- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਤਲੁਜ ਫਿਲਮ ਦਿਖਾਉਣ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਈ ਮਾਰ-ਕੁਟਾਈ

-ਥਾਣੇ ਲੱਗੇ ਧਰਨੇ ’ਚ ਪੁੱਜੇ ਅਮਿਤੋਜ ਮਾਨ ਤੇ ਖੁਸ਼ਇੰਦਰ ਸਿੰਘ ਨੇ ਦਿੱਤਾ ਪੰਜ ਦਿਨ ਦਾ ਅਲਟੀਮੇਟਮ
-ਪੁਲਿਸ ਨੇ ਦੋਵਾਂ ਦਿਰਾਂ ’ਤੇ ਦਰਜ ਕੀਤਾ ਕਰਾਸ ਪਰਚਾ, ਦਿਲਜੀਤ ਨੇ ਵੀ ਦਿੱਤੀ ਪ੍ਰਤੀਕਿਰਿਆ
---
ਮਹਿੰਦਰਪਾਲ ਬੱਬੀ, ਪੰਜਾਬੀ ਜਾਗਰਣ
ਭਾਦਸੋਂ : ਥਾਣਾ ਭਾਦਸੋਂ ਦੇ ਪਿੰਡ ਦੰਦਰਾਲਾ ਖਰੌਡ ਵਿੱਚ ਚਰਚਿਤ ਫਿਲਮ ਸਤਲੁਜ ਦਿਖਾਉਣ ਨੂੰ ਲੈ ਕੇ ਦੋ ਵਿਰੋਧੀ ਧਿਰਾਂ ਵਿੱਚ ਹੋਈ ਰੰਜਿਸ਼ ਉਦੋਂ ਮਾਰ ਕੁਟਾਈ ਵਿੱਚ ਬਦਲ ਗਈ ਜਦੋਂ ਪਿੰਡ ਦੇ ਸਰਪੰਚ ਵੱਲੋਂ ਕਥਿਤ ਤੌਰ ’ਤੇ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਕਰਵਾ ਕੇ ਪਿੰਡ ਵਿੱਚ ਫਿਲਮ ਦੂਜੀ ਵੇਰ ਦਿਖਾਉਣ ਤੋਂ ਮਨਾਹੀ ਕਰ ਦਿੱਤੀ ਗਈ। ਸਰਪੰਚ ਧਿਰ ਦੇ ਜਤਿੰਦਰ ਸਿੰਘ ਵੱਲੋਂ ਪੁਲਿਸ ਕੋਲ ਲਿਖਾਏ ਬਿਆਨ ਵਿੱਚ ਕਿਹਾ ਗਿਆ ਕਿ ਦੂਜੀ ਧਿਰ ਦੇ ਟਿੰਕੂ ਬੱਤਾ, ਗੁਰਦੀਪ ਸਿੰਘ ਦੋਵੇਂ ਵਾਸੀਆਨ ਪਿੰਡ ਦੰਦਰਾਲਾ ਖਰੌਡ, ਜਸਵਿੰਦਰ ਸਿੰਘ ਪਿੰਡ ਫੱਗਣ ਮਾਜਰਾ ਤੇ ਤਿੰਨ ਚਾਰ ਅਣਪਛਾਤਿਆਂ ਨੇ ਬੇਸ ਬਾਲ ਦੇ ਡੰਡੇ ਅਤੇ ਕਿਰਚਾਂ ਨਾਲ ਹਮਲਾ ਕੀਤਾ ਹੈ। ਇਸ ’ਤੇ ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਉਕਤ ਵਿਅਕਤੀਆਂ ਖਿਲਾਫ਼ ਭਾਦਸੋਂ ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਹੈ। ਪਰ ਦੂਜੀ ਧਿਰ ਵੱਲੋਂ ਦਾਅਵਾ ਕੀਤਾ ਗਿਆ ਕਿ ਕੁੱਟਿਆ ਵੀ ਸਾਨੂੰ ਗਿਆ ਹੈ ਅਤੇ ਝੂਠੇ ਬਿਆਨ ਦੇ ਕੇ ਪਰਚਾ ਵੀ ਸਾਡੇ ਉੱਤੇ ਹੀ ਕਰਵਾ ਦਿੱਤਾ ਗਿਆ ਹੈ।
ਸਮਾਜਸੇਵਕ ਅਮਿਤੋਜ ਮਾਨ, ਖੁਸ਼ਵਿੰਦਰ ਸਿੰਘ ਤੇ ਲੱਖਾ ਸਿਧਾਣਾ ਦੇ ਦਖ਼ਲ ਤੋਂ ਬਾਅਦ ਪੁਲਿਸ ਨੇ ਦੂਜੀ ਨੌਜਵਾਨ ਧਿਰ ਦੇ ਜਸਵਿੰਦਰ ਸਿੰਘ ਉਰਫ਼ ਡੀ.ਸੀ. ਫੱਗਣਮਾਜਰਾ ਦੇ ਬਿਆਨਾਂ ‘ਤੇ ਸਰਪੰਚ ਧਿਰ ਦੇ ਅਮਨਦੀਪ ਸਿੰਘ,ਗਗਨਦੀਪ ਸਿੰਘ, ਸੁਖਚੈਨ ਸਿੰਘ ਅਤੇ ਸਰਪੰਚ ਬੇਅੰਤ ਸਿੰਘ ਉੱਤੇ ਵੀ ਕਰਾਸ ਪਰਚਾ ਦਰਜ ਕਰ ਲਿਆ ਗਿਆ। ਇਸ ਤੋਂ ਇਲਾਵਾ ਇਕ ਹੋਰ ਪਰਚਾ ਪੀੜਤ ਟਿੰਕੂ ਬੱਤਾ ਸਰਪੰਚ ਬੇਅੰਤ ਸਿੰਘ, ਅਸ਼ਵਨੀ ਬੱਤਾ, ਬਚਿੱਤਰ ਸਿੰਘ ਤੇ ਅਮਨਦੀਪ ਸਿੰਘ ਖ਼ਿਲਾਫ਼ ਦਰਜ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪਿੰਡ ਦੰਦਰਾਲਾ ਖਰੌਡ ਦਾ ਇਹ ਮਾਮਲਾ ਇੰਨਾ ਗੰਭੀਰ ਹੋ ਚੁੱਕਾ ਹੈ ਕਿ ਗਾਇਕ ਦਿਲਜੀਤ ਦੁਸਾਂਝ ਨੇ ਵੀ ਸੋਸ਼ਲ ਮੀਡੀਆ ’ਤੇ ਫਿਲਮ ਦਿਖਾਉਣੋਂ ਰੋਕੇ ਜਾਣ ’ਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਹੈ।
----
ਥਾਣਾ ਮੁਖੀ ਨੇ ਸਾਫ ਸੁਥਰੀ ਤਫ਼ਤੀਸ਼ ਕਰਨ ਦਾ ਦਿੱਤਾ ਭਰੋਸਾ
ਅਮਿਤੋਜ ਮਾਨ, ਖੁਸ਼ਇੰਦਰ ਸਿੰਘ ਦੀ ਅਗਵਾਈ ਵਿੱਚ ਥਾਣਾ ਭਾਦਸੋਂ ਵਿੱਖੇ ਸਤਲੁਜ ਫਿਲਮ ਦਿਖਾਉਣ ਵਾਲੀ ਧਿਰ ਵੱਲੋਂ ਧਰਨਾ ਲਾਇਆ ਗਿਆ ਜਿੱਥੇ ਧਰਨਾਕਾਰੀਆਂ ਦੀ ਥਾਣਾ ਮੁਖੀ ਗੁਰਨਾਮ ਸਿੰਘ ਘੁੰਮਣ ਨਾਲ ਕਾਫੀ ਸਮਾਂ ਬਹਿਸ ਹੁੰਦੀ ਰਹੀ ਤੇ ਥਾਣਾ ਮੁਖੀ ਨੇ ਸਾਫ ਸੁਥਰੀ ਤਫ਼ਤੀਸ਼ ਕਰਨ ਦਾ ਭਰੋਸਾ ਦਿੱਤਾ। ਅੰਤ ਦੋ ਘੰਟੇ ਦੀ ਜੱਦੋ ਜਹਿਦ ਉਪਰੰਤ ਅਮਿਤੋਜ਼ ਮਾਨ ਤੇ ਸਿੰਘ ਖੁਸ਼ਇੰਦਰ ਸਿੰਘ ਵੱਲੋਂ ਨੌਜਵਾਨਾਂ ਉੱਪਰ ਹੋਏ ਪਰਚੇ ਨੂੰ ਝੂਠਾ ਦੱਸਦਿਆਂ ਪੁਲਿਸ ਨੂੰ ਪਰਚਾ ਰੱਦ ਕਰਨ ਲਈ ਸ਼ਨੀਵਾਰ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ ਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਐਤਵਾਰ ਨੂੰ ਪਟਿਆਲਾ ਵਿੱਖੇ ਸੂਬਾ ਪੱਧਰੀ ਰੋਸ ਧਰਨਾ ਲਾਉਣ ਦਾ ਸੱਦਾ ਦਿੱਤਾ ਗਿਆ।