ਗਰਮੀ ਨੇ ਫਿਰ ਦਿਖਾਇਆ ਆਪਣਾ ਕਹਿਰ, ਤਾਪਮਾਨ 38 ਡਿਗਰੀ ਪਾਰ
ਗਰਮੀ ਨੇ ਫਿਰ ਦਿਖਾਇਆ ਆਪਣਾ ਕਹਿਰ, ਤਾਪਮਾਨ 38 ਡਿਗਰੀ ਪਾਰ
Publish Date: Sat, 20 Jun 2026 04:24 PM (IST)
Updated Date: Sun, 21 Jun 2026 04:01 AM (IST)

ਲੋਕ ਧੁੱਪ ਚ ਨਿਕਲਣ ਤੋਂ ਕਰਨ ਲੱਗੇ ਗੁਰੇਜ, ਪਾਣੀ ਤੇ ਸ਼ਿਕੰਜਵੀ ਦੀ ਵਰਤੋਂ ਵਧੀ ਸੱਤਪਾਲ ਸਿੰਘ ਕਾਲਾਬੂਲਾ ਪੰਜਾਬੀ ਜਾਗਰਣ, ਮਾਲੇਰਕੋਟਲਾ : ਕੁਝ ਦਿਨਾਂ ਦੀ ਹਲਕੀ ਰਾਹਤ ਤੋਂ ਬਾਅਦ ਸ਼ਹਿਰ ਤੇ ਆਸਪਾਸ ਦੇ ਇਲਾਕਿਆਂ ਅੰਦਰ ਮੁੜ ਤੋਂ ਗਰਮੀ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਪਾਰਾ ਲਗਾਤਾਰ ਵੱਧ ਰਿਹਾ ਹੈ ਤੇ ਹੁੰਮਸ ਭਰੀ ਗਰਮੀ ਨੇ ਲੋਕਾਂ ਨੂੰ ਮੁਸ਼ਕਲਾਂ ਵਿੱਚ ਪਾ ਦਿੱਤਾ ਹੈ। ਵੀਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ’ਚ ਅਚਾਨਕ ਦੋ ਡਿਗਰੀ ਦਾ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਸ਼ਹਿਰ ਤੇ ਪਿੰਡ ਵਾਸੀ ਫਿਰ ਗਰਮੀ ਨਾਲ ਹਾਲੋ ਬੇਹਾਲ ਨਜ਼ਰ ਆਏ। ਸ਼ੁੱਕਰਵਾਰ ਨੂੰ ਜਿੱਥੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ’ਤੇ ਸਥਿਰ ਸੀ, ਉੱਥੇ ਸ਼ਨਿੱਚਰਵਾਰ ਨੂੰ ਇਹ ਵੱਧ ਕੇ 37 ਤੋਂ 38 ਡਿਗਰੀ ਤੱਕ ਪਹੁੰਚ ਗਿਆ। ਇਹ ਆਮ ਨਾਲੋਂ ਕਰੀਬ ਦੋ ਡਿਗਰੀ ਵੱਧ ਹੈ। ਉੱਥੇ ਹੀ ਘੱਟ ਤੋਂ ਘੱਟ ਤਾਪਮਾਨ ਵੀ 31 ਡਿਗਰੀ ਦਰਜ ਕੀਤਾ ਗਿਆ, ਜਿਸ ਨਾਲ ਰਾਤਾਂ ਵੀ ਹੁੰਮਸ ਭਰੀਆਂ ਤੇ ਬੇਚੈਨ ਕਰਨ ਵਾਲੀਆਂ ਹੋ ਗਈਆਂ ਹਨ। ਹਵਾ ਵਿੱਚ ਨਮੀ ਦੀ ਮਾਤਰਾ ਕਰੀਬ 35 ਫ਼ੀਸਦੀ ਬਣੀ ਹੋਈ ਹੈ, ਜਿਸ ਕਾਰਨ ਪਸੀਨੇ ਨਾਲ ਤਰ-ਬਤਰ ਹੋਣ ਤੋਂ ਬਾਅਦ ਵੀ ਰਾਹਤ ਨਹੀਂ ਮਿਲ ਰਹੀ। ਦਿਨੇ ਧੁੱਪ ਇੰਨੀ ਤਿੱਖੀ ਰਹੀ ਕਿ ਦੁਪਹਿਰ ਵੇਲੇ ਸੜਕਾਂ ’ਤੇ ਸੰਨਾਟਾ ਪਸਰਿਆ ਰਿਹਾ ਤੇ ਵੱਧ ਤੋਂ ਵੱਧ ਲੋਕ ਆਪਣੇ ਘਰਾਂ ਵਿੱਚ ਹੀ ਦੁਬਕੇ ਰਹੇ। ਗਰਮੀ ਦੇ ਇਸ ਵੱਧਦੇ ਕਹਿਰ ਦਾ ਅਸਰ ਸ਼ਹਿਰ ਦੇ ਹਰ ਤਬਕੇ ਤੇ ਦੇਖਣ ਨੂੰ ਮਿਲਿਆ। ਦਿਹਾੜੀ ਮਜ਼ਦੂਰ, ਸਬਜ਼ੀ ਵਿਕਰੇਤਾ, ਆਟੋ-ਰਿਕਸ਼ਾ ਚਾਲਕ ਅਤੇ ਰਿਕਸ਼ਾਵਾਲੇ ਸਭ ਤੌਂ ਵੱਧ ਪ੍ਰਭਾਵਿਤ ਹੋਏ। ਚਿਲਚਿਲਾਉਂਦੀ ਧੁੱਪ ਵਿੱਚ ਕੰਮ ਕਰਨ ਨੂੰ ਮਜ਼ਬੂਰ ਇਨ੍ਹਾਂ ਲੋਕਾਂ ਦੇ ਸਾਹਮਣੇ ਪਾਣੀ ਦੀ ਘਾਟ ਅਤੇ ਲੂ ਲੱਗਣ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਉੱਥੇ ਹੀ ਬਿਜਲੀ ਦੇ ਓਵਰਲੋਡ ਕਾਰਨ ਕੁਝ ਥਾਵਾਂ ਤੇ ਬਿਜਲੀ ਕਟੌਤੀ ਵੀ ਸਾਹਮਣੇ ਆਈ, ਜਿਸ ਨਾਲ ਏਸੀ ਅਤੇ ਕੂਲਰ ਤੱਕ ਬੇਕਾਰ ਹੋ ਗਏ। ਸਿਹਤ ਮਾਹਿਰਾਂ ਨੇ ਇਸ ਮੌਸਮ ਵਿੱਚ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ। ਡਾਕਟਰਾਂ ਅਨੁਸਾਰ, ਵੱਧ ਤੋਂ ਵੱਧ ਤਾਪਮਾਨ ਵਿੱਚ ਅਚਾਨਕ ਵਾਧਾ ਅਤੇ ਲੂ ਦੇ ਝੱਖੜ ਹੀਟਸਟ੍ਰੋਕ, ਡੀਹਾਈਡੇਸ਼ਨ ਅਤੇ ਸਕਿਨ ਰੈਸ਼ੇਜ਼ ਵਰਗੀਆਂ ਸਮੱਸਿਆਵਾਂ ਨੂੰ ਵਧਾ ਸਕਦੇ ਹਨ। ਇਸ ਲਈ ਵੱਧ ਤੋਂ ਵੱਧ ਦਿਨ ਵਿੱਚ ਪਾਣੀ ਪੀਓ ਅਤੇ ਆਪਣਾ ਮੂੰਹ ਬਾਹਰ ਜਾਣ ਸਮੇਂ ਢੱਕ ਕੇ ਰੱਖੋ।