰਬਈ ਦੀ 'ਓਮਨੀਫਿਸੈਂਟ ਟੈਕਨੋਲੋਜੀ ਪ੍ਰਾਈਵੇਟ ਲਿਮਟਿਡ' ਕੰਪਨੀ ਦੇ ਸੀ.ਈ.ਓ.ਅਮਿਤ ਮਹਿਤਾ ਤੇ ਸਾਫਟਵੇਅਰ ਇੰਜੀਨੀਅਰ ਪ੍ਰਦੀਪ ਮਿਸ਼ਰਾ ਨਾਲ ਮੀਟਿੰਗ ਕੀਤੀ ਗਈ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ: ਪੀਆਰਟੀਸੀ ਹੁਣ ਹਾਈ ਟੈਕ ਹੋਣ ਵੱਲ ਆਪਣੇ ਕਦਮ ਵਧਾ ਰਿਹਾ ਹੈ। ਸਵਾਰੀਆਂ ਦੀ ਸਹੂਲਤ ਨੂੰ ਦੇਖਦਿਆਂ ਟਿਕਟਾਂ ਦੀ ਅਦਾਇਗੀ ਲਈ ਆਨਲਾਈਨ ਸਿਸਟਮ ਸ਼ੁਰੂ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਸਰਕਾਰੀ ਸੇਵਾਵਾਂ ਦੇ ਸੰਪੂਰਨ ਕੰਪਿਊਟਰੀਕਰਨ ਅਤੇ ਡਿਜੀਟਲ ਸੁਧਾਰਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਆਪਣੀਆਂ ਬੱਸਾਂ ਵਿੱਚ ਨਵੀਂਆਂ ਆਨਲਾਈਨ ਈਟੀਐਮ. ਮਸ਼ੀਨਾਂ ਲਾਉਣ ਦੀ ਤਿਆਰੀ ਕਰ ਲਈ ਗਈ ਹੈ। ਇਸ ਸਬੰਧੀ ਅੱਜ ਪੀ.ਆਰ.ਟੀ.ਸੀ. ਦੇ ਮੁੱਖ ਦਫ਼ਤਰ ਵਿਖੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਅਤੇ ਮੈਨੇਜਿੰਗ ਡਾਇਰੈਕਟਰ ਮਨੀਸ਼ਾ ਰਾਣਾ ਆਈ ਏ ਐਸ ਦੀ ਪ੍ਰਧਾਨਗੀ ਹੇਠ ਅਧਿਕਾਰੀਆਂ ਅਤੇ ਮੁੰਬਈ ਦੀ 'ਓਮਨੀਫਿਸੈਂਟ ਟੈਕਨੋਲੋਜੀ ਪ੍ਰਾਈਵੇਟ ਲਿਮਟਿਡ' ਕੰਪਨੀ ਦੇ ਸੀ.ਈ.ਓ.ਅਮਿਤ ਮਹਿਤਾ ਤੇ ਸਾਫਟਵੇਅਰ ਇੰਜੀਨੀਅਰ ਪ੍ਰਦੀਪ ਮਿਸ਼ਰਾ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਪਟਿਆਲਾ ਡਿਪੂ ਵਿੱਚ ਨਵੀਂਆਂ ਆਨਲਾਈਨ ਟਿਕਟ ਮਸ਼ੀਨਾਂ ਸਬੰਧੀ ਚੱਲ ਰਹੇ ਪਾਇਲਟ ਪ੍ਰੋਜੈਕਟ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਗਈ ਅਤੇ ਸੁਧਾਰ ਲਈ ਜ਼ਰੂਰੀ ਨੁਕਤਿਆਂ 'ਤੇ ਵਿਚਾਰ ਕੀਤਾ ਗਿਆ। ਮੈਨੇਜਿੰਗ ਡਾਇਰੈਕਟਰ ਮਨੀਸ਼ਾ ਰਾਣਾ ਵੱਲੋਂ ਮੌਕੇ 'ਤੇ ਹੀ ਸਮੂਹ ਡਿਪੂਆਂ ਦੇ ਜਨਰਲ ਮੈਨੇਜਰਾਂ ਨੂੰ ਇਸ ਪ੍ਰੋਜੈਕਟ ਨੂੰ ਪੂਰੇ ਪੰਜਾਬ ਵਿੱਚ ਜਲਦ ਤੋਂ ਜਲਦ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ।
ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਨੇ ਮਸ਼ੀਨਾਂ ਦਾ ਲਾਈਵ ਡੈਮੋ ਖੁਦ ਚੈੱਕ ਕਰਨ ਤੋਂ ਬਾਅਦ ਦੱਸਿਆ ਕਿ ਇਸ ਨਵੀਂ ਪ੍ਰਣਾਲੀ ਨਾਲ ਯਾਤਰੀਆਂ ਨੂੰ ਨਕਦ ਪੈਸੇ ਦੇਣ ਦੀ ਲੋੜ ਨਹੀਂ ਪਵੇਗੀ, ਉਹ ਯੂ.ਪੀ.ਆਈ., ਡੈਬਿਟ ਜਾਂ ਕ੍ਰੈਡਿਟ ਕਾਰਡ ਰਾਹੀਂ ਆਨਲਾਈਨ ਕਿਰਾਇਆ ਅਦਾ ਕਰ ਸਕਣਗੇ। ਉਨ੍ਹਾਂ ਅੱਗੇ ਵੱਡਾ ਐਲਾਨ ਕਰਦਿਆਂ ਦੱਸਿਆ ਕਿ ਆਮ ਜਨਤਾ ਦੀ ਸਹੂਲਤ ਲਈ ਪੀ.ਆਰ.ਟੀ.ਸੀ. ਵੱਲੋਂ ਇੱਕ ਵਿਸ਼ੇਸ਼ ਮੋਬਾਈਲ ਐਪਲੀਕੇਸ਼ਨ ਵੀ ਜਾਰੀ ਕੀਤੀ ਜਾ ਰਹੀ ਹੈ। ਇਸ ਐਪ ਰਾਹੀਂ ਮੁਸਾਫ਼ਰ ਬੱਸਾਂ ਦੀ ਲਾਈਵ ਲੋਕੇਸ਼ਨ, ਆਨਲਾਈਨ ਟਿਕਟ ਬੁਕਿੰਗ ਅਤੇ ਸਮੇਂ ਦੀ ਸਾਰਣੀ ਬਾਰੇ ਜਾਣਕਾਰੀ ਘਰ ਬੈਠੇ ਹੀ ਹਾਸਲ ਕਰ ਸਕਣਗੇ।
ਚੇਅਰਮੈਨ ਜੁਨੇਜਾ ਨੇ ਕਿਹਾ ਕਿ ਪੀ.ਆਰ.ਟੀ.ਸੀ. ਦੇ ਆਈ.ਟੀ. ਸੈੱਲ ਨੂੰ ਹੋਰ ਮਜ਼ਬੂਤ ਕਰਨ ਅਤੇ ਯਾਤਰੀਆਂ ਨੂੰ ਹਾਈ-ਟੈਕ ਸਹੂਲਤਾਂ ਦੇਣ ਲਈ ਭਵਿੱਖ ਵਿੱਚ ਵੀ ਅਜਿਹੇ ਕਦਮ ਜਾਰੀ ਰਹਿਣਗੇ। ਉਨ੍ਹਾਂ ਇਸ ਲੋਕ-ਪੱਖੀ ਤੇ ਸ਼ਲਾਘਾਯੋਗ ਪਹਿਲਕਦਮੀ ਲਈ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਮੀਟਿੰਗ ਦੌਰਾਨ ਜਨਰਲ ਮੈਨੇਜਰ ਪਟਿਆਲਾ ਜਤਿੰਦਰਪਾਲ ਸਿੰਘ ਗਰੇਵਾਲ, ਜਨਰਲ ਮੈਨੇਜਰ ਸੰਗਰੂਰ ਮਨਿੰਦਰਪਾਲ ਸਿੰਘ ਸਿੱਧੂ, ਜਨਰਲ ਮੈਨੇਜਰ (ਆਈ.ਟੀ.) ਰਮਨ ਸ਼ਰਮਾ ਅਤੇ ਆਈ.ਟੀ. ਵਿੰਗ ਦੇ ਮਾਹਿਰ ਮੌਜੂਦ ਸਨ, ਜਦਕਿ ਹੋਰਨਾਂ ਡਿਪੂਆਂ ਦੇ ਜਨਰਲ ਮੈਨੇਜਰ ਵੀਡੀਓ ਕਾਨਫ਼ਰੰਸਿੰਗ ਰਾਹੀਂ ਸ਼ਾਮਲ ਹੋਏ।