- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਦਯੋਗਿਕ ਸਰਗਰਮੀਆਂ ਦੇ ਬਾਵਜੂਦ ਫੋਕਲ ਪੁਆਇੰਟ ਦਾ ਬੁਨਿਆਦੀ ਢਾਂਚਾ ਕਾਰੋਬਾਰੀਆਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਉਦਯੋਗਪਤੀਆਂ ਦਾ ਕਹਿਣਾ ਹੈ ਕਿ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਦੇਖਦਿਆਂ ਫੋਕਲ ਪੁਆਇੰਟ ਨੂੰ ਜੋੜਣ ਵਾਲੇ ਪਟਿਆਲਾ-ਰਾਜਪੁਰਾ-ਸਰਹਿੰਦ ਬਾਈਪਾਸ ਨੂੰ ਚਾਰ ਮਾਰਗੀ ਬਣਾਉਣਾ ਸਮੇਂ ਦੀ ਲੋੜ ਹੈ। ਅੰਦਰੂਨੀ ਸੜਕਾਂ ਦੀ ਉਸਾਰੀ ਅਤੇ ਮੁਰੰਮਤ ਦਾ ਕੰਮ ਸ਼ੁਰੂ ਹੋਣ ਦੇ ਬਾਵਜੂਦ ਰਫ਼ਤਾਰ ਧੀਮੀ ਹੋਣ ਕਾਰਨ ਰੋਜ਼ਾਨਾ ਆਵਾਜਾਈ ਅਤੇ ਮਾਲ ਦੀ ਢੋਆ-ਢੁਆਈ ਪ੍ਰਭਾਵਿਤ ਹੋ ਰਹੀ ਹੈ।

ਨਵਦੀਪ ਢੀਂਗਰਾ, ਪਟਿਆਲਾ: ਪਟਿਆਲਾ ਦਾ ਫੋਕਲ ਪੁਆਇੰਟ ਪੰਜਾਬ ਦੇ ਅਹਿਮ ਉਦਯੋਗਿਕ ਕੇਂਦਰਾਂ ਵਿੱਚੋਂ ਇੱਕ ਹੈ, ਜਿੱਥੇ ਕਰੀਬ 400 ਉਦਯੋਗਿਕ ਇਕਾਈਆਂ ਕੰਮ ਕਰ ਰਹੀਆਂ ਹਨ। ਇਨ੍ਹਾਂ ਵਿੱਚੋਂ ਲਗਭਗ 100 ਇਕਾਈਆਂ ਕਟਿੰਗ ਟੂਲਜ਼ ਬਣਾਉਣ ਨਾਲ ਜੁੜੀਆਂ ਹਨ, ਜਿਨ੍ਹਾਂ ਦੇ ਉਤਪਾਦ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਤੱਕ ਭੇਜੇ ਜਾਂਦੇ ਹਨ। ਇਸ ਤੋਂ ਇਲਾਵਾ ਪਲਾਸਟਿਕ ਰੀਸਾਈਕਲਿੰਗ, ਫਰਨੀਚਰ, ਬਿਲਡਿੰਗ ਮਟੀਰੀਅਲ ਅਤੇ ਪਲਾਸਟਿਕ ਉਤਪਾਦਾਂ ਦੇ ਵੱਡੇ ਯੂਨਿਟ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਦੇ ਰਹੇ ਹਨ।
ਉਦਯੋਗਿਕ ਸਰਗਰਮੀਆਂ ਦੇ ਬਾਵਜੂਦ ਫੋਕਲ ਪੁਆਇੰਟ ਦਾ ਬੁਨਿਆਦੀ ਢਾਂਚਾ ਕਾਰੋਬਾਰੀਆਂ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। ਉਦਯੋਗਪਤੀਆਂ ਦਾ ਕਹਿਣਾ ਹੈ ਕਿ ਭਾਰੀ ਵਾਹਨਾਂ ਦੀ ਆਵਾਜਾਈ ਨੂੰ ਦੇਖਦਿਆਂ ਫੋਕਲ ਪੁਆਇੰਟ ਨੂੰ ਜੋੜਣ ਵਾਲੇ ਪਟਿਆਲਾ-ਰਾਜਪੁਰਾ-ਸਰਹਿੰਦ ਬਾਈਪਾਸ ਨੂੰ ਚਾਰ ਮਾਰਗੀ ਬਣਾਉਣਾ ਸਮੇਂ ਦੀ ਲੋੜ ਹੈ। ਅੰਦਰੂਨੀ ਸੜਕਾਂ ਦੀ ਉਸਾਰੀ ਅਤੇ ਮੁਰੰਮਤ ਦਾ ਕੰਮ ਸ਼ੁਰੂ ਹੋਣ ਦੇ ਬਾਵਜੂਦ ਰਫ਼ਤਾਰ ਧੀਮੀ ਹੋਣ ਕਾਰਨ ਰੋਜ਼ਾਨਾ ਆਵਾਜਾਈ ਅਤੇ ਮਾਲ ਦੀ ਢੋਆ-ਢੁਆਈ ਪ੍ਰਭਾਵਿਤ ਹੋ ਰਹੀ ਹੈ।
ਉਦਯੋਗਿਕ ਖੇਤਰ ਦੀ ਸੁਰੱਖਿਆ ਲਈ ਫਾਇਰ ਬ੍ਰਿਗੇਡ ਸਟੇਸ਼ਨ ਦਾ ਪ੍ਰੋਜੈਕਟ ਚੱਲ ਰਿਹਾ ਹੈ, ਪਰ ਕਾਰੋਬਾਰੀਆਂ ਨੇ ਇਸ ਨੂੰ ਜਲਦੀ ਮੁਕੰਮਲ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਅੱਗ ਵਰਗੀਆਂ ਐਮਰਜੈਂਸੀ ਸਥਿਤੀਆਂ ਨਾਲ ਤੁਰੰਤ ਨਜਿੱਠਿਆ ਜਾ ਸਕੇ। ਸਿਹਤ ਸਹੂਲਤਾਂ ਦੇ ਮਾਮਲੇ ਵਿੱਚ ਇੱਥੇ ਆਮ ਆਦਮੀ ਕਲੀਨਿਕ ਤਾਂ ਹੈ, ਪਰ ਹਜ਼ਾਰਾਂ ਮਜ਼ਦੂਰਾਂ ਨੂੰ ਦੇਖਦਿਆਂ ਈਐੱਸਆਈ ਡਿਸਪੈਂਸਰੀ ਸਥਾਪਤ ਕਰਨ ਦੀ ਲੋੜ ਵੀ ਜਤਾਈ ਗਈ ਹੈ।
ਸਭ ਤੋਂ ਗੰਭੀਰ ਸਮੱਸਿਆ ਬਿਜਲੀ ਸਪਲਾਈ ਨਾਲ ਜੁੜੀ ਦੱਸੀ ਜਾ ਰਹੀ ਹੈ। ਉਦਯੋਗਪਤੀਆਂ ਅਨੁਸਾਰ ਬਿਜਲੀ ਬੰਦ ਹੋਣ ਤੋਂ ਬਾਅਦ ਸਪਲਾਈ ਬਹਾਲ ਕਰਨ ਵਿੱਚ ਕਾਫ਼ੀ ਸਮਾਂ ਲੱਗ ਜਾਂਦਾ ਹੈ, ਜਿਸ ਨਾਲ ਉਤਪਾਦਨ ਪ੍ਰਭਾਵਿਤ ਹੁੰਦਾ ਹੈ ਅਤੇ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਉਨ੍ਹਾਂ ਨੇ ਫੋਕਲ ਪੁਆਇੰਟ ਲਈ ਵੱਖਰਾ ਬਿਜਲੀ ਸਟਾਫ਼ ਤਾਇਨਾਤ ਕਰਨ ਅਤੇ ਨਿਰਵਿਘਨ ਸਪਲਾਈ ਲਈ ਮਾਡਲ ਫੀਡਰ ਸਥਾਪਤ ਕਰਨ ਦੀ ਮੰਗ ਕੀਤੀ ਹੈ। ਕਾਰੋਬਾਰੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਉਦਯੋਗਿਕ ਖੇਤਰ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ ਹੈ।
187 ਏਕੜ ਵਿੱਚ ਫੈਲਿਆ ਉਦਯੋਗਿਕ ਕੇਂਦਰ
ਪਟਿਆਲਾ-ਰਾਜਪੁਰਾ-ਸਰਹਿੰਦ ਬਾਈਪਾਸ ਨੇੜੇ ਸਥਿਤ ਫੋਕਲ ਪੁਆਇੰਟ ਕਰੀਬ 187 ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ। ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਵੱਲੋਂ ਵਿਕਸਤ ਇਸ ਉਦਯੋਗਿਕ ਖੇਤਰ ਵਿੱਚ ਸੈਂਕੜੇ ਛੋਟੇ ਅਤੇ ਦਰਮਿਆਨੇ ਉਦਯੋਗਿਕ ਪਲਾਟ ਹਨ। ਇੱਥੇ ਇੰਜੀਨੀਅਰਿੰਗ ਅਤੇ ਕਟਿੰਗ ਟੂਲਜ਼, ਲੇਜ਼ਰ ਕਟਿੰਗ, ਫਾਰਮਾਸਿਊਟੀਕਲ ਮਸ਼ੀਨਰੀ, ਪੈਕਿੰਗ, ਖੇਤੀਬਾੜੀ ਸੰਦ, ਲੋਹਾ-ਸਟੀਲ ਅਤੇ ਕੰਕਰੀਟ ਉਤਪਾਦਾਂ ਨਾਲ ਸਬੰਧਤ ਇਕਾਈਆਂ ਕੰਮ ਕਰ ਰਹੀਆਂ ਹਨ।
ਬੁਨਿਆਦੀ ਸਹੂਲਤਾਂ ਨਾਲ ਹੀ ਉਦਯੋਗਾਂ ਨੂੰ ਮਿਲੇਗੀ ਰਫ਼ਤਾਰ : ਅਰੁਣ ਗੁਪਤਾ
ਫੋਕਲ ਪੁਆਇੰਟ ਇੰਡਸਟਰੀ ਦੇ ਚੇਅਰਮੈਨ ਅਰੁਣ ਗੁਪਤਾ ਅਤੇ ਪ੍ਰਧਾਨ ਅਸ਼ਵਨੀ ਗੁਪਤਾ ਨੇ ਕਿਹਾ ਕਿ ਕਿਸੇ ਵੀ ਸੂਬੇ ਦੀ ਆਰਥਿਕ ਤਰੱਕੀ ਵਿੱਚ ਉਦਯੋਗਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਜੇ ਉਦਯੋਗਿਕ ਖੇਤਰਾਂ ਵਿੱਚ ਪੱਕੀਆਂ ਸੜਕਾਂ, ਨਿਰਵਿਘਨ ਬਿਜਲੀ, ਪਾਣੀ, ਸੀਵਰੇਜ ਅਤੇ ਸੁਰੱਖਿਆ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਉਦਯੋਗਾਂ ਦਾ ਵਿਸਥਾਰ ਹੋਵੇਗਾ, ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ ਅਤੇ ਸਰਕਾਰੀ ਮਾਲੀਏ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਨੇ ਸਰਕਾਰ ਨੂੰ ਉਦਯੋਗਿਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ।
ਕੁੱਲ ਰਕਬਾ: 187 ਏਕੜ
ਕੁੱਲ ਉਦਯੋਗਿਕ ਇਕਾਈਆਂ: ਲਗਭਗ 400
ਕਟਿੰਗ ਟੂਲਜ਼ ਇਕਾਈਆਂ: ਕਰੀਬ 100
ਮੁੱਖ ਉਦਯੋਗ: ਕਟਿੰਗ ਟੂਲਜ਼, ਪਲਾਸਟਿਕ ਰੀਸਾਈਕਲਿੰਗ, ਫਰਨੀਚਰ, ਬਿਲਡਿੰਗ ਮਟੀਰੀਅਲ, ਪਲਾਸਟਿਕ ਉਤਪਾਦ