ਰਾਸ਼ਟਰੀ ਮਹਿਲਾ ਕਮਿਸ਼ਨ ਦੀ ਜਨ ਸੁਣਵਾਈ ਨਾਲ ਲੰਬਿਤ ਮਾਮਲਿਆਂ ’ਚ ਆਈ ਤੇਜ਼ੀ
ਰਾਸ਼ਟਰੀ ਮਹਿਲਾ ਕਮਿਸ਼ਨ ਦੀ ਜਨ ਸੁਣਵਾਈ ਨਾਲ ਲੰਬਿਤ ਮਾਮਲਿਆਂ ਵਿੱਚ ਆਈ ਤੇਜ਼ੀ
Publish Date: Thu, 18 Jun 2026 06:15 PM (IST)
Updated Date: Fri, 19 Jun 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਰਾਸ਼ਟਰੀ ਮਹਿਲਾ ਕਮਿਸ਼ਨ ਵੱਲੋਂ ‘ਐਨਸੀਡਬਲਯੂ ਆਪਕੇ ਦੁਆਰ’ ਪਹਿਲਕਦਮੀ ਤਹਿਤ ਪਟਿਆਲਾ ਵਿਖੇ ਕਰਵਾਈ ਗਈ ਜਨ ਸੁਣਵਾਈ ਦੌਰਾਨ ਔਰਤਾਂ ਨਾਲ ਸਬੰਧਤ ਕਈ ਲੰਬੇ ਸਮੇਂ ਤੋਂ ਲੰਬਿਤ ਮਾਮਲਿਆਂ ਵਿੱਚ ਤੇਜ਼ ਅਤੇ ਪ੍ਰਭਾਵਸ਼ਾਲੀ ਕਾਰਵਾਈ ਦੇਖਣ ਨੂੰ ਮਿਲੀ। ਇਸ ਮੌਕੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਯਾ ਰਹਾਟਕਰ ਨੇ ਖੁਦ ਪੀੜਤ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਸ਼ਿਕਾਇਤਾਂ ਸੁਣੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਚੇਅਰਪਰਸਨ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਮਿਸ਼ਨ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਿਚਕਾਰ ਬਿਹਤਰ ਤਾਲਮੇਲ ਪੀੜਤਾਂ ਨੂੰ ਸਮੇਂ ਸਿਰ ਨਿਆਂ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਜਨ ਸੁਣਵਾਈ ਦੌਰਾਨ ਇੱਕ ਐਨਆਰਆਈ ਔਰਤ ਦੇ ਮਾਮਲੇ ਨੇ ਵਿਸ਼ੇਸ਼ ਧਿਆਨ ਖਿੱਚਿਆ, ਜਿਸ ਵਿੱਚ ਕੈਨੇਡਾ ਵਿੱਚ ਆਪਣੇ ਪਤੀ ਵੱਲੋਂ ਕੀਤੇ ਗਏ ਕਥਿਤ ਹਮਲੇ ਕਾਰਨ ਪੀੜਤਾ ਨੂੰ ਗੰਭੀਰ ਦਿਮਾਗੀ ਸੱਟਾਂ ਲੱਗੀਆਂ ਸਨ। ਪੀੜਤਾ ਦੇ ਮਾਪਿਆਂ ਦੀ ਸ਼ਿਕਾਇਤ ਤੇ ਚੇਅਰਪਰਸਨ ਨੇ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ, ਜਿਸ ਉਪਰੰਤ ਪੁਲਿਸ ਵੱਲੋਂ 24 ਘੰਟਿਆਂ ਦੇ ਅੰਦਰ ਐਫਆਈਆਰ ਦਰਜ ਕਰ ਲਈ ਗਈ। ਇੱਕ ਹੋਰ ਮਾਮਲੇ ਵਿੱਚ ਪਿੱਛਾ ਕਰਨ ਅਤੇ ਹਮਲੇ ਦਾ ਸ਼ਿਕਾਰ ਹੋਈ ਨੌਜਵਾਨ ਔਰਤ ਦੀ ਸ਼ਿਕਾਇਤ ਤੇ ਕਮਿਸ਼ਨ ਨੇ ਪੁਲਿਸ ਨੂੰ ਕੇਸ ਵਿੱਚ ਸਖ਼ਤ ਧਾਰਾਵਾਂ ਸ਼ਾਮਲ ਕਰਨ ਅਤੇ ਪੀੜਤਾ ਦਾ ਬਿਆਨ ਦਰਜ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਬਾਅਦ ਪੁਲਿਸ ਨੇ ਐਫਆਈਆਰ ਵਿੱਚ ਲੋੜੀਂਦੇ ਸੋਧ ਕੀਤੇ। ਇਸੇ ਤਰ੍ਹਾਂ 2022 ਤੋਂ ਲਾਪਤਾ ਇੱਕ ਵਿਆਹੁਤਾ ਔਰਤ ਦੇ ਮਾਮਲੇ ਵਿੱਚ ਵੀ ਕਮਿਸ਼ਨ ਨੇ ਜਾਂਚ ਨੂੰ ਤੇਜ਼ ਕਰਨ ਦੇ ਹੁਕਮ ਦਿੱਤੇ। ਪੁਲਿਸ ਨੇ ਕਮਿਸ਼ਨ ਨੂੰ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਲਈ ਸ਼ੱਕੀ ਵਿਅਕਤੀਆਂ ਦੇ ਕਾਲ ਡਿਟੇਲ ਰਿਕਾਰਡ ਹਾਸਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਚੇਅਰਪਰਸਨ ਵਿਜਯਾ ਰਹਾਟਕਰ ਨੇ ਕਿਹਾ ਕਿ ਹਰ ਸ਼ਿਕਾਇਤ ਨਿਆਂ ਪ੍ਰਣਾਲੀ ਵਿੱਚ ਇੱਕ ਔਰਤ ਦੇ ਵਿਸ਼ਵਾਸ ਦੀ ਨਿਸ਼ਾਨੀ ਹੁੰਦੀ ਹੈ ਅਤੇ ਉਸ ਦਾ ਨਿਪਟਾਰਾ ਸਮੇਂ ਸਿਰ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਮਹਿਲਾ ਕਮਿਸ਼ਨ ਔਰਤਾਂ ਦੀ ਸੁਰੱਖਿਆ ਅਤੇ ਨਿਆਂ ਨੂੰ ਯਕੀਨੀ ਬਣਾਉਣ ਲਈ ਰਾਜ ਸਰਕਾਰਾਂ ਅਤੇ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਦਾ ਰਹੇਗਾ।