- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰੀ ਬਿਜਲੀ ਅਥਾਰਟੀ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਫੋਰਮ ਨੇ ਦੱਸਿਆ ਕਿ ਪਿਛਲੇ ਦਸ ਸਾਲਾਂ 2016-17 ਤੋਂ 2026-27 ਦੌਰਾਨ ਪੰਜਾਬ ’ਚ ਬਿਜਲੀ ਮੰਗ 11,408 ਮੈਗਾਵਾਟ ਤੋਂ ਵਧ ਕੇ 17,672 ਮੈਗਾਵਾਟ ਤੱਕ ਪਹੁੰਚ ਗਈ ਹੈ, ਜਿਸ ’ਚ 54.9 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਬਿਜਲੀ ਖੇਤਰ ਦੇ ਮਾਹਿਰਾਂ ਦੀ ਸੰਸਥਾ ‘ਪਾਵਰ ਸੈਕਟਰ ਰਿਫਾਰਮਜ਼ ਫੋਰਮ’ ਨੇ ਪੰਜਾਬ ’ਚ ਗਰਮੀਆਂ ਤੇ ਖ਼ਾਸ ਤੌਰ 'ਤੇ ਸਤੰਬਰ ਮਹੀਨੇ ਦੌਰਾਨ ਪੈਦਾ ਹੋਏ ਬਿਜਲੀ ਸੰਕਟ ਤੇ ਲੱਗ ਰਹੇ ਕੱਟਾਂ ਦੇ ਅਸਲ ਕਾਰਨਾਂ ਨੂੰ ਉਜਾਗਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਵਿਸਥਾਰਪੂਰਵਕ ਵ੍ਹਾਈਟ ਪੇਪਰ ਭੇਜਿਆ ਹੈ। ਫੋਰਮ ਦੇ ਪ੍ਰਧਾਨ ਤੇ ਪਾਵਰਕਾਮ ਦੇ ਸੇਵਾਮੁਕਤ ਡਿਪਟੀ ਸੀ.ਈ ਇੰਜੀਨੀਅਰ ਭੁਪਿੰਦਰ ਸਿੰਘ ਅਤੇ ਸਕੱਤਰ ਤੇ ਸੇਵਾਮੁਕਤ ਏਐੱਸਈ ਡਾ. ਮਲਕੀਤ ਸਿੰਘ ਨੇ ਦੱਸਿਆ ਕਿ ਸੂਬੇ ਦੇ ਬਿਜਲੀ ਸੰਕਟ ਦੀਆਂ ਅਸਲ ਅਤੇ ਬੁਨਿਆਦੀ ਵਜ੍ਹਾ ਵੱਲ ਸਰਕਾਰਾਂ ਵੱਲੋਂ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ। ਫੋਰਮ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਨੂੰ ਆਉਣ ਵਾਲੇ ਸਮੇਂ ’ਚ ਗੰਭੀਰ ਬਿਜਲੀ ਸੰਕਟ ਤੇ ਵਿੱਤੀ ਬੋਝ ਤੋਂ ਬਚਾਉਣ ਲਈ ਨਵੇਂ ਸੁਪਰ ਕ੍ਰਿਟੀਕਲ ਥਰਮਲ ਯੂਨਿਟਾਂ ਦੀ ਸਥਾਪਨਾ ਤੇ ਉਤਪਾਦਨ ਸਮਰੱਥਾ ਵਧਾਉਣ ਵੱਲ ਤੁਰੰਤ ਠੋਸ ਕਦਮ ਚੁੱਕੇ ਜਾਣ।
ਕੇਂਦਰੀ ਬਿਜਲੀ ਅਥਾਰਟੀ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਫੋਰਮ ਨੇ ਦੱਸਿਆ ਕਿ ਪਿਛਲੇ ਦਸ ਸਾਲਾਂ 2016-17 ਤੋਂ 2026-27 ਦੌਰਾਨ ਪੰਜਾਬ ’ਚ ਬਿਜਲੀ ਮੰਗ 11,408 ਮੈਗਾਵਾਟ ਤੋਂ ਵਧ ਕੇ 17,672 ਮੈਗਾਵਾਟ ਤੱਕ ਪਹੁੰਚ ਗਈ ਹੈ, ਜਿਸ ’ਚ 54.9 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਇਸ ਦੇ ਮੁਕਾਬਲੇ ਸੂਬੇ ਦੀ ਆਪਣੀ ਸਥਾਪਤ ਉਤਪਾਦਨ ਸਮਰੱਥਾ 14,162 ਮੈਗਾਵਾਟ ਤੋਂ ਵਧ ਕੇ ਸਿਰਫ਼ 14,882 ਮੈਗਾਵਾਟ ਹੀ ਹੋ ਸਕੀ ਹੈ, ਜੋ ਕਿ ਮਹਿਜ਼ 5.08 ਫ਼ੀਸਦੀ ਦਾ ਮਾਮੂਲੀ ਵਾਧਾ ਹੈ। ਸਾਲ 2021-22 ਤੱਕ ਸਥਾਪਤ ਸਮਰੱਥਾ ਵੱਧ ਤੋਂ ਵੱਧ ਮੰਗ ਨਾਲੋਂ ਜ਼ਿਆਦਾ ਸੀ ਪਰ ਹੁਣ ਵੱਧ ਤੋਂ ਵੱਧ ਮੰਗ ਸਥਾਪਤ ਸਮਰੱਥਾ ਨਾਲੋਂ ਲਗਭਗ ਤਿੰਨ ਹਜ਼ਾਰ ਮੈਗਾਵਾਟ ਵਧ ਚੁੱਕੀ ਹੈ। ਰਿਪੋਰਟ ਵਿਚ ਗੁਆਂਢੀ ਉੱਤਰੀ ਸੂਬਿਆਂ ਦੀ ਤੁਲਨਾ ਕਰਦਿਆਂ ਦੱਸਿਆ ਗਿਆ ਕਿ ਪਿਛਲੇ ਦਸ ਸਾਲਾਂ ’ਚ ਜਿੱਥੇ ਰਾਜਸਥਾਨ ਨੇ ਆਪਣੀ ਬਿਜਲੀ ਉਤਪਾਦਨ ਸਮਰੱਥਾ ’ਚ 242.7 ਫ਼ੀਸਦੀ, ਉੱਤਰ ਪ੍ਰਦੇਸ਼ ਨੇ 67.86 ਫ਼ੀਸਦੀ ਤੇ ਹਰਿਆਣਾ ਨੇ 36.8 ਫ਼ੀਸਦੀ ਦਾ ਵਾਧਾ ਕੀਤਾ ਹੈ, ਉੱਥੇ ਹੀ ਪੰਜਾਬ ਸਿਰਫ਼ 5.08 ਫ਼ੀਸਦੀ ਵਾਧੇ ਨਾਲ ਸਭ ਤੋਂ ਪਿੱਛੇ ਰਿਹਾ।
ਐਕਸਚੇਂਜ ਤੋਂ ਮਹਿੰਗੀ ਬਿਜਲੀ ਖ਼ਰੀਦਣ ਦੀ ਮਜਬੂਰੀ
ਫੋਰਮ ਦੀ ਰਿਪੋਰਟ ਅਨੁਸਾਰ ਘਰੇਲੂ ਉਤਪਾਦਨ ਸਮਰੱਥਾ ਨਾ ਵਧਣ ਕਾਰਨ ਪੰਜਾਬ ਦੀ ਨਿਰਭਰਤਾ ਐਨਰਜੀ ਐਕਸਚੇਂਜ ਤੋਂ ਰੀਅਲ ਟਾਈਮ ਮਾਰਕੀਟ ਰਾਹੀਂ ਮਹਿੰਗੀ ਬਿਜਲੀ ਖ਼ਰੀਦਣ ’ਤੇ ਬਹੁਤ ਜ਼ਿਆਦਾ ਵਧ ਗਈ ਹੈ। ਸਤੰਬਰ 2025 ਦੇ ਮੁਕਾਬਲੇ ਸਤੰਬਰ 2026 ’ਚ ਐਕਸਚੇਂਜ ਵਿੱਚ ਬਿਜਲੀ ਦੇ ਔਸਤ ਰੇਟ ਦੁੱਗਣੇ ਤੋਂ ਵੀ ਵੱਧ ਭਾਵ ਔਸਤਨ 3.26 ਪ੍ਰਤੀ ਯੂਨਿਟ ਤੋਂ ਵਧ ਕੇ 7.73 ਪ੍ਰਤੀ ਯੂਨਿਟ ਤੱਕ ਹੋ ਚੁੱਕੇ ਹਨ। ਸਤੰਬਰ ਮਹੀਨੇ ਦੇ ਪਹਿਲੇ 15 ਦਿਨਾਂ ਦੌਰਾਨ ਪੰਜਾਬ ਨੇ ਉੱਤਰੀ ਭਾਰਤ ਦੇ ਸਾਰੇ ਰਾਜਾਂ ਨਾਲੋਂ ਸਭ ਤੋਂ ਵੱਧ 483.62 ਮਿਲੀਅਨ ਯੂਨਿਟ ਬਿਜਲੀ ਖ਼ਰੀਦੀ ਅਤੇ ਇਸਦੇ ਬਾਵਜੂਦ ਸੂਬੇ ਨੂੰ ਸਭ ਤੋਂ ਵੱਧ 88.43 ਮਿਲੀਅਨ ਯੂਨਿਟ ਬਿਜਲੀ ਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ।