ਡਰੇਨਾਂ ਦੀ ਨਾ ਹੋਈ ਸਫਾਈ, 70 ਏਕੜ ਝੋਨੇ ਦੀ ਫ਼ਸਲ ਬਰਬਾਦ ਡਰੇਨਾਂ ਦੀ ਨਾ ਹੋਈ ਸਫਾਈ, 70 ਏਕੜ ਝੋਨੇ ਦੀ ਫ਼ਸਲ ਬਰਬਾਦ
Publish Date: Fri, 03 Jul 2026 04:46 PM (IST)
Updated Date: Sat, 04 Jul 2026 04:03 AM (IST)
ਫੰਡਾਂ ਦੀ ਘਾਟ ਦਾ ਹਵਾਲਾ ਦੇ ਕੇ ਅਧਿਕਾਰੀ ਨੇ ਝਾੜਿਆ ਪੱਲਾ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਬੀਤੇ ਦਿਨੀਂ ਹੋਈ ਬਾਰਿਸ਼ ਤੋਂ ਬਾਅਦ ਬਰੇਟਾ ਡਰੇਨ ’ਚ ਜਲਬੂਟੀ ਤੇ ਘਾਹ-ਫੂਸ ਦੀ ਭਰਮਾਰ ਕਾਰਨ ਪਾਣੀ ਦੀ ਨਿਕਾਸੀ ਨਾ ਹੋ ਸਕੀ। ਇਸ ਕਾਰਨ ਪਿੰਡ ਸੰਗਤਪੁਰਾ ਅਤੇ ਫਤਿਹਗੜ੍ਹ ਦੇ ਕਿਸਾਨਾਂ ਦੀ 70 ਤੋਂ ਵੱਧ ਏਕੜ ਝੋਨੇ ਦੀ ਫ਼ਸਲ ਪਾਣੀ ਹੇਠ ਆ ਕੇ ਬਰਬਾਦ ਹੋ ਗਈ। ਡਰੇਨ ਵਿਭਾਗ ਦੀ ਲਾਪ੍ਰਵਾਹੀ ਦਾ ਖਮਿਆਜਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਇਸ ਸਬੰਧੀ ਪੀੜਤ ਕਿਸਾਨ ਕਰਮਜੀਤ ਸਿੰਘ (ਫਤਿਹਗੜ੍ਹ) ਤੇ ਗੁਰਜੰਟ ਸਿੰਘ (ਸੰਗਤਪੁਰਾ) ਨੇ ਦੱਸਿਆ ਕਿ ਬਰੇਟਾ ਡਰੇਨ ਲੰਮੇ ਸਮੇਂ ਤੋਂ ਜਲਬੂਟੀ ਤੇ ਘਾਹ-ਫੂਸ ਨਾਲ ਬੰਦ ਪਈ ਹੈ। ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਪਹਿਲੀ ਹੀ ਬਾਰਿਸ਼ ਦਾ ਪਾਣੀ ਖੇਤਾਂ ’ਚ ਭਰ ਗਿਆ ਤੇ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਿਆ। ਕਿਸਾਨਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ, ਪਿਛਲੇ ਸਾਲ ਵੀ ਇਸੇ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਸੈਕੜੇ ਏਕੜ ਫ਼ਸਲ ਤਬਾਹ ਹੋਈ ਸੀ। ਭਾਵੇ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਗਿਆ ਸੀ, ਪਰ ਉਹ ਹੋਏ ਅਸਲ ਨੁਕਸਾਨ ਦੇ ਮੁਕਾਬਲੇ ਬਹੁਤ ਘੱਟ ਸੀ। ਕਿਸਾਨ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਨੇ 11 ਏਕੜ ਜ਼ਮੀਨ 80 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ’ਤੇ ਲੈ ਕੇ ਝੋਨਾ ਲਾਇਆ ਸੀ। ਇਸ ਤੋਂ ਇਲਾਵਾ ਪ੍ਰਤੀ ਏਕੜ 20 ਤੋਂ 22 ਹਜ਼ਾਰ ਰੁਪਏ ਖਾਦ, ਦਵਾਈ ਤੇ ਹੋਰ ਖੇਤੀ ਖਰਚਿਆਂ ’ਤੇ ਲਗਾ ਚੁੱਕਾ ਹੈ। ਹੁਣ ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਉਸ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। ਕਿਸਾਨਾਂ ਦੋਸ਼ ਲਾਇਆ ਕਿ ਹਰ ਸਾਲ ਡਰੇਨ ਵਿਭਾਗ ਦੇ ਕੁਝ ਅਧਿਕਾਰੀਆਂ ਤੇ ਠੇਕੇਦਾਰਾਂ ਦੀ ਮਿਲੀਭੁਗਤ ਕਾਰਨ ਸਫ਼ਾਈ ਦੇ ਕੰਮ ਵਿੱਚ ਲਾਪ੍ਰਵਾਹੀ ਹੁੰਦੀ ਹੈ। ਕਿਉਂਕਿ ਕਿ ਵਿਭਾਗ ਨੂੰ ਉਮੀਦ ਹੁੰਦੀ ਹੈ ਕਿ ਬਾਰਿਸ਼ ਦਾ ਤੇਜ਼ ਪਾਣੀ ਆਪ ਹੀ ਘਾਹ-ਬੂਟੀ ਰੋੜ੍ਹ ਦੇਵੇਗਾ ਤੇ ਸਫ਼ਾਈ ਲਈ ਜਾਰੀ ਹੋਣ ਵਾਲੇ ਫੰਡਾਂ ਹਜ਼ਮ ਹੋ ਜਾਣਗੇ। ਕਿਸਾਨਾਂ ਨੇ ਮੰਗ ਕੀਤੀ ਕਿ ਸਮੇਂ ਸਿਰ ਡਰੇਨਾਂ ਦੀ ਸਫ਼ਾਈ ਨਾ ਕਰਵਾਉਣ ਵਾਲੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਪ੍ਰਭਾਵਿਤ ਕਿਸਾਨਾਂ ਨੂੰ ਉਨ੍ਹਾਂ ਦੇ ਅਸਲ ਨੁਕਸਾਨ ਦੇ ਅਨੁਸਾਰ ਮੁਆਵਜ਼ਾ ਦਿੱਤਾ ਜਾਵੇ। ਇਸ ਸਬੰਧੀ ਡਰੇਨ ਵਿਭਾਗ ਦੇ ਅਧਿਕਾਰੀ ਮੋਹਿਤ ਖੋਸਲਾ ਨੇ ਕਿਹਾ ਕਿ ਸਰਕਾਰ ਵੱਲੋਂ ਫੰਡ ਜਾਰੀ ਨਾ ਹੋਣ ਕਾਰਨ ਸਫ਼ਾਈ ਦਾ ਕੰਮ ਸਮੇਂ ਸਿਰ ਨਹੀਂ ਹੋ ਸਕਿਆ। ਉਨ੍ਹਾਂ ਭਰੋਸਾ ਦਿੱਤਾ ਕਿ ਹੁਣ ਇਸ ਡਰੇਨ ਦੀ ਸਫ਼ਾਈ ਕਰਵਾ ਦਿੱਤੀ ਜਾਵੇਗੀ।