ਗਰਮ ਮੌਸਮ ਦੌਰਾਨ ਭੋਜਨ ਸੁਰੱਖਿਆ ਸਬੰਧੀ ਸਾਵਧਾਨੀਆਂ ਅਪਣਾਉਣ ਦੀ ਅਪੀਲ
ਗਰਮ ਮੌਸਮ ਦੌਰਾਨ ਭੋਜਨ ਸੁਰੱਖਿਆ ਸਬੰਧੀ ਸਾਵਧਾਨੀਆਂ ਅਪਣਾਉਣ ਦੀ ਅਪੀਲ
Publish Date: Wed, 17 Jun 2026 04:26 PM (IST)
Updated Date: Wed, 17 Jun 2026 04:27 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ•, ਪਟਿਆਲਾ : ਜ਼ਿਲ੍ਹਾ ਸਿਹਤ ਅਫ਼ਸਰ ਪਟਿਆਲਾ ਡਾ. ਗੁਰਪ੍ਰੀਤ ਕੌਰ ਨੇ ਜ਼ਿਲ੍ਹਾ ਵਾਸੀਆਂ ਤੇ ਭੋਜਨ ਕਾਰੋਬਾਰ ਸੰਚਾਲਕਾਂ ਨੂੰ ਗਰਮੀਆਂ ਦੇ ਮੌਸਮ ਦੌਰਾਨ ਭੋਜਨ ਸੁਰੱਖਿਆ ਸਬੰਧੀ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉੱਚ ਤਾਪਮਾਨ ਕਾਰਨ ਭੋਜਨ ਜਲਦੀ ਖਰਾਬ ਹੋ ਜਾਂਦਾ ਹੈ ਅਤੇ ਇਸ ਵਿਚ ਹਾਨੀਕਾਰਕ ਜੀਵਾਣੂ ਤੇਜ਼ੀ ਨਾਲ ਵੱਧਦੇ ਹਨ, ਜਿਸ ਨਾਲ ਫੂਡ ਪੌਇਜ਼ਨਿੰਗ, ਦਸਤ, ਉਲਟੀਆਂ ਅਤੇ ਹੋਰ ਭੋਜਨ-ਜਨਿਤ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਮੇਸ਼ਾ ਤਾਜ਼ਾ, ਗਰਮ ਅਤੇ ਸਾਫ਼-ਸੁਥਰਾ ਭੋਜਨ ਹੀ ਖਾਣ, ਖੁੱਲ੍ਹੇ ਵਿਚ ਰੱਖੇ ਭੋਜਨ ਤੋਂ ਪਰਹੇਜ਼ ਕਰਨ ਅਤੇ ਸਿਰਫ਼ ਸਾਫ਼ ਤੇ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਵਰਤੋਂ ਕਰਨ। ਖਾਣ ਤੋਂ ਪਹਿਲਾਂ ਤੇ ਟਾਇਲਟ ਦੀ ਵਰਤੋਂ ਤੋਂ ਬਾਅਦ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਬਹੁਤ ਜ਼ਰੂਰੀ ਹੈ। ਘਰਾਂ ਵਿੱਚ ਪਕਾਏ ਹੋਏ ਭੋਜਨ ਨੂੰ ਕਮਰੇ ਦੇ ਤਾਪਮਾਨ ਤੇ ਦੋ ਘੰਟਿਆਂ ਤੋਂ ਵੱਧ ਨਾ ਛੱਡਿਆ ਜਾਵੇ ਅਤੇ ਬਹੁਤ ਜ਼ਿਆਦਾ ਗਰਮੀ ਦੌਰਾਨ ਘਰ ਵਿੱਚ ਤਿਆਰ ਭੋਜਨ ਨੂੰ ਤਰਜੀਹ ਦਿੱਤੀ ਜਾਵੇ। ਡਾ. ਗੁਰਪ੍ਰੀਤ ਕੌਰ ਨੇ ਭੋਜਨ ਕਾਰੋਬਾਰ ਸੰਚਾਲਕਾਂ, ਰੈਸਟੋਰੈਂਟ ਮਾਲਕਾਂ, ਢਾਬਾ ਸੰਚਾਲਕਾਂ ਅਤੇ ਸਟਰੀਟ ਫੂਡ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਹਾਤਿਆਂ ਨੂੰ ਸਾਫ਼-ਸੁਥਰਾ ਅਤੇ ਕੀੜੇ-ਮਕੌੜਿਆਂ ਤੋਂ ਮੁਕਤ ਰੱਖਣ, ਭੋਜਨ ਨੂੰ ਢੱਕ ਕੇ ਰੱਖਣ ਅਤੇ ਧੂੜ, ਮੱਖੀਆਂ ਤੇ ਸਿੱਧੀ ਧੁੱਪ ਤੋਂ ਬਚਾਉਣ। ਉਨ੍ਹਾਂ ਕਿਹਾ ਕਿ ਗਰਮ ਅਤੇ ਠੰਡੇ ਭੋਜਨ ਦਾ ਨਿਰਧਾਰਿਤ ਤਾਪਮਾਨ ਬਣਾਈ ਰੱਖਿਆ ਜਾਵੇ, ਸਿਰਫ਼ ਪੀਣ ਯੋਗ ਪਾਣੀ ਦੀ ਵਰਤੋਂ ਕੀਤੀ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੇ ਨਕਲੀ ਰੰਗਾਂ ਜਾਂ ਹਾਨੀਕਾਰਕ ਰਸਾਇਣਾਂ ਦੀ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਭੋਜਨ ਨੂੰ ਸੰਭਾਲਣ ਵਾਲੇ ਕਰਮਚਾਰੀ ਸਾਫ਼ ਕੱਪੜੇ, ਐਪਰਨ, ਹੇਅਰ ਨੈੱਟ ਅਤੇ ਮਾਸਕ ਦੀ ਵਰਤੋਂ ਕਰਨ ਅਤੇ ਸਾਰੇ ਭੋਜਨ ਕਾਰੋਬਾਰ ਸੰਚਾਲਕ ਆਪਣੇ ਲਾਜ਼ਮੀ ਲਾਇਸੈਂਸ ਅਤੇ ਮੈਡੀਕਲ ਫਿਟਨੈਸ ਸਰਟੀਫਿਕੇਟ ਪ੍ਰਾਪਤ ਕਰਨ। ਭੋਜਨ ਪਦਾਰਥਾਂ ਦੀ ਮਿਆਦ ਪੁੱਗਣ ਦੀ ਤਾਰੀਖ ਅਤੇ ਲੇਬਲਾਂ ਦੀ ਜਾਂਚ ਕਰਨਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਥਾਂ ਅਸੁਰੱਖਿਅਤ ਜਾਂ ਮਿਲਾਵਟੀ ਭੋਜਨ ਵੇਖਣ ਨੂੰ ਮਿਲੇ ਤਾਂ ਇਸ ਸਬੰਧੀ ਤੁਰੰਤ ਸੂਚਨਾ ਦਿੱਤੀ ਜਾਵੇ।