ਪੰਜਵੇਂ ਦਿਨ ਵੀ ਮੋਬਾਈਲ ਟਾਵਰ ’ਤੇ ਡਟਿਆ ਰਿਹਾ ਹਰਜੀਤ ਸਿੰਘ
ਪੰਜਵੇਂ ਦਿਨ ਵੀ ਮੋਬਾਇਲ ਟਾਵਰ 'ਤੇ ਡਟਿਆ ਰਿਹਾ ਹਰਜੀਤ ਸਿੰਘ
Publish Date: Sat, 13 Jun 2026 06:01 PM (IST)
Updated Date: Sun, 14 Jun 2026 04:03 AM (IST)

ਬੇਰੁਜ਼ਗਾਰ ਅਧਿਆਪਕਾਂ ਨੇ ਧੂਰੀ ਸ਼ਹਿਰ ਦੇ ਬਾਜ਼ਾਰਾਂ ’ਚ ਪੈਦਲ ਰੋਸ ਮਾਰਚ ਕੱਢਿਆ ਵਰਿੰਦਰ ਸਿੰਘ , ਪੰਜਾਬੀ ਜਾਗਰਣ, ਧੂਰੀ : 5,994 ਕਾਡਰ ਈਟੀਟੀ ਅਧਿਆਪਕਾਂ ਵਿੱਚੋਂ ਰਹਿੰਦੇ 2,994 ਬੈਕਲਾਗ ਅਧਿਆਪਕਾਂ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ ਦੀ ਮੰਗ ਨੂੰ ਲੈ ਕੇ ਸਥਾਨਕ ਟੈਲੀਫੋਨ ਐਕਸਚੇਂਜ ਵਿੱਚ ਸਥਿਤ ਇੱਕ ਉੱਚੇ ਮੋਬਾਈਲ ਟਾਵਰ ’ਤੇ ਚੜ੍ਹਿਆ ਬੇਰੁਜ਼ਗਾਰ ਅਧਿਆਪਕ ਹਰਜੀਤ ਸਿੰਘ ਬਰਨਾਲਾ ਪੰਜਵੇਂ ਦਿਨ ਵੀ ਲਗਾਤਾਰ ਉੱਪਰ ਹੀ ਡਟਿਆ ਰਿਹਾ। ਅਸਮਾਨੋਂ ਵਰ੍ਹਦੀ ਤਪਦੀ-ਕੜਕਦੀ ਗਰਮੀ ਤੇ ਬੀਤੀ ਰਾਤ ਆਏ ਤੇਜ਼ ਝੱਖੜ-ਮੀਂਹ ਦੇ ਬਾਵਜੂਦ, ਹਰਜੀਤ ਸਿੰਘ ਨੇ ਆਪਣਾ ਹੌਂਸਲਾ ਪ੍ਰਚੰਡ ਰੱਖਿਆ ਤੇ ਮੋਰਚੇ ’ਤੇ ਅਡੋਲ ਖੜ੍ਹਾ ਰਿਹਾ। ਆਪਣੇ ਸਾਥੀ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਦੇਖਦਿਆਂ ਤੇ ਸਰਕਾਰ ਦੇ ਵਤੀਰੇ ਤੋਂ ਖ਼ਫ਼ਾ ਹੋ ਕੇ ਬੇਰੁਜ਼ਗਾਰ ਅਧਿਆਪਕਾਂ ਨੇ ਧੂਰੀ ਸ਼ਹਿਰ ਦੇ ਬਾਜ਼ਾਰਾਂ ’ਚ ਪੈਦਲ ਰੋਸ ਮਾਰਚ ਕੱਢਿਆ। ਹੱਥਾਂ ਵਿੱਚ ਮੰਗਾਂ ਦੀਆਂ ਤਖ਼ਤੀਆਂ ਫੜੀ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਸ਼ਹਿਰ ਨਿਵਾਸੀਆਂ ਨੇ ਵੀ ਅਧਿਆਪਕਾਂ ਦੇ ਇਸ ਸੰਘਰਸ਼ ਪ੍ਰਤੀ ਹਮਦਰਦੀ ਜਤਾਈ। ਇਹ ਰੋਸ ਮਾਰਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਗੁਜ਼ਰਦਾ ਹੋਇਆ ਅਖ਼ੀਰ ਮੁੱਖ ਮੰਤਰੀ ਦੇ ਕੈਂਪਸ ਦਫ਼ਤਰ ਵਿਖੇ ਪਹੁੰਚਿਆ, ਜਿੱਥੇ ਗੁੱਸੇ ਵਿੱਚ ਆਏ ਅਧਿਆਪਕਾਂ ਨੇ ਦਫ਼ਤਰ ਦੇ ਮੁੱਖ ਗੇਟ ਅੱਗੇ ਪੱਕਾ ਧਰਨਾ ਮਾਰ ਦਿੱਤਾ। ਯੂਨੀਅਨ ਮੈਂਬਰਾਂ ਨੇ ਕਿਹਾ ਕਿ ਸਰਕਾਰ ਘਰ-ਘਰ ਰੁਜ਼ਗਾਰ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਪਰ ਯੋਗਤਾ ਰੱਖਣ ਦੇ ਬਾਵਜੂਦ ਨੌਜਵਾਨਾਂ ਨੂੰ ਹੱਕਾਂ ਲਈ ਟਾਵਰਾਂ ’ਤੇ ਚੜ੍ਹਨਾ ਪੈ ਰਿਹਾ ਹੈ। ਜੇਕਰ ਹਰਜੀਤ ਸਿੰਘ ਦਾ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ, ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਦੀ ਹੋਵੇਗੀ । ਬੇਰੁਜ਼ਗਾਰਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ 2,994 ਬੈਕਲਾਗ ਅਧਿਆਪਕਾਂ ਦੀ ਭਰਤੀ ਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ, ਇਹ ਸੰਘਰਸ਼ ਕਿਸੇ ਵੀ ਕੀਮਤ ’ਤੇ ਪਿੱਛੇ ਨਹੀਂ ਹਟੇਗਾ ਤੇ ਆਉਣ ਵਾਲੇ ਦਿਨਾਂ ਵਿੱਚ ਗੁਪਤ ਐਕਸ਼ਨਾਂ ਰਾਹੀਂ ਇਸ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਧੂਰੀ ਦੇ ਇੰਚਾਰਜ ਰਣਜੀਤ ਸਿੰਘ ਰੰਧਾਵਾ ਕਾਤਰੋਂ ਨੇ ਬੇਰੁਜ਼ਗਾਰ ਅਧਿਆਪਕ ਹਰਜੀਤ ਸਿੰਘ ਤੇ ਉਸਦੇ ਸਾਥੀਆਂ ਦੀ ਹਮਾਇਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਤੁਰੰਤ 2994 ਬੈਕਲਾਗ ਅਧਿਆਪਕਾਂ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।