ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੇ ਪੁਤਲੇ ਫੂਕੇ, ਨਾਅਰੇਬਾਜ਼ੀ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੇ ਪੁਤਲੇ ਫੂਕੇ, ਨਾਅਰੇਬਾਜ਼ੀ
Publish Date: Sat, 11 Jul 2026 05:16 PM (IST)
Updated Date: Sun, 12 Jul 2026 04:04 AM (IST)
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : 1013 ਲੈਕਚਰਾਰਾਂ ਦੀ ਭਰਤੀ ਵਿਚ ਰਾਖਵਾਂਕਰਨ ਨੀਤੀ ਦੀ ਕਥਿਤ ਉਲੰਘਣਾ ਦੇ ਵਿਰੋਧ ’ਚ ਐੱਸਸੀ/ਬੀਸੀ ਹੱਕ ਸੰਘਰਸ਼ ਕਮੇਟੀ ਵੱਲੋਂ ਭਵਾਨੀਗੜ੍ਹ ਦਾਣਾ ਮੰਡੀ ਵਿਖੇ ਰੋਸ ਰੈਲੀ ਕੀਤੀ ਗਈ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੇ ਪੁਤਲੇ ਫੂਕ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਪਰੰਤ ਮੁੱਖ ਮੰਤਰੀ, ਪੰਜਾਬ ਦੇ ਨਾਮ ਇੱਕ ਮੰਗ ਪੱਤਰ ਭਵਾਨੀਗੜ੍ਹ ਦੇ ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਸੌਂਪਿਆ ਗਿਆ। ਚੰਦ ਸਿੰਘ ਰਾਮਪੁਰਾ ਅਤੇ ਨਿਰਮਲ ਸਿੰਘ ਘਰਾਚੋਂ ਨੇ ਸਰਕਾਰ ’ਤੇ ਰਾਖਵਾਂਕਰਨ ਵਿਰੋਧੀ ਨੀਤੀ ਅਪਣਾਉਣ ਦੇ ਦੋਸ਼ ਲਾਉਂਦਿਆਂ ਇਸ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਸਮਾਜ ਵਿੱਚ ਪਾੜਾ ਪਾਉਣ ਦਾ ਕੰਮ ਕਰ ਰਹੀ ਹੈ ਤਾਂ ਜੋ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਸਿਆਸੀ ਲਾਭ ਲਿਆ ਜਾ ਸਕੇ, ਪਰ ਪੰਜਾਬ ਦਾ ਐੱਸਸੀ./ਬੀਸੀ. ਸਮਾਜ ਅਜਿਹੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਐੱਸਸੀ/ਬੀਸੀ ਸਮਾਜ ਅਤੇ ਉਨ੍ਹਾਂ ਦੇ ਸੰਵਿਧਾਨਕ ਹੱਕਾਂ ਨੂੰ ਕੁਚਲਣ ਦਾ ਕੰਮ ਕੀਤਾ ਹੈ, ਜਿਸ ਨੂੰ ਸਮਾਜ ਬਰਦਾਸ਼ਤ ਨਹੀਂ ਕਰੇਗਾ ਅਤੇ ਇਸ ਦਾ ਜਵਾਬ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦਿੱਤਾ ਜਾਵੇਗਾ। ਆਗੂਆਂ ਨੇ ਦੋਸ਼ ਲਾਇਆ ਕਿ ਕੇਂਦਰ ਅਤੇ ਪੰਜਾਬ ਸਰਕਾਰਾਂ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਕਮਜ਼ੋਰ ਕਰ ਰਹੀਆਂ ਹਨ ਅਤੇ ਦੇਸ਼ ਵਿੱਚ ਧਾਰਮਿਕ ਧ੍ਰੁਵੀਕਰਨ, ਸਮਾਜਿਕ ਅਸਮਾਨਤਾ ਅਤੇ ਜਬਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਉਨ੍ਹਾਂ 1013 ਲੈਕਚਰਾਰ ਭਰਤੀ ਵਿੱਚ ਰਾਖਵੇਂ ਵਰਗਾਂ ਨਾਲ ਕਥਿਤ ਬੇਇਨਸਾਫ਼ੀ ਦਾ ਵਿਰੋਧ ਕਰਦਿਆਂ ਲੋਕਾਂ ਨੂੰ ਆਪਣੇ ਹੱਕਾਂ ਦੀ ਰੱਖਿਆ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ 1013 ਲੈਕਚਰਾਰ ਭਰਤੀ ਵਿੱਚ ਸੰਵਿਧਾਨਕ ਪ੍ਰਾਵਧਾਨਾਂ ਦੀ ਉਲੰਘਣਾ ਕੀਤੀ ਗਈ ਹੈ। ਉਨ੍ਹਾਂ ਕਿਹਾ ਐੱਸਸੀ ਬੀਸੀ ਨੂੰ ਸਰਕਾਰੀ ਨੌਕਰੀਆਂ ਤੋਂ ਬਾਹਰ ਰੱਖ ਕੇ ਸੰਵਿਧਾਨ ਅਨੁਸਾਰ ਐੱਸਸੀ ਲਈ 25% ਤੇ ਬੀਸੀ ਲਈ 12 % ਰਾਖਵਾਂਕਰਨ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸੰਵਿਧਾਨ ਅਨੁਸਾਰ ਨਿਰਧਾਰਤ ਰਾਖਵਾਂਕਰਨ ਕੋਟਾ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ ਤੇ 1013 ਲੈਕਚਰਾਰਾਂ ਦੀ ਭਰਤੀ ਸਬੰਧੀ ਜਾਰੀ ਨੋਟੀਫਿਕੇਸ਼ਨ ਨੂੰ ਤੁਰੰਤ ਰੱਦ ਕਰਕੇ ਰਾਖਵਾਂਕਰਨ ਨੀਤੀ ਅਨੁਸਾਰ ਦੁਬਾਰਾ ਜਾਰੀ ਕੀਤਾ ਜਾਵੇ।