- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉੱਥੇ ਹੀ ਖੇਤੀਬਾੜੀ ਖੇਤਰ ਤੇ ਸਨਅਤਾਂ ’ਤੇ ਵੀ ਅਣ-ਐਲਾਨੇ ਬਿਜਲੀ ਕੱਟਾਂ ਦੀ ਮਾਰ ਪੈ ਰਹੀ ਹੈ। ਸ਼ੁੱਕਰਵਾਰ ਨੂੰ ਵਧ ਤੋਂ ਵਧ ਬਿਜਲੀ ਦੀ ਮੰਗ 16619 ਮੈਗਾਵਾਟ ਦਰਜ ਕੀਤੀ ਗਈ ਹੈ। ਜਦਕਿ ਉਤਪਾਦਨ ਕਰੀਬ 4600 ਮੈਗਾਵਾਟ ਤੱਕ ਰਿਹਾ ਹੈ, ਜਿਸ ’ਚ ਸਰਕਾਰੀ ਥਰਮਲਾਂ ਦਾ 1663, ਨਿੱਜੀ ਥਰਮਲਾਂ ਦਾ 1843 ਮੈਗਾਵਾਟ ਤੇ ਹਾਈਡਰੋ ਤੋਂ ਕਰੀਬ 700 ਮੈਗਾਵਾਟ ਬਿਜਲੀ ਹਾਸਲ ਕੀਤੀ ਗਈ ਹੈ।

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ’ਚ ਬਿਜਲੀ ਦੀ ਮੰਗ ਤੇ ਸਪਲਾਈ ਦਰਮਿਆਨ ਪਾੜਾ ਵਧਣ ਕਾਰਨ ਬਿਜਲੀ ਸੰਕਟ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ। ਸੂਬੇ ਦੇ ਸਰਕਾਰੀ ਤੇ ਨਿੱਜੀ ਥਰਮਲ ਪਲਾਂਟਾਂ ਦੇ ਕਈ ਅਹਿਮ ਯੂਨਿਟਾਂ ’ਚ ਤਕਨੀਕੀ ਨੁਕਸ ਪੈਣ ਤੇ ਕੋਲੇ ਦੇ ਸੀਮਤ ਸਟਾਕ ਕਾਰਨ ਜਿੱਥੇ ਆਮ ਖਪਤਕਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਖੇਤੀਬਾੜੀ ਖੇਤਰ ਤੇ ਸਨਅਤਾਂ ’ਤੇ ਵੀ ਅਣ-ਐਲਾਨੇ ਬਿਜਲੀ ਕੱਟਾਂ ਦੀ ਮਾਰ ਪੈ ਰਹੀ ਹੈ। ਸ਼ੁੱਕਰਵਾਰ ਨੂੰ ਵਧ ਤੋਂ ਵਧ ਬਿਜਲੀ ਦੀ ਮੰਗ 16619 ਮੈਗਾਵਾਟ ਦਰਜ ਕੀਤੀ ਗਈ ਹੈ। ਜਦਕਿ ਉਤਪਾਦਨ ਕਰੀਬ 4600 ਮੈਗਾਵਾਟ ਤੱਕ ਰਿਹਾ ਹੈ, ਜਿਸ ’ਚ ਸਰਕਾਰੀ ਥਰਮਲਾਂ ਦਾ 1663, ਨਿੱਜੀ ਥਰਮਲਾਂ ਦਾ 1843 ਮੈਗਾਵਾਟ ਤੇ ਹਾਈਡਰੋ ਤੋਂ ਕਰੀਬ 700 ਮੈਗਾਵਾਟ ਬਿਜਲੀ ਹਾਸਲ ਕੀਤੀ ਗਈ ਹੈ। ਇਸ ਤੋਂ ਇਲਾਵਾ ਮੰਗ ਪੂਰੀ ਕਰਲ ਲਈ 10 ਹਜ਼ਾਰ ਮੈਗਾਵਾਟ ਬਿਜਲੀ ਬੈਂਕਿੰਗ, ਸਾਰਟ ਟ੍ਰਮ ਸਮਝੋਤਿਆਂ ਜਾਂ ਫਿਰ ਹੋਰ ਵਸੀਲਿਆਂ ਤੋਂ ਖਰੀਦਣੀ ਪਈ ਹੈ।
ਖੇਤੀਬਾੜੀ ਤੇ ਉਦਯੋਗਾਂ ਉੱਤੇ ਕੱਟਾਂ ਦਾ ਅਸਰ
ਝੋਨੇ ਦੇ ਸੀਜ਼ਨ ਦੌਰਾਨ ਸਰਕਾਰ ਵੱਲੋਂ ਰੋਜ਼ਾਨਾ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਦਾਅਵਿਆਂ ਦੇ ਉਲਟ, ਸਰਕਾਰੀ ਰਿਪੋਰਟ ਮੁਤਾਬਕ 10 ਸਤੰਬਰ ਨੂੰ ਵੱਖ-ਵੱਖ ਖੇਤਰਾਂ ’ਚ ਝੋਨੇ ਲਈ ਸਿਰਫ਼ 4 ਤੋਂ 5 ਘੰਟੇ ਹੀ ਬਿਜਲੀ ਮਿਲ ਸਕੀ। ਸਰਹੱਦੀ ਖੇਤਰਾਂ ’ਚ ਵੀ ਬਿਜਲੀ ਸਪਲਾਈ ਘਟ ਕੇ 6 ਘੰਟੇ ਰਹਿ ਗਈ। ਦੂਜੇ ਪਾਸੇ, ਉਦਯੋਗਿਕ ਫੀਡਰਾਂ (ਸ਼ਹਿਰੀ ਤੇ ਸ਼੍ਰੇਣੀ-1) ’ਤੇ 4 ਘੰਟੇ 15 ਮਿੰਟ ਤੇ ਜ਼ਿਲ੍ਹਾ ਹੈੱਡਕੁਆਰਟਰਾਂ ’ਚ ਕਰੀਬ ਸਾਢੇ ਚਾਰ ਘੰਟੇ ਦੇ ਰੋਟੇਸ਼ਨਲ ਕੱਟ ਲਗਾਏ ਗਏ, ਜਿਸ ਨਾਲ ਉਦਯੋਗਪਤੀਆਂ ਅਤੇ ਆਮ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਬਿਜਲੀ ਸੰਕਟ ਦਾ ਮੁੱਖ ਕਾਰਨ ਵੱਡੇ ਥਰਮਲ ਪਲਾਂਟਾਂ ਦੇ ਯੂਨਿਟਾਂ ਦਾ ਅਚਾਨਕ ਬੰਦ ਹੋਣਾ ਹੈ। ਰਾਜਪੁਰਾ ਥਰਮਲ ਪਲਾਂਟ ਐਨਪੀਐੱਲ ਦਾ 700 ਮੈਗਾਵਾਟ ਦਾ ਯੂਨਿਟ ਨੰਬਰ-1 ਤਕਨੀਕੀ ਨੁਕਸ ਕਾਰਨ ਠੱਪ ਰਿਹਾ। ਇਸੇ ਤਰ੍ਹਾਂ ਤਲਵੰਡੀ ਸਾਬੋ ਦਾ 660 ਮੈਗਾਵਾਟ ਯੂਨਿਟ ਨੰਬਰ-2 ਬਾਇਲਰ ਟਿਊਬ ਲੀਕੇਜ ਕਾਰਨ ਬੰਦ ਹੋ ਗਿਆ। ਰੋਪੜ ਦਾ ਯੂਨਿਟ ਨੰਬਰ-6 ਵੀ ਸਿੰਕ੍ਰੋਨਾਈਜ਼ੇਸ਼ਨ ਅਧੀਨ ਰਿਹਾ। ਨਿੱਜੀ ਥਰਮਲ ਪਲਾਂਟਾਂ ਦੀ ਉਤਪਾਦਨ ਸਮਰੱਥਾ ਘਟ ਕੇ ਕਰੀਬ 1860 ਮੈਗਾਵਾਟ ਰਹਿ ਗਈ।
ਇਸ ਤੋਂ ਇਲਾਵਾ ਕੋਲੇ ਦਾ ਭੰਡਾਰ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਤਲਵੰਡੀ ਸਾਬੋ ਪਲਾਂਟ ਕੋਲ ਸਿਰਫ਼ 4 ਦਿਨਾਂ ਦਾ ਤੇ ਰਾਜਪੁਰਾ ਪਲਾਂਟ ਕੋਲ ਮਹਿਜ਼ 7 ਦਿਨਾਂ ਦਾ ਹੀ ਕੋਲਾ ਬਾਕੀ ਹੈ। ਲਹਿਰਾ ਮੁਹੱਬਤ ਕੋਲ 11 ਦਿਨਾਂ ਦਾ ਕੋਲਾ ਉਪਲਬਧ ਹੈ। ਜੇਕਰ ਕੋਲੇ ਦੀ ਆਮਦ ’ਚ ਤੇਜ਼ੀ ਨਾ ਆਈ ਤੇ ਠੱਪ ਪਏ ਯੂਨਿਟ ਜਲਦੀ ਚਾਲੂ ਨਾ ਹੋਏ, ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਵਾਸੀਆਂ ਨੂੰ ਹੋਰ ਵੀ ਗੰਭੀਰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਆਮ ਖਪਤਕਾਰ ਵੀ ਪਰੇਸ਼ਾਨੀ
ਬੀਤੇ ਦਿਨ ਤੇ ਰਾਤ ਖਪਤਕਾਰਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਿਆ ਹੈ। ਪਟਿਆਲਾ ਜਿਲ੍ਹੇ ਦੇ ਕਈ ਇਲਾਕਿਆਂ ’ਚ ਪਿੰਡਾਂ ਤੇ ਸ਼ਹਿਰੀ ਇਲਾਕਿਆਂ ’ਚ ਅੱਧੇ ਤੋਂ ਦੋ ਘੰਟੇ ਤੱਕ ਦੇ ਬਿਜਲੀ ਕੱਟ ਲੱਗੇ ਹਨ। ਪਟਿਆਲਾ ਜ਼ਿਲ੍ਹੇ ਦੇ ਪਿੰਡ ਬਲਬੇੜਾ ਵਾਸੀ ਜਰਨੈਲ ਸਿੰਘ, ਗੁਰਜੀਤ ਸਿੰਘ ਆਦਿ ਨੇ ਦੱਸਿਆ ਕਿ ਨਾ ਤੇ ਖੇਤੀਬਾੜੀ ਲਈ ਅੱਠ ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ ਤੇ ਨਾ ਹੀ ਘਰਾਂ ਵਿਚ ਬਿਜਲੀ ਸਪਲਾਈ ਪੂਰੀ ਆ ਰਹੀ ਹੈ। ਪਟਿਆਲਾ ਨੇੜਲੇ ਭਾਦਸੋਂ ਵਾਸੀ ਓਮ ਪਕ੍ਰਾਸ਼, ਗਗਨਦੀਪ ਖਾਨ, ਸੁਨੀਲ ਨੇ ਕਿਹਾ ਕਿ ਬੀਤੇ ਦਿਨ ਤੋਂ ਬਿਜਲੀ ਸਪਲਾਈ ਦੀ ਸਮੱਸਿਆ ਆ ਰਹੀ ਹੈ, ਰਾਤ ਸਮੇਂ ਨੂੰ ਵਾਰ ਵਾਰੋ ਘੰਟੇ ਘੰਟੇ ਦਾ ਕੱਟ ਲੱਗ ਰਹੇ ਹਨ।