- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬੇ ਵਿੱਚ ਵਾਢੀ ਦਾ ਰਕਬਾ 18.40% ਤੱਕ ਪੁੱਜਣ ਦੇ ਨਾਲ ਮਾਝਾ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਨਜ਼ਰ ਆ ਰਿਹਾ ਹੈ। ਤਰਨਤਾਰਨ ਜ਼ਿਲ੍ਹਾ ਸੂਬੇ ਵਿੱਚ ਸਭ ਤੋਂ ਮੋਹਰੀ ਰਿਹਾ, ਜਿੱਥੇ ਅੱਗ ਲੱਗਣ ਦੇ ਕੁੱਲ ਮਾਮਲੇ 180 ਤੋਂ ਵਧ ਕੇ 198 ਹੋ ਗਏ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਇਹ ਗਿਣਤੀ 115 ਤੋਂ ਵੱਧ ਕੇ 117 ਅਤੇ ਗੁਰਦਾਸਪੁਰ ਵਿੱਚ 17 ਤੋਂ ਵਧ ਕੇ 23 ਹੋ ਗਈ ਹੈ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਵਿੱਚ ਝੋਨੇ ਦੀ ਵਾਢੀ ਦੇ ਜ਼ੋਰ ਫੜਨ ਦੇ ਨਾਲ ਹੀ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਵਿੱਚ ਵੀ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਦੁਸਹਿਰੇ ਵਾਲੇ ਦਿਨ 36 ਕੇਸ ਰਿਪੋਰਟ ਹੋਏ ਹਨ। ਦੋ ਦਿਨਾਂ ਦੀ ਰਿਪੋਰਟ ਤੋਂ ਸਾਹਮਣੇ ਆਇਆ ਹੈ ਕਿ ਸੂਬੇ ਵਿੱਚ ਅੱਗ ਲੱਗਣ ਦੇ ਸਰਗਰਮ ਕੇਸਾਂ ਦੀ ਗਿਣਤੀ 368 ਤੋਂ ਵੱਧ ਕੇ 404 ਤੱਕ ਪਹੁੰਚ ਗਈ ਹੈ।
ਸੂਬੇ ਵਿੱਚ ਵਾਢੀ ਦਾ ਰਕਬਾ 18.40% ਤੱਕ ਪੁੱਜਣ ਦੇ ਨਾਲ ਮਾਝਾ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਨਜ਼ਰ ਆ ਰਿਹਾ ਹੈ। ਤਰਨਤਾਰਨ ਜ਼ਿਲ੍ਹਾ ਸੂਬੇ ਵਿੱਚ ਸਭ ਤੋਂ ਮੋਹਰੀ ਰਿਹਾ, ਜਿੱਥੇ ਅੱਗ ਲੱਗਣ ਦੇ ਕੁੱਲ ਮਾਮਲੇ 180 ਤੋਂ ਵਧ ਕੇ 198 ਹੋ ਗਏ। ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਇਹ ਗਿਣਤੀ 115 ਤੋਂ ਵੱਧ ਕੇ 117 ਅਤੇ ਗੁਰਦਾਸਪੁਰ ਵਿੱਚ 17 ਤੋਂ ਵਧ ਕੇ 23 ਹੋ ਗਈ ਹੈ। ਦੂਜੇ ਪਾਸੇ ਬਠਿੰਡਾ, ਮਾਨਸਾ, ਪਠਾਨਕੋਟ, ਰੂਪਨਗਰ ਅਤੇ ਮਾਲੇਰਕੋਟਲਾ ਵਰਗੇ ਜ਼ਿਲ੍ਹਿਆਂ ਵਿੱਚ ਹੁਣ ਤੱਕ ਅੱਗ ਦਾ ਕੋਈ ਵੀ ਮਾਮਲਾ ਦਰਜ ਨਹੀਂ ਹੋਇਆ। ਅੰਕੜਿਆਂ ਦੀ ਤੁਲਨਾ ਅਨੁਸਾਰ, ਜ਼ਮੀਨੀ ਪੱਧਰ 'ਤੇ ਅਧਿਕਾਰੀਆਂ ਵੱਲੋਂ ਕੀਤੀ ਗਈ ਜਾਂਚ 330 ਤੋਂ ਵਧ ਕੇ 358 ਤੱਕ ਪਹੁੰਚ ਗਈ ਹੈ। ਜਾਂਚ ਦੌਰਾਨ ਮੌਕੇ 'ਤੇ ਅੱਗ ਲੱਗਣ ਦੀ ਪੁਸ਼ਟੀ ਵਾਲੇ ਮਾਮਲੇ ਵੀ 136 ਤੋਂ ਵਧ ਕੇ 151 ਹੋ ਗਏ ਹਨ। ਭਾਰਤੀ ਨਿਆਂ ਸੰਹਿਤਾ ਦੀ ਧਾਰਾ 223 ਤਹਿਤ ਦਰਜ ਐਫ.ਆਈ.ਆਰ. ਦੀ ਗਿਣਤੀ ਪਹਿਲੇ ਦਿਨ 27 ਸੀ, ਜੋ ਦੂਜੇ ਦਿਨ ਵੱਧ ਕੇ 39 ਹੋ ਗਈ। ਇਨ੍ਹਾਂ ਵਿੱਚੋਂ ਇਕੱਲੇ ਤਰਨਤਾਰਨ ਵਿੱਚ 15 ਤੋਂ ਵਧ ਕੇ 25 ਐਫ.ਆਈ.ਆਰ. ਦਰਜ ਕੀਤੀਆਂ ਗਈਆਂ। ਕਿਸਾਨਾਂ ਦੇ ਮਾਲ ਰਿਕਾਰਡ ਵਿੱਚ ਲਾਲ ਐਂਟਰੀਆਂ ਕਰਨ ਦਾ ਅੰਕੜਾ 103 ਤੋਂ ਵੱਧ ਕੇ 106 ਹੋ ਗਿਆ ਹੈ। ਇਸ ਦੇ ਨਾਲ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਤੇਜ਼ ਕਰ ਦਿੱਤੀ ਗਈ ਹੈ। ਵਾਤਾਵਰਨ ਮੁਆਵਜ਼ੇ ਦੇ ਮਾਮਲਿਆਂ ਦੀ ਗੱਲ ਕਰੀਏ ਤਾਂ ਜੁਰਮਾਨਾ ਲਗਾਉਣ ਦੇ ਕੇਸ 126 ਤੋਂ ਵੱਧ ਕੇ 142 ਹੋ ਗਏ ਹਨ।
---
ਲਾਪਰਵਾਹੀ ਵਰਤਣ ਵਾਲੇ 152 ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ
ਡਿਊਟੀ ਵਿੱਚ ਅਣਗਹਿਲੀ ਕਰਨ ਵਾਲੇ ਨੋਡਲ ਅਤੇ ਸੁਪਰਵਾਈਜ਼ਰੀ ਅਧਿਕਾਰੀਆਂ ’ਤੇ ਵੀ ਸ਼ਿਕੰਜਾ ਕੱਸਿਆ ਗਿਆ ਹੈ। ਰਿਪੋਰਟ ਅਨੁਸਾਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁੱਲ 152 ਅਧਿਕਾਰੀਆਂ ਨੂੰ ਚੇਤਾਵਨੀ ਜਾਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿੱਚ ਸਭ ਤੋਂ ਵੱਧ ਅੰਮ੍ਰਿਤਸਰ ਦੇ 90 ਅਧਿਕਾਰੀ, ਤਰਨਤਾਰਨ ਦੇ 56, ਫ਼ਿਰੋਜ਼ਪੁਰ ਦੇ 4 ਅਤੇ ਗੁਰਦਾਸਪੁਰ ਦੇ 2 ਅਧਿਕਾਰੀ ਸ਼ਾਮਲ ਹਨ। ਪ੍ਰਸ਼ਾਸਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਵਾਤਾਵਰਣ ਦੀ ਸੰਭਾਲ ਅਤੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ।
---
ਝੋਨੇ ਦੀ ਵਾਢੀ ਦੀ ਸਥਿਤੀ
ਜਾਰੀ ਤਾਜ਼ਾ ਅਧਿਕਾਰਤ ਅੰਕੜਿਆਂ ਮੁਤਾਬਕ, ਸੂਬੇ ਵਿੱਚ ਹੁਣ ਤੱਕ ਕੁੱਲ 34.56 ਲੱਖ ਹੈਕਟੇਅਰ ਰਕਬੇ ਵਿੱਚੋਂ ਲਗਭਗ 18.40 ਫ਼ੀਸਦੀ ਝੋਨੇ ਦੀ ਵਾਢੀ ਹੋ ਚੁੱਕੀ ਹੈ। ਅੰਮ੍ਰਿਤਸਰ ਵਿਚ 65.13 ਫੀਸਦੀ ਵਾਢੀ ਮੁਕੰਮਲ ਹੋ ਚੁੱਕੀ ਹੈ, ਤਰਨਤਾਰਨ ਵਿਚ 39.56 ਫੀਸਦੀ, ਗੁਰਦਾਸਪੁਰ 37.43ਫੀਸਦੀ, ਰੂਪਨਗਰ 36.76 ਫੀਸਦੀ, ਕਪੂਰਥਲਾ 33.54 ਫੀਸਦੀ ਵਾਢੀ ਹੋ ਚੁੱਕੀ ਹੈ। ਦੂਸਰੇ ਪਾਸੇ ਮੋਗਾ ਵਿਚ ਸਭ ਤੋਂ ਘੱਟ ਕੇਵਲ 1.69 ਫੀਸਦੀ ਵਾਢੀ ਹੋਈ ਹੈ, ਬਰਨਾਲਾ 2.37 ਫੀਸਦੀ, ਸੰਗਰੂਰ 3.95 ਫੀਸਦੀ, ਮਲੇਰਕੋਟਲਾ 5.08 ਫੀਸਦ, ਮੁਕਤਸਰ ਵਿਚ ਸਿਰਫ 6 ਫੀਸਦੀ ਵਾਢੀ ਹੋਈ ਹੈ।