ਖੂਨ ਦਾ ਹਰ ਕਤਰਾ ਬਚਾਉਂਦਾ ਹੈ ਅਨੇਕ ਮਨੁੱਖੀ ਜ਼ਿੰਦਗੀਆਂ
ਖੂਨ ਦਾ ਹਰ ਕਤਰਾ ਬਚਾਉਂਦਾ ਹੈ ਅਨੇਕਾਂ ਮਨੁੱਖੀ ਜ਼ਿੰਦਗੀਆਂ
Publish Date: Mon, 15 Jun 2026 04:26 PM (IST)
Updated Date: Tue, 16 Jun 2026 04:01 AM (IST)

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਖੂਨਦਾਨ ਕਰਨਾ ਇੱਕ ਅਜਿਹਾ ਦਾਨ ਹੈ ਜਿਸ ਨਾਲ ਅਸੀਂ ਅਨੇਕ ਕੀਮਤੀ ਜ਼ਿੰਦਗੀਆਂ ਨੂੰ ਬਚਾ ਸਕਦੇ ਹਾਂ। ਵਿਗਿਆਨ ਨੇ ਅੱਜ ਭਾਵੇਂ ਬੇਹੱਦ ਤਰੱਕੀ ਕਰ ਲਈ ਹੋਵੇ ਪਰ ਅਜੇ ਤੱਕ ਖੂਨ ਨੂੰ ਕਿਸੇ ਪ੍ਰਯੋਗਸ਼ਾਲਾ ਜਾਂ ਫੈਕਟਰੀ ’ਚ ਤਿਆਰ ਨਹੀਂ ਕੀਤਾ ਜਾ ਸਕਿਆ। ਕਿਸੇ ਵੀ ਮਰੀਜ਼ ਲਈ ਲੋੜੀਂਦਾ ਖੂਨ ਸਿਰਫ਼ ਇਕ ਤੰਦਰੁਸਤ ਵਿਅਕਤੀ ਦੇ ਸਵੈ-ਇੱਛਾ ਨਾਲ ਕੀਤੇ ਖੂਨਦਾਨ ਰਾਹੀਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸੇ ਲਈ ਖੂਨਦਾਨ ਨੂੰ ਮਹਾਂਦਾਨ ਦਾ ਦਰਜਾ ਦਿੱਤਾ ਗਿਆ ਹੈ। ਤੁਹਾਡਾ ਇਕ ਖੂਨਦਾਨ ਕਿਸੇ ਲਈ ਨਵੀਂ ਸਵੇਰ, ਨਵੀਂ ਉਮੀਦ ਤੇ ਨਵੀਂ ਜ਼ਿੰਦਗੀ ਬਣ ਸਕਦਾ ਹੈ। ਖੂਨਦਾਨ ਦਿਵਸ ’ਤੇ ਵੱਖ-ਵੱਖ ਸ਼ਖਸ਼ੀਅਤਾਂ ਨੇ ਆਪਣੇ ਵਿਚਾਰ ਰੱਖੇ। ਖੂਨਦਾਨ ਦਾਨੀ ਕਈ ਜ਼ਿੰਦਗੀਆਂ ਬਚਾਉਂਦੈ : ਭੱਟੀ ਸਮਾਜ ਸੇਵੀ ਅਤੇ ਮਹਿਲਾ ਵਿੰਗ ਦੇ ਆਗੂ ਜਗਸੀਰ ਕੌਰ ਭੱਟੀ ਮਾਲੇਰਕੋਟਲਾ ਨੇ ਕਿਹਾ ਹੈ ਕਿ ਕਿਸੇ ਲੋੜਵੰਦ ਮਰੀਜ਼ ਲਈ ਖੂਨ ਦਾਨ ਕਰਨਾ ਬਹੁਤ ਵੱਡਾ ਪੁੰਨ ਹੁੰਦਾ ਹੈ। ਕਿਉਂਕਿ ਜੇਕਰ ਇਨਸਾਨ ਇਨਸਾਨ ਦੇ ਕੰਮ ਨਹੀਂ ਆਵੇਗਾ ਤਾਂ ਫਿਰ ਇਸ ਨਾਸ਼ਵਾਨ ਹੋਣ ਵਾਲੀ ਇਸ ਦੇਹ ਤੋਂ ਕੀ ਕਰਾਉਣਾ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਨਾਗਰਿਕ ਨੂੰ ਇੱਕ ਸਾਲ ਵਿੱਚ ਦੋ ਵਾਰ ਖੂਨਦਾਨ ਕਰ ਸਕਦਾ ਹੈ। ਵੱਖ-ਵੱਖ ਬਿਮਾਰੀਆਂ ਚ ਪੈਂਦੀ ਹੈ ਖੂਨ ਦੀ ਲੋੜ : ਵਿੱਕੀ ਲੋਕ ਸੇਵਾ ਖੂਨਦਾਨ ਕਲੱਬ ਸ਼ੇਰਪੁਰ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਵਿੱਕੀ ਨੇ ਕਿਹਾ ਹੈ ਕਿ ਵੱਖ-ਵੱਖ ਬਿਮਾਰੀਆਂ ਦੇ ਇਲਾਜ ਦੌਰਾਨ ਹਰ ਰੋਜ਼ ਵੱਡੀ ਮਾਤਰਾ ਵਿਚ ਖੂਨ ਦੀ ਲੋੜ ਪੈਂਦੀ ਹੈ। ਸਮੇਂ ਸਿਰ ਖੂਨ ਨਾ ਮਿਲਣ ਕਾਰਨ ਕਈ ਕੀਮਤੀ ਜਾਨਾਂ ਖ਼ਤਰੇ ਵਿਚ ਪੈ ਜਾਂਦੀਆਂ ਹਨ। ਇਸ ਲਈ ਸਾਨੂੰ ਡਰਨ ਦੀ ਬਜਾਏ ਖੂਨਦਾਨ ਕਰਨਾ ਚਾਹੀਦਾ ਹੈ, ਤਾਂ ਜੋ ਕਿਸੇ ਲੋੜਵੰਦ ਵਿਅਕਤੀ ਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕੇ। ਬੱਚੇ ਦੇ ਜਨਮ ਸਮੇਂ ਵੀ ਮਾਂ ਨੂੰ ਪੈਂਦੀ ਹੈ ਖੂ਼ਨ ਦੀ ਲੋੜ : ਡਾ. ਘਨੌਰੀ ਡਾ. ਕਰਨਵੀਰ ਸਿੰਘ ਘਨੌਰੀ ਨੇ ਕਿਹਾ ਮਹਿਲਾਵਾਂ ਅਤੇ ਬੱਚਿਆਂ ਵਿਚ ਅਨੀਮੀਆ ਇਕ ਗੰਭੀਰ ਸਮੱਸਿਆ ਹੈ। ਕਈ ਵਾਰ ਜਨਮ ਸਮੇਂ ਮਾਤਾਵਾਂ ਨੂੰ ਤੁਰੰਤ ਖੂਨ ਦੀ ਲੋੜ ਪੈਂਦੀ ਹੈ। ਅਜਿਹੇ ਮੌਕਿਆਂ ਤੇ ਤੇ ਸਵੈ-ਇੱਛਾ ਸਵੈ- ਨਾਲ ਕੀਤੇ ਗਏ ਖੂਨਦਾਨ ਅਨਮੋਲ ਸਾਬਤ ਹੁੰਦੇ ਹਨ। ਸਮਾਜ ਵਿਚ ਖੂਨਦਾਨ ਸਬੰਧੀ ਮੌਜੂਦ ਗਲਤ ਧਾਰਨਾਵਾਂ ਨੂੰ ਦੂਰ ਕਰਨ ਦੀ ਲੋੜ ਹੈ ਅਤੇ ਲੋਕਾਂ ਨੂੰ ਵਿਗਿਆਨਕ ਜਾਣਕਾਰੀ ਦੇ ਕੇ ਖੂਨਦਾਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਖੂਨ ਦਾਨੀ ਕਿਸੇ ਰਿਸ਼ਤੇਦਾਰ ਤੋਂ ਘੱਟ ਨਹੀਂ ਹੁੰਦਾ : ਗਰਗ ਡਾਕਟਰ ਪੀਸੀ ਗਰਗ ਨੇ ਕਿਹਾ ਕਿ ਖੂਨ ਦਾਨੀ ਦੀ ਕੂਹਣੀ ਦੇ ਅੰਦਰਲੇ ਪਾਸੇ ਵਾਲੀ ਨਾੜ ਵਿੱਚ ਇੱਕ ਖਾਸ ਕਿਸਮ ਦੀ ਸੂਈ ਰਾਹੀਂ ਖੂਨ ਲਿਆ ਜਾਂਦਾ ਹੈ, ਇਸ ਸੂਈ ਨੂੰ ਕੈਨੂਲਾ ਕਿਹਾ ਜਾਂਦਾ ਹੈ। ਆਮ ਤੌਰ ਤੇ ਇੱਕ ਵਾਰੀ ਵਿਚ 250 ਮਿਲੀ-ਲੀਟਰ ਖੂਨ ਦਾਨ ਕੀਤਾ ਜਾਂਦਾ ਹੈ। ਜਾਣਕਾਰੀ ਅਨੁਸਾਰ ਇਕ ਵਿਅਕਤੀ ਵਿਚ ਔਸਤਨ 5-6 ਲੀਟਰ ਖੂਨ ਹੁੰਦਾ ਹੈ। ਖੂਨਦਾਨ ਸਮੇਂ ਕੇਵਲ 300 ਤੋਂ 350 ਮਿਲੀ ਲੀਟਰ ਤਕ ਖੂਨ ਲਿਆ ਜਾਂਦਾ ਹੈ। ਜ਼ਰੂਰੀ ਸਾਵਧਾਨੀਆਂ ਡਾਕਟਰਾਂ ਨੇ ਦੱਸਿਆ ਕਿ 18 ਤੋਂ 65 ਸਾਲ ਤੱਕ ਦਾ ਹਰ ਤੰਦਰੁਸਤ ਵਿਅਕਤੀ ਖੂਨਦਾਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰ ਘੱਟੋ-ਘੱਟ 50 ਕਿੱਲੋਗ੍ਰਾਮ ਹੋਣਾ ਚਾਹੀਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ, ਬੁਖਾਰ ਜਾਂ ਗੰਭੀਰ ਬਿਮਾਰੀ ਨਹੀਂ ਹੋਣੀ ਚਾਹੀਦੀ।