ਖੇਤਾਂ ਦੀ ਬਿਜਲੀ ਬੰਦ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਗਰਿੱਡ ਅੱਗੇ ਧਰਨਾ
ਖੇਤਾਂ ਦੀ ਬਿਜਲੀ ਬੰਦ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਗਰਿੱਡ ਅੱਗੇ ਧਰਨਾ
Publish Date: Tue, 23 Jun 2026 03:53 PM (IST)
Updated Date: Wed, 24 Jun 2026 04:01 AM (IST)

ਜੇਕਰ ਕਿਸਾਨਾਂ ਨੂੰ ਸਮੇਂ ਸਿਰ ਬਿਜਲੀ ਨਾ ਮਿਲੀ ਤਾਂ ਵਿਢਾਂਗੇ ਸੰਘਰਸ਼ ਬਿਜਲੀ ਬੰਦ ਹੋਣ ਕਰਕੇ ਕਿਸਾਨਾਂ ਦਾ ਝੋਨਾ ਸਬਜ਼ੀਆਂ ਤੇ ਮੱਕੀਆਂ ਸੁੱਕਣ ਲੱਗੀਆਂ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਪਿਛਲੇ ਤਿੰਨ ਦਿਨਾਂ ਤੋਂ ਖੇਤਾਂ ਨੂੰ ਜਾਣ ਵਾਲੀ ਬਿਜਲੀ ਸਪਲਾਈ ਬੰਦ ਹੋਣ ਕਾਰਨ ਰੋਹ ਵਿੱਚ ਆਏ ਪਿੰਡਾਂ ਦੇ ਕਿਸਾਨਾਂ ਨੇ ਸਬ 66 ਕੇਵੀ ਗਰਿੱਡ ਨੌਧਰਾਣੀ ਵਿਖੇ ਰੋਸ ਧਰਨਾ ਦੇ ਕੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਕੁਲਦੀਪ ਸਿੰਘ ਬੁਰਜ, ਅਕਬਰ ਮੁਹੰਮਦ ਨੌਧਰਾਣੀ, ਮੁਹੰਮਦ ਯਾਕੂਬ ਦਲੇਲਗੜ੍ਹ ਅਤੇ ਸੰਦੀਪ ਸਿੰਘ ਨੌਧਰਾਣੀ ਨੇ ਦੱਸਿਆ ਕਿ ਗਰਿੱਡ ਦਾ ਟਰਾਂਸਫਾਰਮਰ ਖ਼ਰਾਬ ਹੋਣ ਕਰ ਕੇ ਕਿਸਾਨਾਂ ਨੂੰ ਪਿਛਲੇ ਤਿੰਨ ਦਿਨਾਂ ਤੋਂ ਜਾਂਦੀ ਬਿਜਲੀ ਸਪਲਾਈ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਹੈ। ਜਦਕਿ ਇੰਡਸਟਰੀ ਤੇ ਪਿੰਡਾਂ ਨੂੰ ਸਪਲਾਈ ਨਿਰੰਤਰ ਜਾਰੀ ਹੈ। ਝੋਨੇ ਦਾ ਸੀਜਨ ਹੋਣ ਕਰਕੇ ਕੱਦੂ ਕਰਨ ਸਮੇਂ ਕਿਸਾਨਾਂ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ ਪ੍ਰੰਤੂ ਹੁਣ ਲੋੜ ਪੈਣ ’ਤੇ ਸਮੇਂ ਸਿਰ ਬਿਜਲੀ ਦੀ ਸਪਲਾਈ ਨਾ ਮਿਲਣ ਕਰਕੇ ਜਿੱਥੇ ਵੱਡੀ ਤਾਦਾਦ ’ਚ ਕਿਸਾਨਾਂ ਦਾ ਝੋਨਾ ਸੁੱਕ ਰਿਹਾ ਹੈ ਤੇ ਮੱਕੀ ਸਬਜ਼ੀਆਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਕਿਸਾਨਾਂ ਨੇ ਦੱਸਿਆ ਕਿ 12 ਫੀਡਰ ਤੋਂ ਪਿੰਡ ਬੁਰਜ ਚੁੰਘਾ, ਨੌਧਰਾਣੀ, ਹਾਥਨ ਦਲੇਲਗੜ੍ਹ, ਫਰੀਦਪੁਰ ਤੋਂ ਇਲਾਵਾ ਹੋਰ ਵੀ ਪਿੰਡਾਂ ਦੇ ਖੇਤਾਂ ਨੂੰ ਇਸ ਗਰਿੱਡ ਤੋਂ ਬਿਜਲੀ ਸਪਲਾਈ ਜਾਂਦੀ ਹੈ। ਪਰੰਤੂ ਮਹਿਕਮਾ 10-10 ਮਿੰਟ ਬਿਜਲੀ ਛੱਡ ਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕਰ ਰਿਹਾ ਹੈ। ਕਿਸਾਨਾਂ ਨੇ ਰੋਸ਼ ਜਾਹਿਰ ਕਰਦਿਆਂ ਕਿਹਾ ਕਿ ਹੁਣ ਮਹਿਕਮਾ ਟਰਾਂਸ ਫਾਰਮਰ ਦੀ ਬਦਲੀ ਤੇ ਮੈਂਟੀਨੈਸ ਕਹਿ ਕੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਵਿੱਚ ਲੱਗਾ ਹੋਇਆ ਹੈ ਜਦਕਿ ਇਹ ਸਮੱਸਿਆ ਨੂੰ ਠੀਕ ਕਰਨਾ ਮਹਿਕਮੇ ਨੂੰ ਸੀਜ਼ਨ ਸਮੇਂ ਹੀ ਕਿਉਂ ਚੇਤੇ ਆਇਆ। ਜਿਸ ਨਾਲ ਹੁਣ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਨੇ ਸਰਕਾਰ ਅਤੇ ਸੰਬੰਧਤ ਵਿਭਾਗ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਨੂੰ ਸਮੇਂ ਸਿਰ ਖੇਤਾਂ ਦੀ ਸਪਲਾਈ ਨਾ ਦਿੱਤੀ ਗਈ ਤਾਂ ਉਹ ਵੱਡਾ ਸੰਘਰਸ਼ ਵਿੱਢਣ ਤੋਂ ਪਿੱਛੇ ਨਹੀਂ ਹਟਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਹੰਮਦ ਸਬੀਰ ਤੱਖਰ ਖੁਰਦ, ਬਲਬੀਰ ਸਿੰਘ ਹਥਨ, ਰਜਿੰਦਰ ਸਿੰਘ ਰੁੜਕਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ। ਐੱਸਡੀਓ ਬੋਲੇ, ਸ਼ਾਮ ਤੱਕ ਜਾਰੀ ਕੀਤੀ ਜਾਵੇਗੀ ਖੇਤਾਂ ਦੀ ਬਿਜਲੀ ਸਪਲਾਈ ਪੀਐੱਸਪੀਸੀਐੱਲ ਦੇ ਐੱਸਡੀਓ ਦੀਪਕ ਗਰਗ ਨੇ ਦੱਸਿਆ ਕਿ ਖੇਤਾਂ ਦੀ ਬੰਦ ਕੀਤੀ ਬਿਜਲੀ ਸਪਲਾਈ ਦਾ ਮੁੱਖ ਕਾਰਨ 20 ਦੇ ਟਰਾਂਸਫਾਰਮਰ ਨੂੰ ਸਾਢੇ 31 ਐਮਬੀ ਦਾ ਕਰਨਾ ਅਤੇ ਖਾਦਸਾ ਹਾਲਤ ਦੇ ਬਰੇਕਰਾਂ ਨੂੰ ਬਦਲ ਕੇ ਨਵੇਂ ਲਾਉਣਾ ਹੈ। ਕਿਉਂਕਿ ਬਰੇਕਰਾਂ ਦੀ ਹਾਲਤ ਜਿਆਦਾ ਮਾੜੀ। ਇਸ ਲਈ ਮੈਂਟੀਨੈਸ ਦਾ ਕੰਮ ਚੱਲ ਰਿਹਾ ਸੀ ਉਨ੍ਹਾਂ ਦੱਸਿਆ ਕਿ ਅੱਜ ਸ਼ਾਮ ਤੱਕ ਕੰਮ ਮੁਕੰਮਲ ਹੋ ਜਾਵੇਗਾ ਅਤੇ ਖੇਤਾਂ ਨੂੰ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ।