ਮੰਤਰੀ ਅਮਨ ਅਰੋੜਾ ਦੀ ਕੋਠੀ ਨੇੜੇ ਗਰਜੇ ਮੁਲਾਜ਼ਮ ਤੇ ਪੈਨਸ਼ਨਰ ਮੰਤਰੀ ਅਮਨ ਅਰੋੜਾ ਦੀ ਕੋਠੀ ਨੇੜੇ ਗਰਜੇ ਮੁਲਾਜ਼ਮ ਤੇ ਪੈਨਸ਼ਨਰ
Publish Date: Tue, 07 Jul 2026 04:00 PM (IST)
Updated Date: Wed, 08 Jul 2026 04:00 AM (IST)
ਆਪ ਸਰਕਾਰ ਤੇ ਲਾਏ ਵਾਅਦਿਆਂ ਤੋਂ ਮੁਕਰਨ ਦੇ ਇਲਜ਼ਾਮ ਮੁੱਖ ਮੰਤਰੀ ਦੇ ਨਾਮ ਸੌਂਪਿਆ ਚਿਤਾਵਨੀ ਪੱਤਰ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਦੇ ਰੋਸ ਵਜੋਂ ਮੰਗਲਵਾਰ ਨੂੰ ਸੁਨਾਮ ਵਿਖੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਨੇ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਨੇੜੇ ਰੋਹ ਭਰਪੂਰ ਧਰਨਾ ਦੇ ਕੇ ਮੁੱਖ ਮੰਤਰੀ ਦੇ ਨਾਮ ਚਿਤਾਵਨੀ ਪੱਤਰ ਸੁਨਾਮ ਦੇ ਤਹਿਸੀਲਦਾਰ ਅੰਮ੍ਰਿਤਬੀਰ ਸਿੰਘ ਨੂੰ ਸੌਂਪਿਆ। ਹੁੰਮਸ ਭਰੀ ਗਰਮੀ ਦੇ ਬਾਵਜੂਦ ਧਰਨਾਕਾਰੀਆਂ ਨੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਆਗੂਆਂ ਰਾਜ ਕੁਮਾਰ ਅਰੋੜਾ, ਰਾਮ ਸਰੂਪ ਢੈਪਈ, ਜਗਦੇਵ ਸਿੰਘ ਬਾਹੀਆ, ਜੀਤ ਸਿੰਘ ਬੰਗਾ, ਪਵਨ ਕੁਮਾਰ ਸ਼ਰਮਾ, ਸੁਰਿੰਦਰ ਸਿੰਘ ਸੁਨਾਮ, ਪ੍ਰੇਮ ਅਗਰਵਾਲ, ਗੁਰਪ੍ਰੀਤ ਸਿੰਘ ਮੰਗਵਾਲ, ਅਵਤਾਰ ਸਿੰਘ ਗੰਢੂਆਂ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂ ਦਾਤਾ ਨਮੋਲ, ਚੇਤ ਰਾਮ ਢਿੱਲੋਂ, ਹਰਿੰਦਰ ਸਿੰਘ, ਥਾਣੇਦਾਰ ਦਰਸ਼ਨ ਸਿੰਘ ਭਰੂਰ, ਆਸ਼ਾ ਸਿੰਘ ਰਾਏ ਅਤੇ ਥਾਣੇਦਾਰ ਓਮ ਪ੍ਰਕਾਸ਼ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੇ ਝੰਡੇ ਹੇਠ ਇੱਕਠੇ ਹੋਏ ਮੁਲਾਜ਼ਮ ਅਤੇ ਪੈਨਸ਼ਨਰਜ਼ ਸਰਕਾਰ ਨੂੰ ਘੇਰਨ ਲਈ ਜ਼ਿਲ੍ਹਾ ਪੱਧਰ ਤੇ ਰੋਸ ਪ੍ਰਦਰਸ਼ਨ ਕਰਕੇ ਮੁੱਖ ਮੰਤਰੀ ਦੇ ਨਾਮ ਚੇਤਾਵਨੀ ਪੱਤਰ ਦੇ ਰਹੇ ਹਨ ਲੇਕਿਨ ਸੂਬੇ ਦੀ ਸਰਕਾਰ ਵੱਲੋਂ ਪੰਜਾਬ ਦੇ ਲਗਭਗ 7 ਲੱਖ ਸਰਕਾਰੀ ਅਤੇ ਅਰਧ-ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਸਰਕਾਰ ਵੱਲੋਂ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ, ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਆਖਿਆ ਕਿ ਮੰਤਰੀਆਂ ਦੀਆਂ ਸਬ-ਕਮੇਟੀਆਂ ਵੱਲੋਂ ਕੀਤੇ ਗਏ ਵਾਅਦੇ ਅਤੇ ਸਮਝੌਤੇ ਪੂਰੇ ਨਹੀਂ ਕੀਤੇ ਗਏ। ਮੁਲਾਜ਼ਮਾਂ ਵੱਲੋਂ ਲੰਬੇ ਸੰਘਰਸ਼ਾਂ ਸਦਕਾ ਪ੍ਰਾਪਤ ਕੀਤੇ ਹੱਕਾਂ ਨੂੰ ਵੀ ਇੱਕ-ਇੱਕ ਕਰਕੇ ਖੋਹਿਆ ਜਾ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਵੱਲ ਧਿਆਨ ਨਾ ਦਿੱਤਾ, ਤਾਂ ਸਮੂਹ ਜਥੇਬੰਦੀਆਂ ਵੱਲੋਂ ਮਿਲਕੇ 17 ਜੁਲਾਈ 2026 ਨੂੰ ਦਾਣਾ ਮੰਡੀ, ਸੈਕਟਰ 39, ਚੰਡੀਗੜ੍ਹ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਇਕ ਵਿਸ਼ਾਲ ਮਹਾਂ ਰੈਲੀ ਅਤੇ ਰੋਸ ਮਾਰਚ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਜੇਕਰ ਦੁਵੱਲੀ ਗੱਲਬਾਤ ਰਾਹੀਂ ਮਸਲਿਆਂ ਦਾ ਹੱਲ ਨਾ ਕੱਢਿਆ ਗਿਆ, ਤਾਂ ਪੂਰੇ ਪੰਜਾਬ ਅੰਦਰ ਆਮ ਹੜਤਾਲ ਕਰਕੇ ਸਾਰੇ ਸਰਕਾਰੀ ਅਤੇ ਅਰਧ-ਸਰਕਾਰੀ ਕੰਮ-ਕਾਰ ਮੁਕੰਮਲ ਤੌਰ ਤੇ ਠੱਪ ਕਰ ਦਿੱਤੇ ਜਾਣਗੇ।