- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਜਲੀ ਦੀ ਇਸ ਅਥਾਹ ਮੰਗ ਦੀ ਪੂਰਤੀ ਨਾ ਕਰ ਪਾਉਣ ਕਾਰਨ ਪਾਵਰਕਾਮ ਵੱਲੋਂ ਸੂਬੇ ਦੇ ਕਈ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਇੱਕ ਤੋਂ ਚਾਰ ਘੰਟੇ ਤੱਕ ਦੇ ਐਲਾਨੇ ਕੱਟ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ, ਤਕਨੀਕੀ ਖਰਾਬੀ ਅਤੇ ਓਵਰਲੋਡਿੰਗ ਕਾਰਨ ਕਈ ਥਾਵਾਂ 'ਤੇ ਅਣਐਲਾਨੇ ਕੱਟ ਅਤੇ ਬਿਜਲੀ ਸਪਲਾਈ ਵਿੱਚ ਲਗਾਤਾਰ ਵਿਘਣ ਪੈਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ: ਪੰਜਾਬ ਵਿੱਚ ਮੌਨਸੂਨ ਦੀ ਆਮਦ ਅਤੇ ਵੱਖ-ਵੱਖ ਹਿੱਸਿਆਂ ਵਿੱਚ ਹੋਈ ਬਰਸਾਤ ਦੇ ਬਾਵਜੂਦ ਸੂਬੇ ਦੇ ਲੋਕਾਂ ਨੂੰ ਭਿਆਨਕ ਗਰਮੀ ਅਤੇ ਬਿਜਲੀ ਸੰਕਟ ਤੋਂ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਆਮ ਤੌਰ 'ਤੇ ਮੀਂਹ ਪੈਣ ਨਾਲ ਤਾਪਮਾਨ ਡਿੱਗਦਾ ਹੈ ਅਤੇ ਬਿਜਲੀ ਦੀ ਮੰਗ ਵਿੱਚ ਕਮੀ ਆਉਂਦੀ ਹੈ, ਪਰ ਮੌਜੂਦਾ ਸਮੇਂ ਸਥਿਤੀ ਬਿਲਕੁਲ ਉਲਟ ਬਣੀ ਹੋਈ ਹੈ। ਹੁੰਮਸ ਭਰੀ ਗਰਮੀ ਕਾਰਨ ਸੂਬੇ ਵਿੱਚ ਬਿਜਲੀ ਦੀ ਮੰਗ ਲਗਾਤਾਰ ਰਿਕਾਰਡ ਤੋੜ ਰਹੀ ਹੈ ਅਤੇ ਬੁੱਧਵਾਰ ਨੂੰ ਇਹ ਮੰਗ 17,112 ਮੈਗਾਵਾਟ ਤੱਕ ਜਾ ਪੁੱਜੀ, ਜਿਸ ਨਾਲ ਸਪਲਾਈ ਵੀ ਪ੍ਰਭਾਵਿਤ ਹੋਈ ਹੈ।
ਬਿਜਲੀ ਦੀ ਇਸ ਅਥਾਹ ਮੰਗ ਦੀ ਪੂਰਤੀ ਨਾ ਕਰ ਪਾਉਣ ਕਾਰਨ ਪਾਵਰਕਾਮ ਵੱਲੋਂ ਸੂਬੇ ਦੇ ਕਈ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਇੱਕ ਤੋਂ ਚਾਰ ਘੰਟੇ ਤੱਕ ਦੇ ਐਲਾਨੇ ਕੱਟ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ, ਤਕਨੀਕੀ ਖਰਾਬੀ ਅਤੇ ਓਵਰਲੋਡਿੰਗ ਕਾਰਨ ਕਈ ਥਾਵਾਂ 'ਤੇ ਅਣਐਲਾਨੇ ਕੱਟ ਅਤੇ ਬਿਜਲੀ ਸਪਲਾਈ ਵਿੱਚ ਲਗਾਤਾਰ ਵਿਘਣ ਪੈਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਝੋਨੇ ਦੀ ਲਵਾਈ ਦਾ ਸੀਜ਼ਨ ਹੋਣ ਕਰਕੇ ਕਿਸਾਨਾਂ ਨੂੰ ਖੇਤੀ ਲਈ ਬਿਜਲੀ ਦੇਣੀ ਪਾਵਰਕਾਮ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ, ਜਿਸ ਦਾ ਸਿੱਧਾ ਅਸਰ ਘਰੇਲੂ ਸਪਲਾਈ 'ਤੇ ਪੈ ਰਿਹਾ ਹੈ। ਪਾਵਰਕਾਮ ਵਲੋਂ ਇਕ ਜੁਲਾਈ ਨੂੰ ਅਮ੍ਰਿਤਸਰ, ਲਾਖਾ, ਫਿਰੋਜਪੁਰ, ਮਲੋਦ, ਜੰਡਿਆਲਾ ਗੁਰੂ, ਸਮਸ਼ਪੁਰ ਤੇ ਲਾਲੜ ਆਦਿ ਇਲਾਕਿਆਂ ਵਿਚ ਇਕ ਤੋਂ ਚਾਰ ਘੰਟੇ ਤੱਕ ਦੇ ਬਿਜਲੀ ਕੱਟ ਦੀ ਅਗਾਊਂ ਸੂਚਨਾ ਵੀ ਦਿੱਤੀ ਗਈ। ਇਸ ਦੇ ਨਾਲ ਹੋਰ ਇਲਾਕਿਆਂ ਵਿਚ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ ਹੈ।
24 ਘੰਟਿਆਂ ਦੌਰਾਨ ਇਕ ਲੱਖ 83 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਦਰਜ
ਬਿਜਲੀ ਗੁੱਲ ਰਹਿਣ ਕਾਰਨ ਖਪਤਕਾਰਾਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਹੈ, ਜਿਸ ਦੀ ਗਵਾਹੀ ਪਾਵਰਕਾਮ ਦੇ ਸ਼ਿਕਾਇਤ ਕੇਂਦਰਾਂ ਵਿੱਚ ਆ ਰਹੀਆਂ ਫੋਨ ਕਾਲਾਂ ਅਤੇ ਆਨਲਾਈਨ ਸ਼ਿਕਾਇਤਾਂ ਦੇ ਅੰਕੜੇ ਦੇ ਰਹੇ ਹਨ। ਮੰਗਲਵਾਰ ਨੂੰ 24 ਘੰਟਿਆਂ ਦੌਰਾਨ ਬਿਜਲੀ ਬੰਦ ਹੋਣ ਸਬੰਧੀ 1 ਲੱਖ 83 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਦਰਜ ਹੋਈਆਂ। ਬੁੱਧਵਾਰ ਸ਼ਾਮ 5 ਵਜੇ ਤੱਕ 1 ਲੱਖ 52 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਪਾਵਰਕਾਮ ਕੋਲ ਪਹੁੰਚ ਚੁੱਕੀਆਂ ਸਨ। ਸੂਬੇ ਦੇ ਕਈ ਹਿੱਸਿਆਂ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਦੇ ਨਾਕਾਮ ਹੋਣ ਦੀਆਂ ਸ਼ਿਕਾਇਤਾਂ ਵੀ ਮਿਲ ਰਹੀਆਂ ਹਨ। ਬਿਜਲੀ ਮੁਲਾਜ਼ਮਾਂ ਵੱਲੋਂ ਦਿਨ-ਰਾਤ ਇੱਕ ਕਰਕੇ ਸਪਲਾਈ ਬਹਾਲ ਕਰਨ ਦੇ ਦਾਅਵੇ ਤਾਂ ਕੀਤੇ ਜਾ ਰਹੇ ਹਨ, ਪਰ ਸ਼ਿਕਾਇਤਾਂ ਦੀ ਇੰਨੀ ਵੱਡੀ ਗਿਣਤੀ ਸਿਸਟਮ ਦੀ ਲਾਚਾਰੀ ਨੂੰ ਸਾਫ਼ ਬਿਆਨ ਕਰਦੀ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਭਾਰੀ ਮੀਂਹ ਨਾ ਪਿਆ ਅਤੇ ਤਾਪਮਾਨ ਇੰਝ ਹੀ ਬਣਿਆ ਰਿਹਾ, ਤਾਂ ਬਿਜਲੀ ਦਾ ਇਹ ਸੰਕਟ ਹੋਰ ਗੰਭੀਰ ਰੂਪ ਧਾਰਨ ਕਰ ਸਕਦਾ ਹੈ।