ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ 5 ਮੈਂਬਰ ਕਾਬੂ
ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ
Publish Date: Fri, 26 Jun 2026 05:35 PM (IST)
Updated Date: Sat, 27 Jun 2026 04:04 AM (IST)

ਦੋਸ਼ੀਆਂ ਕੋਲੋਂ 4 ਪਿਸਤੌਲ ਤੇ 1 ਬੰਦੂਕ ਸਣੇ ਮਾਰੂ ਹਥਿਆਰ ਬਰਾਮਦ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਜ਼ਿਲ੍ਹਾ ਪੁਲਿਸ ਸੰਗਰੂਰ ਨੇ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 2 ਪਿਸਤੌਲ .32 ਬੋਰ, 1 ਦੇਸੀ ਪਿਸਤੌਲ .315 ਬੋਰ, 1 ਦੇਸੀ ਪਿਸਤੌਲ .30 ਬੋਰ ਅਤੇ 1 ਬੰਦੂਕ .12 ਬੋਰ, 9 ਕਾਰਤੂਸ ਸਣੇ ਮਾਰੂ ਹਥਿਆਰ ਬਰਾਮਦ ਕੀਤੇ ਹਨ। ਐੱਸਪੀ (ਡੀ) ਦਵਿੰਦਰ ਅੱਤਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਐੱਸਐੱਸਪੀ ਡਾ. ਰਵਜੋਤ ਗਰੇਵਾਲ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ। ਜਿਸ ਦੀ ਨਿਗਰਾਨੀ ਸੀਆਈਏ ਇੰਚਾਰਜ ਸੰਦੀਪ ਸਿੰਘ ਕਾਲੇਕਾ ਨੇ ਕਰਦਿਆਂ ਟੀਮ ਨੇ ਕੁਲਜੀਤ ਸਿੰਘ ਉਰਫ ਟੁੱਲੂ ਵਾਸੀ ਮੰਗਵਾਲ, ਮਨਜਿੰਦਰ ਸਿੰਘ ਉਰਫ ਮਨੀ ਵਾਸੀ ਉਭਾਵਾਲ, ਹਰਪ੍ਰੀਤ ਸਿੰਘ ਉਰਫ ਅਨਮੋਲ ਵਾਸੀ ਧਨੌਲਾ (ਬਰਨਾਲਾ), ਪ੍ਰਭਜੋਤ ਸਿੰਘ ਉਰਫ ਪ੍ਰਭ ਵਾਸੀ ਸੰਗਰੂਰ ਤੇ ਸਾਹਿਲ ਉਰਫ ਨੇਪਾਲੀ ਵਾਸੀ ਧਨੌਲਾ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਲੁੱਟਾਂ-ਖੋਹਾਂ ਕਰਨ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਇਨ੍ਹਾਂ ਕੋਲੋਂ ਨਾਜਾਇਜ਼ ਅਸਲਾ ਤੇ ਮਾਰੂ ਹਥਿਆਰ ਬਰਾਮਦ ਕੀਤੇ ਹਨ। ਉਕਤ ਦੋਸ਼ੀਆਂ ਖ਼ਿਲਾਫ਼ ਥਾਣਾ ਲੌਂਗੋਵਾਲ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਉਕਤ ਮੁਲਜ਼ਮਾਂ ਨੇ ਸੰਗਰੂਰ ਹੀ ਨਹੀਂ, ਬਲਕਿ ਮਾਨਸਾ, ਪਟਿਆਲਾ, ਬਰਨਾਲਾ ’ਚ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਤੇ ਇਨ੍ਹਾਂ ਦਾ ਪਿਛੋਕੜ ਅਪਰਾਧਕ ਹੈ ਤੇ ਇਨ੍ਹਾਂ ਖ਼ਿਲਾਫ਼ ਕਈ ਸੰਗੀਨ ਧਰਾਵਾਂ ਤਹਿਤ ਮਾਮਲੇ ਦਰਜ ਹਨ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਐੱਸਪੀ ਅੱਤਰੀ ਨੇ ਦੱਸਿਆ ਕਿ ਉਕਤ ਦੋਸ਼ੀ ਸੁਪਾਰੀ ਲੈ ਕੇ ਲੱਤਾਂ ਬਾਹਾਂ ਤੋੜਨ ਦਾ ਕੰਮ ਵੀ ਕਰਦੇ ਹਨ ਤੇ ਆਪਣੇ ਵੱਲੋਂ ਕੀਤੇ ਵਾਰਦਾਤ ਦਾ ਵੀਡਿਓ ਵਾਈਰਲ ਕਰ ਕੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਦਾ ਕੰਮ ਵੀ ਕਰਦੇ ਰਹੇ ਹਨ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਕਤ ਦੋਸ਼ੀ ਅਸਲਾਹ ਵਗੈਰਾ ਮੱਧ ਪ੍ਰਦੇਸ਼ ਤੇ ਯੂਪੀ ਤੋਂ ਲਿਆਂਦੇ ਸਨ। ਐੱਸਪੀ ਅੱਤਰੀ ਨੇ ਲੋਕਾਂ ਨੂੰ ਖਾਸ ਕਰ ਕੇ ਨੌਜਵਾਨਾਂ ਨੂੰ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਇਨ੍ਹਾਂ ਦੋਸ਼ੀਆਂ ਵੱਲੋਂ ਵਾਈਰਲ ਕੀਤੀ ਵੀਡਿਓ ਨੂੰ ਲਾਈਕ ਜਾਂ ਸ਼ਾਈਰ ਕਰਦੇ ਹਨ ਉਨ੍ਹਾਂ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।