ਡਰੇਨਾਂ ਦੀ ਸਫਾਈ ਨਾ ਹੋਣ ਤੇ ਕਿਸਾਨਾਂ ਨੇ ਫੂਕੀ ਅਰਥੀ
ਡਰੇਨਾਂ ਦੀ ਸਫਾਈ ਨਾ ਹੋਣ ਤੇ ਕਿਸਾਨਾਂ ਨੇ ਫੂਕੀ ਸਰਕਾਰ ਦੀ ਅਰਥੀ
Publish Date: Tue, 16 Jun 2026 05:05 PM (IST)
Updated Date: Wed, 17 Jun 2026 04:03 AM (IST)

ਡਰੇਨਾਂ ਦੀ ਸਫਾਈ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹੈ : ਮੰਤਰੀ ਗੋਇਲ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਵੱਲੋਂ ਜ਼ਿਲ੍ਹਾ ਪ੍ਰਧਾਨ ਬਿੰਦਰ ਸਿੰਘ ਰਾਮਗੜ੍ਹ ਤੇ ਜ਼ਿਲ੍ਹਾ ਜਰਨਲ ਸਕੱਤਰ ਕੁਲਦੀਪ ਸਿੰਘ ਰਾਮਗੜ੍ਹ ਦੀ ਅਗਵਾਈ ਹੇਠ ਲਹਿਰਾਗਾਗਾ ਵਿਖੇ ਸ਼ਹਿਰ ਤੇ ਪਿੰਡਾਂ ਨੂੰ ਦਰਪੇਸ਼ ਗੰਦੇ ਪਾਣੀ, ਨਾਲਿਆਂ ਤੇ ਡਰੇਨਾਂ ਦੀ ਸਫ਼ਾਈ ਨਾ ਹੋਣ ਦੀ ਗੰਭੀਰ ਸਮੱਸਿਆ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਕੇ ਸਬੰਧਤ ਪੰਜਾਬ ਸਰਕਾਰ ਦਾ ਪੁਤਲਾ ਫੂਕਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੂਬਾ ਆਗੂ ਧਰਮਿੰਦਰ ਸਿੰਘ ਪਸ਼ੌਰ ਤੇ ਸੂਬਾ ਸਿੰਘ ਸੰਗਤਪੁਰਾ ਨੇ ਕਿਹਾ ਕਿ ਲਹਿਰਾਗਾਗਾ ਤੇ ਪੂਰੇ ਪੰਜਾਬ ਦੇ ਪਿੰਡਾਂ ਵਿੱਚੋਂ ਲੰਘਦੀਆਂ ਡਰੇਨਾਂ ਤੇ ਨਾਲਿਆਂ ਦੀ ਲੰਬੇ ਸਮੇਂ ਤੋਂ ਸਫ਼ਾਈ ਨਹੀਂ ਕੀਤੀ ਗਈ। ਇਸ ਕਾਰਨ ਬਰਸਾਤ ਦੇ ਮੌਸਮ ਦੌਰਾਨ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋ ਰਹੀ ਹੈ। ਡਰੇਨਾਂ ’ਚ ਗਾਰ, ਜੰਗਲੀ ਬੂਟੀ ਤੇ ਗੰਦਗੀ ਇਕੱਠੀ ਹੋਣ ਕਾਰਨ ਪਾਣੀ ਖੇਤਾਂ ਵਿੱਚ ਦਾਖ਼ਲ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ। ਇਸ ਨਾਲ ਕਿਸਾਨਾਂ ਦੀਆਂ ਫ਼ਸਲਾਂ ਤੇ ਜ਼ਮੀਨਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ। ਜ਼ਿਲ੍ਹਾ ਆਗੂ ਬੰਤਦਾਸ ਤੇ ਮਾ. ਅਮਰੀਕ ਸਿੰਘ ਸੇਖੂਵਾਸ ਨੇ ਕਿਹਾ ਕਿ ਇੱਕ ਪਾਸੇ ਸ਼ਹਿਰਾਂ ਵਿੱਚ ਗੰਦੇ ਪਾਣੀ ਅਤੇ ਗੰਦਗੀ ਦੀ ਸਮੱਸਿਆ ਲੋਕਾਂ ਦੀ ਸਿਹਤ ਲਈ ਖ਼ਤਰਾ ਬਣੀ ਹੋਈ ਹੈ, ਦੂਜੇ ਪਾਸੇ ਪਿੰਡਾਂ ਵਿੱਚ ਡਰੇਨਾਂ ਦੀ ਸਫ਼ਾਈ ਨਾ ਹੋਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਡੁੱਬਣ ਦਾ ਖ਼ਤਰਾ ਵੱਧ ਰਿਹਾ ਹੈ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ। ਭਾਕਿਯੂ ਏਕਤਾ ਮਲਵਈ ਨੇ ਮੰਗ ਕੀਤੀ, ਕਿ ਪੰਜਾਬ ਦੀਆਂ ਸਾਰੀਆਂ ਡਰੇਨਾਂ, ਨਾਲਿਆਂ ਅਤੇ ਸੀਵਰੇਜ ਪ੍ਰਣਾਲੀ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ ਤਾਂ ਜੋ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ ਅਤੇ ਕਿਸਾਨਾਂ ਦੀਆਂ ਫ਼ਸਲਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ। ਇਸ ਮੌਕੇ ਕਰਮਜੀਤ ਸਿੰਘ ਸੰਗਤਪੁਰਾ, ਧਰਮਜੀਤ ਸਿੰਘ ਚੰਗਾਲੀਵਾਲਾ, ਬਿੰਦਰ ਰਾਮਗੜ੍ਹ, ਜਸਵੀਰ ਕੌਰ ਲਹਿਲ ਕਲਾਂ ਬਲਜੀਤ ਕੌਰ ਲਹਿਲ ਕਲਾਂ ਹਾਜਰ ਸਨ। ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ : ਮੰਤਰੀ ਗੋਇਲ ਇਸ ਸਬੰਧੀ ਜਲ ਸਰੋਤ ਮੰਤਰੀ ਕੈਬਨਿਟ ਬਰਿੰਦਰ ਗੋਇਲ ਨੇ ਦੱਸਿਆ ਕਿ ਡਰੇਨਾਂ ਦੀ ਸਫਾਈ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਸਾਰੇ ਪੰਜਾਬ ਵਿੱਚ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੇਰੀ ਮਹਿਕਮੇ ਅਤੇ ਸਾਰੇ ਕੰਮਾਂ ਤੇ ਪੂਰੀ ਨਿਗ੍ਹਾ ਹੈ। ਪੰਜਾਬ ਵਾਸੀਆਂ ਨੂੰ ਡਰੇਨਾਂ ਦੀ ਸਫਾਈ ਸਬੰਧੀ ਚਿੰਤਾ ਕਰਨ ਦੀ ਲੋੜ ਨਹੀਂ ਹੈ ਸਮਾਂ ਰਹਿੰਦੇ ਸਫਾਈ ਮੁਕੰਮਲ ਕਰ ਦਿੱਤੀ ਜਾਵੇਗੀ।