ਮਾਵਾਂ-ਧੀਆਂ ਸਤਿਕਾਰ ਯੋਜਨਾ ਲਈ ਕੈਫਿਆਂ-ਬੈਂਕਾਂ ’ਚ ਲੱਗੀ ਭੀੜ ਮਾਵਾਂ-ਧੀਆਂ ਸਤਿਕਾਰ ਯੋਜਨਾ ਲਈ ਕੈਫਿਆਂ-ਬੈਂਕਾਂ ’ਚ ਲੱਗੀ ਭੀੜ
Publish Date: Fri, 03 Jul 2026 04:56 PM (IST)
Updated Date: Sat, 04 Jul 2026 04:03 AM (IST)
ਦੁਵਿਧਾ : ਮੋਬਾਈਲ ’ਤੇ ਲੱਗੇ ਸੁਨੇਹੇ, ਪਰ ਖਾਤਿਆਂ ’ਚ ਨਾ ਆਏ ਪੈਸੇ ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਮਾਲੇਰਕੋਟਲਾ : ਮਾਵਾਂ-ਧੀਆਂ ਸਤਿਕਾਰ ਯੋਜਨਾ ਨੂੰ ਲੈ ਕੇ ਮਹਿਲਾਵਾਂ ’ਚ ਲਗਾਤਾਰ ਉਤਸ਼ਾਹ ਵਧ ਰਿਹਾ ਹੈ। ਪਿੰਡਾਂ ਵਿੱਚ ਕੁਝ ਮਹਿਲਾਵਾਂ ਦੇ ਖਾਤਿਆਂ ਵਿੱਚ 4500 ਰੁਪਏ ਆਉਣ ਦੀ ਚਰਚਾ ਤੋਂ ਬਾਅਦ ਵੱਡੀ ਗਿਣਤੀ ਵਿੱਚ ਔਰਤਾਂ ਯੋਜਨਾ ਲਈ ਅਰਜ਼ੀਆਂ ਭਰਵਾਉਣ ਵਾਸਤੇ ਸੁਵਿਧਾ ਕੇਂਦਰਾਂ, ਪ੍ਰਾਈਵੇਟ ਕੈਫਿਆਂ ਤੇ ਬੈਂਕਾਂ ਦਾ ਰੁਖ ਕਰ ਰਹੀਆਂ ਹਨ। ਪ੍ਰਾਈਵੇਟ ਕੈਫਿਆਂ ਤੇ ਸੁਵਿਧਾ ਕੇਂਦਰਾਂ ’ਚ ਸਵੇਰ ਤੋਂ ਹੀ ਭੀੜ ਲੱਗ ਰਹੀ ਹੈ, ਪਰ ਸਰਵਰ ਡਾਊਨ ਅਤੇ ਐੱਪ ਦੀ ਹੌਲੀ ਕਾਰਗੁਜ਼ਾਰੀ ਕਾਰਨ ਇਕ ਫਾਰਮ ਅਪਲਾਈ ਹੋਣ ਵਿਚ ਕਈ ਵਾਰ ਇਕ ਘੰਟਾ ਜਾਂ ਇਸ ਤੋਂ ਵੀ ਵੱਧ ਸਮਾਂ ਲੱਗ ਰਿਹਾ ਹੈ। ਇਸ ਕਾਰਨ ਅੱਤ ਦੀ ਗਰਮੀ ਵਿੱਚ ਹਾਲੋ ਬੇਹਾਲ ਹੋਈਆਂ ਮਹਿਲਾਵਾਂ ਨੂੰ ਲੰਮੀ ਉਡੀਕ ਕਰਨੀ ਪੈ ਰਹੀ ਹੈ। ਬੈਂਕ ਖਾਤਿਆਂ ’ਚ ਪੈਸੇ ਨਾ ਆਉਣ ’ਤੇ ਔਰਤਾਂ ਦੁਚਿੱਤੀ ’ਚ ਦੂਜੇ ਪਾਸੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੇ ਬਲਾਕ ਪ੍ਰਧਾਨ ਸ਼ਿੰਦਰ ਕੌਰ ਬੜੀ ਨੇ ਕਿਹਾ ਕਿ ਐੱਪ ਵਿੱਚ ਆ ਰਹੀਆਂ ਤਕਨੀਕੀ ਸਮੱਸਿਆਵਾਂ ਕਾਰਨ ਸ਼ੁਰੂਆਤੀ ਦੌਰ ’ਚ ਆਂਗਣਵਾੜੀ ਵਰਕਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਭਾਵੇਂ ਸਰਵਰ ਕੁਝ ਠੀਕ ਚੱਲ ਰਿਹਾ ਹੈ, ਪ੍ਰੰਤੂ ਔਰਤਾਂ ਦੇ ਪਿੰਡਾਂ ਦੀਆਂ ਪ੍ਰਾਈਵੇਟ ਬੈਂਕਾਂ ਵਿਚ ਮੋਬਾਈਲਾਂ ਉੱਪਰ ਮੈਸੇਜ ਆਉਣ ਦੇ ਬਾਵਜੂਦ ਵੀ ਬੈਂਕ ਖਾਤਿਆਂ ਵਿੱਚ ਪੈਸੇ ਨਾ ਆਉਣ ਕਾਰਨ ਲੋਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਜਦਕਿ ਉਲਟਾ ਹੁਣ ਔਰਤਾਂ ਆਂਗਣਵਾੜੀ ਸੈਂਟਰ ਉੱਪਰ ਮੁੜ ਤੋਂ ਫਾਰਮ ਭਰਾਉਣ ਦੀ ਦੁਚਿੱਤੀ ’ਚ ਉਲਝ ਰਹੀਆਂ ਹਨ। ਸਰਕਾਰ ਬੈਂਕਾਂ ’ਚ ਔਰਤਾਂ ਨੂੰ ਆ ਰਹੀਆਂ ਤਕਨੀਕੀ ਖਾਮੀਆਂ ਨੂੰ ਤੁਰੰਤ ਦੂਰ ਕਰੇ। ਮੋਬਾਈਲਾਂ ’ਤੇ ਮੈਸੇਜ ਆਉਣ ਦੇ ਬਾਵਜੂਦ ਨਹੀਂ ਆਈ ਖਾਤਿਆਂ ’ਚ ਰਕਮ ਪਿੰਡ ਬੜੀ ਦੀਆਂ ਕੁਝ ਔਰਤਾਂ ਨੇ ਦੱਸਿਆ ਕਿ ਮੋਬਾਈਲ ਤੇ 4500 ਰੁਪਏ ਦੀ ਰਕਮ ਜਮ੍ਹਾਂ ਹੋਣ ਦਾ ਸੁਨੇਹਾ ਮਿਲਣ ਦੇ ਬਾਵਜੂਦ ਕਈ ਮਹਿਲਾਵਾਂ ਦੇ ਬੈਂਕ ਖਾਤਿਆਂ ਵਿੱਚ ਪੈਸੇ ਨਹੀਂ ਆਏ। ਇਸ ਕਾਰਨ ਲਾਭਪਾਤਰੀਆਂ ਵਿੱਚ ਭਰਮ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਮਹਿਲਾਵਾਂ ਬੈਂਕਾਂ ਅਤੇ ਸੁਵਿਧਾ ਕੇਂਦਰਾਂ ਦੇ ਚੱਕਰ ਲਾ ਰਹੀਆਂ ਹਨ ਅਤੇ ਉਨ੍ਹਾਂ ਸਰਕਾਰ ਤੋਂ ਜਲਦ ਸਮੱਸਿਆ ਦਾ ਹੱਲ ਕਰਨ ਦੀ ਮੰਗ ਕਰ ਰਹੀਆਂ ਹਨ। ਯੋਜਨਾ ਨੂੰ ਲੈ ਕੇ ਬੈਂਕਾਂ ’ਚ ਲੱਗੀ ਭੀੜ ਇਸ ਯੋਜਨਾ ਦੇ ਸੰਬੰਧ ਵਿੱਚ ਵੱਡੀ ਗਿਣਤੀ ਵਿੱਚ ਮਹਿਲਾਵਾਂ ਆਪਣੇ ਬੈਂਕ ਖਾਤਿਆਂ ਨੂੰ ਅਪਡੇਟ ਕਰਵਾਉਣ, ਆਧਾਰ ਲਿੰਕ ਕਰਵਾਉਣ, ਕੇਵਾਈਸੀ ਪੂਰੀ ਕਰਵਾਉਣ ਅਤੇ ਹੋਰ ਲੋੜੀਂਦੀਆਂ ਕਾਰਵਾਈਆਂ ਲਈ ਬੈਂਕਾਂ ਵਿੱਚ ਪਹੁੰਚ ਰਹੀਆਂ ਹਨ, ਤਾਂ ਜੋ ਯੋਜਨਾ ਦੀ ਰਕਮ ਸਿੱਧੀ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਹੋ ਸਕੇ। ਇਸ ਕਾਰਨ ਕਈ ਬੈਂਕ ਸ਼ਾਖਾਵਾਂ ਵਿੱਚ ਵੀ ਆਮ ਦਿਨਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਭੀੜ ਦੇਖਣ ਨੂੰ ਮਿਲ ਰਹੀ ਹੈ।