ਕਿਸਾਨਾਂ ਨੇ ਐੱਸਈ ਦਫਤਰ ਮੂਹਰੇ ਲਾਇਆ ਧਰਨਾ ਕਿਸਾਨਾਂ ਨੇ ਐਸਈ ਦਫਤਰ ਮੂਹਰੇ ਲਾਇਆ ਧਰਨਾ
Publish Date: Tue, 30 Jun 2026 04:59 PM (IST)
Updated Date: Wed, 01 Jul 2026 04:02 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਣ, ਸੰਗਰੂਰ ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵੱਲੋਂ ਐੱਸਈ ਦਫ਼ਤਰ ਬਿਜਲੀ ਬੋਰਡ ਸੰਗਰੂਰ ਅੱਗੇ ਜ਼ਿਲ੍ਹਾ ਕਾਰਜਕਾਰੀ ਆਗੂ ਰਾਜ ਸਿੰਘ ਥੇੜੀ ਦੀ ਅਗਵਾਈ ਵਿੱਚ ਕਿਸਾਨਾਂ ਨੇ ਰੋਸ ਧਰਨਾ ਲਾ ਕੇ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ। ਨਾਲ ਹੀ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਕਿਸਾਨ- ਮਜ਼ਦੂਰ ਮੋਰਚਾ ਦੇ ਸੱਦੇ ਤਹਿਤ ਸਮੁੱਚੇ ਪੰਜਾਬ ਅੰਦਰ ਬਿਜਲੀ ਵਿਭਾਗ ਦੇ ਦਫ਼ਤਰਾਂ ਅੱਗੇ ਰੋਸ ਧਰਨੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਅਣਗਹਿਲੀ ਕਾਰਨ ਘਰੇਲੂ ਬਿਜਲੀ ਸਪਲਾਈ ਤੇ ਖੇਤੀ ਮੋਟਰਾਂ ਦੀ ਸਪਲਾਈ ਵਿੱਚ ਲਗਾਤਾਰ ਕੱਟ ਲਾਏ ਜਾ ਰਹੇ ਹਨ। ਖੇਤਾਂ ਤੇ ਘਰਾਂ ਵਿੱਚੋਂ ਕਈ ਕਈ ਘੰਟਿਆਂ ਦੇ ਅਣ-ਐਲਾਨੇ ਕੱਟ ਲਾਏ ਜਾ ਰਹੇ ਹਨ, ਜਿਸ ਕਾਰਨ ਆਮ ਲੋਕਾਂ ਵਿੱਚ ਹਾਹਾਕਾਰ ਮਚ ਗਈ ਹੈ। ਝੋਨੇ ਦਾ ਸੀਜ਼ਨ ਹੋਣ ਕਾਰਨ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਮਚਾਉਣ ਲਈ ਮਜ਼ਬੂਰ ਹਨ। ਇਸੇ ਤਰ੍ਹਾਂ ਘਰੇਲੂ ਬਿਜਲੀ ਸਪਲਾਈ ਦਾ ਬੁਰਾ ਹਾਲ ਹੈ। ਅੱਤ ਦੀ ਗਰਮੀ ਕਾਰਨ ਲੋਕ ਰਾਤਾਂ ਬੈਠ ਬੈਠ ਕੇ ਕੱਟਦੇ ਹਨ। ਪੰਜਾਬ ਸਰਕਾਰ ਦੀ ਅਣਗਹਿਲੀ ਦਾ ਖ਼ਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ।ਕਿਉਕਿ ਪੰਜਾਬ ਸਰਕਾਰ ਬਿਜਲੀ ਬਿੱਲ 2025 ਪ੍ਰਤੀ ਵੀ ਗੰਭੀਰ ਨਹੀਂ ਹੈ। ਜਿਸ ਤਹਿਤ ਬਿਜਲੀ ਖੇਤਰ ਨੂੰ ਨਿੱਜੀ ਹੱਥਾਂ ਵਿੱਚ ਦਿੱਤਾ ਜਾਵੇਗਾ। ਪੰਜਾਬ ਸਰਕਾਰ ਅਤਿ ਗੰਭੀਰ ਸੰਕਟ ਵਿੱਚ ਜਦੋਂ ਪੰਜਾਬ ਅੰਦਰ ਲੰਬਾ ਸੋਕਾ ਪੈ ਰਿਹਾ ਹੈ। ਜਿਸ ਕਾਰਨ ਬਿਜਲੀ ਸਪਲਾਈ ਦੀ ਅਹਿਮੀਅਤ ਹੋਰ ਵੱਧ ਜਾਂਦੀ ਹੈ। ਇਸ ਸਮੇਂ ਦੌਰਾਨ ਪੰਜਾਬ ਸਰਕਾਰ ਬਿਜਲੀ ਸਪਲਾਈ ਦੇਣ ਵਿੱਚ ਅਸਫਲ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਬਿਜਲੀ ਸਟੋਰਾਂ ਵਿੱਚ ਤਾਰਾਂ ਤੇ ਕੇਬਲਾਂ ਤੋਂ ਇਲਾਵਾ ਕਿਸੇ ਤਰ੍ਹਾਂ ਦਾ ਵੀ ਸਮਾਨ ਮੌਜੂਦ ਨਹੀਂ ਹੈ।ਜਿਸ ਕਾਰਨ ਲੋਕ ਬਜ਼ਾਰ ਵਿੱਚੋਂ ਮਹਿੰਗੇ ਰੇਟਾਂ ਤੇ ਬਿਜਲੀ ਸਮਾਨ ਖ਼ਰੀਦਣ ਲਈ ਮਜ਼ਬੂਰ ਹਨ। ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਨੂੰ 8 ਘੰਟੇ ਖੇਤਾਂ ਵਾਲੀ ਬਿਜਲੀ ਦਾ ਪ੍ਰਬੰਧ ਕੀਤਾ ਜਾਵੇ। ਸ਼ਹਿਰੀ ਤੇ ਪੇਂਡੂ ਖੇਤਰ ਦੀ ਘਰੇਲੂ ਬਿਜਲੀ ਤੇ ਕੱਟ ਨਾ ਲਾ ਕੇ 24 ਘੰਟੇ ਪ੍ਰਬੰਧ ਕੀਤਾ ਜਾਵੇ। ਸਰਕਾਰ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਨਾ ਬਣਕੇ ਘਰਾਂ ਵਿੱਚ ਜਬਰਦਸਤੀ ਸਮਾਰਟ ਮੀਟਰ ਲਾਉਣੇ ਬੰਦ ਕਰੇ। ਕਿਸਾਨਾਂ ਦੇ ਚੋਰੀ ਹੁੰਦੇ ਟਰਾਂਸਫਾਰਮਰਾਂ ਦੀ ਪੁਲਿਸ ਰਿਪੋਰਟ ਆਪ ਕਰਕੇ ਜਲਦੀ ਟਰਾਸਫਾਰਮ ਦਾ ਪ੍ਰਬੰਧ ਕਰੇ ਤਾਂ ਜੋ ਬਿਜਲੀ ਦਫ਼ਤਰਾਂ ਵਿੱਚ ਕਿਸਾਨਾਂ ਦੀ ਖੱਜਲ ਖੁਆਰੀ ਬੰਦ ਹੋਵੇ। ਸਰਕਾਰ ਬਿਜਲੀ ਬੋਰਡ ਦਾ ਨਿੱਜੀਕਰਨ ਬੰਦ ਕਰੇ ਤੇ ਬਿਜਲੀ ਬੋਰਡ ਵਿੱਚ ਖਾਲੀ ਅਸਾਮੀਆਂ ਵਿੱਚ ਤੁਰੰਤ ਭਰਤੀ ਕੀਤੀ ਜਾਵੇ। ਇਸ ਮੌਕੇ ਜ਼ਿਲਾ ਕਾਰਜਕਾਰੀ ਆਗੂ ਜਸਵੀਰ ਮੈਦੇਵਾਸ, ਰਾਜ ਥੇੜੀ, ਸੰਤ ਰਾਮ ਛਾਜਲੀ, ਸੁਖਦੇਵ ਸ਼ਰਮਾ, ਸੁਖਵਿੰਦਰ ਪੇਧਨੀ, ਹਰਦੇਵ ਕੁਲਾਰ ਮੌਜੂਦ ਸਨ।