- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਇਤਿਹਾਸਕ ਅਤੇ ਮਾਣਮੱਤੀ ਪ੍ਰਾਪਤੀ 'ਤੇ ਗੌਰਵ ਮਹਿਸੂਸ ਕਰਦਿਆਂ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਹਰਸ਼ਵੀਰ ਸਿੰਘ ਸੇਖੋਂ ਨੇ ਆਪਣੀ ਦਿਨ-ਰਾਤ ਦੀ ਅਣਥੱਕ ਮਿਹਨਤ, ਜਜ਼ਬੇ ਤੇ ਦ੍ਰਿੜ੍ਹਤਾ ਸਦਕਾ ਨਾ ਸਿਰਫ਼ ਪੰਜਾਬ ਰਾਜ ਦਾ, ਬਲਕਿ ਪੂਰੇ ਹਿੰਦੁਸਤਾਨ ਦਾ ਸਿਰ ਫ਼ਖ਼ਰ ਨਾਲ ਉੱਚਾ ਕੀਤਾ ਹੈ।

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਪੰਜਾਬ ਦੀ ਧਰਤੀ ਦੇ ਹੋਣਹਾਰ ਖਿਡਾਰੀਆਂ ਨੇ ਹਮੇਸ਼ਾ ਹੀ ਖੇਡ ਮੈਦਾਨਾਂ ’ਚ ਦੇਸ਼ ਦਾ ਨਾਂ ਪੂਰੀ ਦੁਨੀਆਂ ਵਿਚ ਚਮਕਾਇਆ ਹੈ। ਇਸੇ ਸੁਨਹਿਰੀ ਪੈੜ ਨੂੰ ਅੱਗੇ ਵਧਾਉਂਦਿਆਂ, ਪੰਜਾਬ ਦੇ ਟ੍ਰੈਕ ਸਾਈਕਲਿਸਟ ਹਰਸ਼ਵੀਰ ਸਿੰਘ ਸੇਖੋਂ ਨੇ ਇਕ ਵੱਡੀ ਅੰਤਰਰਾਸ਼ਟਰੀ ਪ੍ਰਾਪਤੀ ਆਪਣੇ ਨਾਂ ਕੀਤੀ ਹੈ। ਹਰਸ਼ਵੀਰ ਸਿੰਘ ਦੀ ਸ਼ਾਨਦਾਰ ਖੇਡ ਬਦੌਲਤ ਉਸ ਦੀ ਚੋਣ 30 ਜੁਲਾਈ ਤੋਂ 02 ਅਗਸਤ ਤੱਕ ਗਲਾਸਗੋ ਵਿਖੇ ਹੋਣ ਵਾਲੀਆਂ ਵੱਕਾਰੀ ਰਾਸ਼ਟਰਮੰਡਲ ਖੇਡਾਂ (ਕਾਮਨ ਵੈਲਥ ਗੇਮਜ਼) ਲਈ ਭਾਰਤੀ ਸਾਈਕਲਿੰਗ ਟੀਮ ਵਿਚ ਹੋ ਗਈ ਹੈ।
ਇਸ ਇਤਿਹਾਸਕ ਅਤੇ ਮਾਣਮੱਤੀ ਪ੍ਰਾਪਤੀ 'ਤੇ ਗੌਰਵ ਮਹਿਸੂਸ ਕਰਦਿਆਂ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਹਰਸ਼ਵੀਰ ਸਿੰਘ ਸੇਖੋਂ ਨੇ ਆਪਣੀ ਦਿਨ-ਰਾਤ ਦੀ ਅਣਥੱਕ ਮਿਹਨਤ, ਜਜ਼ਬੇ ਤੇ ਦ੍ਰਿੜ੍ਹਤਾ ਸਦਕਾ ਨਾ ਸਿਰਫ਼ ਪੰਜਾਬ ਰਾਜ ਦਾ, ਬਲਕਿ ਪੂਰੇ ਹਿੰਦੁਸਤਾਨ ਦਾ ਸਿਰ ਫ਼ਖ਼ਰ ਨਾਲ ਉੱਚਾ ਕੀਤਾ ਹੈ। ਵੇਰਵੇ ਸਾਂਝੇ ਕਰਦਿਆਂ ਜਗਦੀਪ ਕਾਹਲੋਂ ਨੇ ਦੱਸਿਆ ਕਿ ਹਰਸ਼ਵੀਰ ਸਿੰਘ ਸੇਖੋਂ ਨੇ ਸਾਲ 2019 ਵਿਚ ਭਾਰਤੀ ਰਾਸ਼ਟਰੀ ਟ੍ਰੈਕ ਸਾਈਕਲਿੰਗ ਟੀਮ ਦਾ ਹਿੱਸਾ ਬਣ ਕੇ ਆਪਣੇ ਅੰਤਰਰਾਸ਼ਟਰੀ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਹਰਸ਼ਵੀਰ ਇਸ ਤੋਂ ਪਹਿਲਾਂ ਸਾਲ 2023 ਦੀਆਂ ਏਸ਼ੀਆਈ ਖੇਡਾਂ ਵਿਚ ਵੀ ਦੇਸ਼ ਦੀ ਨੁਮਾਇੰਦਗੀ ਕਰਕੇ ਆਪਣੀ ਖੇਡ ਦਾ ਲੋਹਾ ਮਨਵਾ ਚੁੱਕੇ ਹਨ ਅਤੇ ਰਾਸ਼ਟਰੀ ਪੱਧਰ 'ਤੇ ਕਈ ਤਗਮੇ ਜਿੱਤ ਚੁੱਕੇ ਹਨ।
ਜਨਰਲ ਸਕੱਤਰ ਜਗਦੀਪ ਸਿੰਘ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਇਸ ਸ਼ੁਭ ਮੌਕੇ 'ਤੇ ਐਸੋਸੀਏਸ਼ਨ ਦੇ ਖ਼ਜ਼ਾਨਚੀ ਬੀਐੱਸ ਸੁਦਾਨ ਨੇ ਖਿਡਾਰੀ ਹਰਸ਼ਵੀਰ ਸਿੰਘ ਸੇਖੋਂ, ਉਨ੍ਹਾਂ ਦੇ ਮਾਪਿਆਂ ਅਤੇ ਉਨ੍ਹਾਂ ਦੇ ਕੋਚ ਨੂੰ ਦਿਲੋਂ ਵਧਾਈ ਦਿੱਤੀ।