ਮਾਰਕੀਟ ਕਮੇਟੀ ਤੇ ਸਬਜ਼ੀ ਵਿਕਰੇਤਾਵਾਂ ਵਿਚਾਲੇ ਵਿਵਾਦ ਸੁਲਝਿਆ ਮਾਰਕੀਟ ਕਮੇਟੀ ਤੇ ਸਬਜ਼ੀ ਵਿਕਰੇਤਾਵਾਂ ਵਿਚਾਲੇ ਵਿਵਾਦ ਸੁਲਝਿਆ
Publish Date: Mon, 06 Jul 2026 07:33 PM (IST)
Updated Date: Tue, 07 Jul 2026 04:03 AM (IST)
ਆਈ ਫਾਰਮ ਨਹੀ ਤਾਂ ਦੇਣਗੀ ਹੋਵੇਗੀ ਮਾਰਕੀਟ ਫੀਸ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਮਾਰਕੀਟ ਫੀਸ ਦੇ ਭੁਗਤਾਨ ਨੂੰ ਲੈ ਕੇ ਮਾਰਕੀਟ ਕਮੇਟੀ ਸੰਗਰੂਰ ਅਤੇ ਸਬਜ਼ੀ ਵਿਕਰੇਤਾਵਾਂ ਵਿਚਾਲੇ ਚੱਲ ਰਿਹਾ ਵਿਵਾਦ ਆਖ਼ਰਕਾਰ ਮਾਰਕੀਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਦੀ ਸੂਝ-ਬੂਝ ਨਾਲ ਸੁਲਝ ਗਿਆ। ਚੇਅਰਮੈਨ ਨੇ ਸਮੂਹ ਸਬਜ਼ੀ ਅਤੇ ਫਲ ਵਿਕਰੇਤਾਵਾਂ ਨੂੰ ਸਪੱਸ਼ਟ ਹਦਾਇਤ ਦਿੱਤੀ ਕਿ ਉਹ ਭਾਵੇਂ ਕਿਸੇ ਵੀ ਮੰਡੀ ਤੋਂ ਸਬਜ਼ੀ ਜਾਂ ਫਲ ਖਰੀਦਣ, ਪਰ ਸਬੰਧਤ ਮੰਡੀ ਵਿੱਚ ਜਮ੍ਹਾਂ ਕਰਵਾਈ ਗਈ ਮਾਰਕੀਟ ਫੀਸ ਦਾ ਆਈ-ਫਾਰਮ ਜ਼ਰੂਰ ਪੇਸ਼ ਕਰਨ। ਜੇਕਰ ਆਈ-ਫਾਰਮ ਨਹੀਂ ਦਿਖਾਇਆ ਗਿਆ ਤਾਂ ਮਾਰਕੀਟ ਕਮੇਟੀ ਵੱਲੋਂ ਬਣਦੀ ਮਾਰਕੀਟ ਫੀਸ ਹਰ ਹਾਲਤ ਵਿੱਚ ਵਸੂਲ ਕੀਤੀ ਜਾਵੇਗੀ। ਸੋਮਵਾਰ ਨੂੰ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਸਕੱਤਰ ਨਰਿੰਦਰਪਾਲ ਸਿੰਘ ਅਤੇ ਮੰਡੀ ਸੁਪਰਵਾਈਜ਼ਰ ਬਘੇਲ ਸਿੰਘ ਨਾਲ ਰੇਹੜੀ ਯੂਨੀਅਨ ਦੇ ਪ੍ਰਧਾਨ ਵਿਸ਼ਾਲ ਕੁਮਾਰ ਗੋਲੂ ਦੀ ਅਗਵਾਈ ਹੇਠ ਸਮੂਹ ਸਬਜ਼ੀ ਅਤੇ ਫਲ ਵਿਕਰੇਤਾਵਾਂ ਦੀ ਮੀਟਿੰਗ ਹੋਈ। ਇਸ ਦੌਰਾਨ ਦੁਪਹਿਰ ਬਾਅਦ ਤੱਕ ਸੁਨਾਮੀ ਗੇਟ ਸਬਜ਼ੀ ਮੰਡੀ ਬੰਦ ਰਹੀ। ਜ਼ਿਕਰਯੋਗ ਹੈ ਕਿ ਸੰਗਰੂਰ ਦੇ ਵੱਡੀ ਗਿਣਤੀ ਵਿੱਚ ਸਬਜ਼ੀ ਵਿਕਰੇਤਾ ਹਰ ਰੋਜ਼ ਮਾਲੇਰਕੋਟਲਾ ਦੀ ਸਬਜ਼ੀ ਮੰਡੀ ਤੋਂ ਥੋਕ ਭਾਅ ਤੇ ਸਬਜ਼ੀ ਖਰੀਦ ਕੇ ਸੰਗਰੂਰ ਵਿੱਚ ਪ੍ਰਚੂਨ ਭਾਅ ਤੇ ਵੇਚਦੇ ਹਨ। ਵਿਕਰੇਤਾਵਾਂ ਦਾ ਕਹਿਣਾ ਹੈ ਕਿ ਉਹ ਮਾਲੇਰਕੋਟਲਾ ਮੰਡੀ ਵਿੱਚ ਬਣਦੀ ਆੜ੍ਹਤ ਅਤੇ ਮਾਰਕੀਟ ਫੀਸ ਦਾ ਭੁਗਤਾਨ ਕਰਦੇ ਹਨ, ਪਰ ਕੁਝ ਦਿਨ ਪਹਿਲਾਂ ਸੰਗਰੂਰ ਮਾਰਕੀਟ ਕਮੇਟੀ ਦੀ ਟੀਮ ਨੇ ਉਨ੍ਹਾਂ ਦੀਆਂ ਗੱਡੀਆਂ ਰੋਕ ਕੇ ਇੱਥੇ ਵੀ ਮਾਰਕੀਟ ਫੀਸ ਜਮ੍ਹਾਂ ਵਸੂਲੀ, ਜਿਸ ਕਾਰਨ ਵਿਵਾਦ ਖੜ੍ਹਾ ਹੋ ਗਿਆ। ਮਾਰਕੀਟ ਕਮੇਟੀ ਦਾ ਦਾਅਵਾ ਸੀ ਕਿ ਮਾਲੇਰਕੋਟਲਾ ਤੋਂ ਲਿਆਂਦੇ ਗਏ ਮਾਲ ਦੀ ਬਣਦੀ ਮਾਰਕੀਟ ਫੀਸ ਸੰਗਰੂਰ ਮਾਰਕੀਟ ਕਮੇਟੀ ਤੱਕ ਨਹੀਂ ਪਹੁੰਚਦੀ, ਇਸ ਲਈ ਸੰਗਰੂਰ ਵਿੱਚ ਫੀਸ ਜਮ੍ਹਾਂ ਕਰਵਾਉਣੀ ਲਾਜ਼ਮੀ ਹੈ। ਦੂਜੇ ਪਾਸੇ, ਸਬਜ਼ੀ ਵਿਕਰੇਤਾਵਾਂ ਨੇ ਦੋਹਰੀ ਫੀਸ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਮੀਟਿੰਗ ਦੌਰਾਨ ਚੇਅਰਮੈਨ ਅਵਤਾਰ ਸਿੰਘ ਈਲਵਾਲ ਅਤੇ ਸਕੱਤਰ ਨਰਿੰਦਰਪਾਲ ਸਿੰਘ ਨੇ ਸਪੱਸ਼ਟ ਕੀਤਾ ਕਿ ਵਿਕਰੇਤਾ ਕਿਸੇ ਵੀ ਮੰਡੀ ਤੋਂ ਮਾਲ ਖਰੀਦ ਸਕਦੇ ਹਨ, ਪਰ ਖਰੀਦ ਸਮੇਂ ਬਣਦੀ ਮਾਰਕੀਟ ਫੀਸ ਦਾ ਆਈ-ਫਾਰਮ ਲੈਣਾ ਅਤੇ ਲੋੜ ਪੈਣ ਤੇ ਮਾਰਕੀਟ ਕਮੇਟੀ ਨੂੰ ਦਿਖਾਉਣਾ ਲਾਜ਼ਮੀ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਸਰਕਾਰੀ ਫੀਸ ਹੈ ਅਤੇ ਜੇਕਰ ਆਈ-ਫਾਰਮ ਪੇਸ਼ ਨਹੀਂ ਕੀਤਾ ਜਾਂਦਾ ਤਾਂ ਮਾਰਕੀਟ ਕਮੇਟੀ ਵੱਲੋਂ ਫੀਸ ਵਸੂਲੀ ਜਾਵੇਗੀ। ਰੇਹੜੀ ਯੂਨੀਅਨ ਦੇ ਪ੍ਰਧਾਨ ਵਿਸ਼ਾਲ ਕੁਮਾਰ ਗੋਲੂ ਸਮੇਤ ਸਮੂਹ ਸਬਜ਼ੀ ਵਿਕਰੇਤਾਵਾਂ ਨੇ ਇਸ ਫੈਸਲੇ ਨਾਲ ਸਹਿਮਤੀ ਜਤਾਈ, ਜਿਸ ਨਾਲ ਵਿਵਾਦ ਖ਼ਤਮ ਹੋ ਗਿਆ। ਇਸ ਉਪਰੰਤ ਰੇਹੜੀ ਯੂਨੀਅਨ ਦੇ ਪ੍ਰਧਾਨ ਅਤੇ ਸਬਜ਼ੀ ਵਿਕਰੇਤਾਵਾਂ ਦਾ ਵਫ਼ਦ ਮਾਲੇਰਕੋਟਲਾ ਸਬਜ਼ੀ ਮੰਡੀ ਪਹੁੰਚਿਆ, ਜਿੱਥੇ ਉਨ੍ਹਾਂ ਆੜ੍ਹਤੀਆਂ ਕੋਲੋਂ ਰੋਜ਼ਾਨਾ ਖਰੀਦੀ ਜਾਣ ਵਾਲੀ ਸਬਜ਼ੀ ਅਤੇ ਹੋਰ ਸਮਾਨ ਦੀ ਮਾਰਕੀਟ ਫੀਸ ਦਾ ਆਈ-ਫਾਰਮ ਜਾਰੀ ਕਰਨ ਜਾਂ ਫਿਰ ਦੋ ਫੀਸਦੀ ਮਾਰਕੀਟ ਫੀਸ ਸੰਗਰੂਰ ਮਾਰਕੀਟ ਕਮੇਟੀ ਵਿੱਚ ਜਮ੍ਹਾਂ ਕਰਵਾਉਣ ਦੀ ਆਗਿਆ ਦੇਣ ਦੀ ਮੰਗ ਕੀਤੀ। ਇਸ ਤੇ ਮਾਰਕੀਟ ਕਮੇਟੀ ਮਾਲੇਰਕੋਟਲਾ ਦੇ ਚੇਅਰਮੈਨ ਨੇ ਭਰੋਸਾ ਦਿੱਤਾ ਕਿ ਮੰਗਲਵਾਰ ਨੂੰ ਸਬਜ਼ੀ ਮੰਡੀ ਦੇ ਆੜ੍ਹਤੀਆਂ ਨਾਲ ਸਾਂਝੀ ਮੀਟਿੰਗ ਕਰਕੇ ਇਸ ਮਸਲੇ ਦਾ ਹੱਲ ਕੱਢਿਆ ਜਾਵੇਗਾ।