ਤੂਫ਼ਾਨ ਤੇ ਬਾਰਿਸ਼ ਨੇ ਕਾਸ਼ਤਕਾਰਾਂ ਦੀਆਂ ਉਮੀਦਾਂ ’ਤੇ ਫੇਰਿਆ ਪਾਣੀ
ਤੇਜ ਤੂਫ਼ਾਨ ਤੇ ਬਾਰਿਸ਼ ਨੇ ਕਾਸ਼ਤਕਾਰਾਂ ਦੀਆਂ ਉਮੀਦਾਂ 'ਤੇ ਫੇਰਿਆ ਪਾਣੀ
Publish Date: Sat, 13 Jun 2026 03:47 PM (IST)
Updated Date: Sun, 14 Jun 2026 04:00 AM (IST)

ਕੱਦੂਆਂ ਫਲੀਆਂ ਤੇ ਆੜੂਆਂ ਦੇ ਬੂਟਿਆਂ ਦਾ ਹੋਇਆ ਨੁਕਸਾਨ ਸੱਤਪਾਲ ਸਿੰਘ ਕਾਲਾਬੂਲਾ , ਪੰਜਾਬੀ ਜਾਗਰਣ, ਮਾਲੇਰਕੋਟਲਾ : ਬੀਤੇ ਦਿਨੀਂ ਮਾਲੇਰਕੋਟਲਾ ਤੇ ਕਸਬਾ ਸ਼ੇਰਪੁਰ ਅੰਦਰ ਆਏ ਤੇਜ਼ ਤੂਫਾਨ ਤੇ ਬਾਰਿਸ਼ ਨੇ ਸਬਜੀ ਕਾਸ਼ਤਕਾਰਾਂ ਦੀਆਂ ਜਿੱਥੇ ਆਸਾਂ ਉਮੀਦਾਂ ’ਤੇ ਪਾਣੀ ਫੇਰਿਆ ਉਥੇ ਉਨ੍ਹਾਂ ਦੀਆਂ ਮੁਸ਼ਕਲਾਂ ’ਚ ਹੋਰ ਵੀ ਵਾਧਾ ਹੋਇਆ। ਜਦਕਿ ਪਹਿਲਾਂ ਹੀ ਪਿਛਲੇ ਦਿਨਾਂ ਦੌਰਾਨ ਪਈ ਤੇਜ਼ ਤਪਸ਼ ਤੇ ਘੱਟ ਪੈਦਾਵਾਰ ਤੇ ਮੰਦੀ ਦੀ ਮਾਰ ਨਾਲ ਜੂਝ ਰਹੇ ਸਬਜ਼ੀ ਕਾਸ਼ਤਕਾਰ ਕਿਸਾਨਾਂ ਨੂੰ ਹੁਣ ਲੰਘੀ ਰਾਤ ਆਏ ਤੂਫ਼ਾਨ ਨੇ ਵੱਡਾ ਝਟਕਾ ਦਿੱਤਾ ਹੈ। ਤੇਜ਼ ਹਵਾਵਾਂ ਕਾਰਨ ਵੱਡੀ ਗਿਣਤੀ ਵਿਚ ਆੜੂ ਦੇ ਫ਼ਲ ਰੁੱਖ ਤੋਂ ਝੜ ਗਏ, ਜਦਕਿ ਕਈ ਕੱਦੂਆਂ ਤੇ ਫਲੀਆਂ ਦੀਆਂ ਵੇਲਾਂ ਵੀ ਪੀਲੀਆਂ ਪੈਣ ਲੱਗ ਗਈਆਂ ਹਨ। ਕਿਸਾਨ ਸੁਖਜਿੰਦਰ ਸਿੰਘ ਪੰਜਗਰਾਈਆਂ ਦਾ ਕਹਿਣਾ ਹੈ ਕਿ ਇਸ ਵਾਰ ਪਹਿਲਾਂ ਲਗਾਤਾਰ ਪਈ ਤੇਜ਼ ਧੁੱਪ ਦੀ ਗਰਮੀ ਨੇ ਕੱਦੂਆ ਤੇ ਤੋਰੀਆਂ ਦੀਆਂ ਬੇਲਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ। ਨਵੀਆਂ ਵੇਲਾਂ ਦਾ ਵੀ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਆੜੂਆਂ ਦੇ ਬੂਟਿਆਂ ਨੂੰ ਲੱਗਿਆ ਫਲ ਵੀ ਪੂਰੀ ਤਰ੍ਹਾਂ ਝੜ ਗਿਆ ਹੈ। ਇਸ ਆਫਤ ਕਾਰਨ ਉਨ੍ਹਾਂ ਨੂੰ ਕਾਫੀ ਆਰਥਿਕ ਨੁਕਸਾਨ ਹੋਇਆ ਹੈ। ਕਿਸਾਨ ਅਨੁਸਾਰ ਜਿਹੜੇ ਫ਼ਲ ਕੁਝ ਹੀ ਦਿਨਾਂ ਵਿਚ ਮੰਡੀਆਂ ’ਚ ਪਹੁੰਚਣ ਵਾਲੇ ਸਨ, ਉਹ ਵੱਡੀ ਗਿਣਤੀ ਵਿਚ ਜ਼ਮੀਨ ’ਤੇ ਡਿੱਗ ਕੇ ਖ਼ਰਾਬ ਹੋ ਗਏ ਹਨ। ਦੂਜੇ ਪਾਸੇ ਸ਼ੇਰਪੁਰ ਇਲਾਕੇ ਦੇ ਨੇੜਲੇ ਪਿੰਡ ਕਾਲਾਬੂਲਾ ਦੇ ਸਬਜ਼ੀ ਕਾਸ਼ਤਕਾਰ ਤੇ ਵਿਕਰੇਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਉਹ ਹਰ ਸਾਲ 6 ਵਿੱਘੇ ਦੇ ਕਰੀਬ ਜ਼ਮੀਨ ਠੇਕੇ ’ਤੇ ਲੈ ਕੇ ਸਬਜ਼ੀ ਨੂੰ ਉਗਾਉਂਦੇ ਹਨ। ਤੇਜ਼ ਤਪਸ਼ ਨੇ ਕੱਦੂਆਂ ਦੀਆਂ ਵੇਲਾਂ ਨੂੰ ਸੁਕਾ ਦਿੱਤਾ ਹੈ ਤੇ ਬੂਟਿਆਂ ਉੱਪਰ ਫੁੱਲ ਨਾ ਹੋਣ ਕਰਕੇ ਕੱਦੂ ਦੀ ਪੈਦਾਵਾਰ ਘਟੀ ਹੈ। ਇਸੇ ਤਰ੍ਹਾਂ ਫਲੀਆਂ ਦੀਆਂ ਵੇਲਾਂ ਵੀ ਪੀਲੀਆਂ ਹੋਣ ਕਰ ਕੇ ਕਾਫੀ ਹੱਦ ਤੱਕ ਨੁਕਸਾਨੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇੱਕ ਵਿੱਘੇ ਦੇ ਕਰੀਬ ਦਾ ਰਕਬੇ ਵਿੱਚ ਕੱਦੂਆਂ ਦੀਆਂ ਵੇਲਾਂ ਬਿਲਕੁਲ ਹੀ ਖ਼ਤਮ ਹੋ ਗਈਆਂ ਹਨ। ਇਸ ਕਾਰਨ ਉਨ੍ਹਾਂ ਨੂੰ ਵੇਲਾਂ ਦੀ ਮਜਬੂਰਨ ਵਹਾਈ ਕਰਨੀ ਪਵੇਗੀ। ਕੁਦਰਤ ਦੀ ਕਰੋਪੀ ਕਾਰਨ ਇਸ ਵਾਰ ਕਾਸ਼ਤਕਾਰਾਂ ਨੂੰ ਕਾਫੀ ਆਰਥਿਕ ਨੁਕਸਾਨ ਚੱਲਣਾ ਪਵੇਗਾ। ਸਰਕਾਰ ਵੱਲੋਂ ਨੁਕਸਾਨੀਆਂ ਗਈਆਂ ਸਬਜ਼ੀ ਦਾ ਸਰਕਾਰਾਂ ਨੂੰ ਢੁਕਵਾ ਮੁਆਵਜ਼ਾ ਦੇਣਾ ਚਾਹੀਦਾ ਹੈ।