- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਵਿੱਚ ਕਿਹਾ ਗਿਆ ਹੈ ਕਿ ਬਿਜਲੀ ਗੁੱਲ ਹੋਣ, ਬਿਲਿੰਗ ਦੀਆਂ ਸਮੱਸਿਆਵਾਂ, ਕਮਜ਼ੋਰ ਬੁਨਿਆਦੀ ਢਾਂਚੇ ਅਤੇ ਸਟਾਫ਼ ਦੀ ਭਾਰੀ ਘਾਟ ਕਾਰਨ ਇੰਜੀਨੀਅਰ ਬਿਨਾਂ ਵਜ੍ਹਾ ਮਾਨਸਿਕ ਦਬਾਅ ਝੱਲ ਰਹੇ ਹਨ। ਵੱਡੀ ਗਿਣਤੀ ਵਿੱਚ ਸੇਵਾਮੁਕਤੀਆਂ ਅਤੇ ਨਵੀਂ ਭਰਤੀ ਨਾ ਹੋਣ ਕਾਰਨ ਮੌਜੂਦਾ ਕਰਮਚਾਰੀਆਂ 'ਤੇ ਕੰਮ ਦਾ ਬੋਝ ਲਗਾਤਾਰ ਵਧ ਰਿਹਾ ਹੈ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਸੰਚਾਲਨ, ਮਨੁੱਖੀ ਸ਼ਕਤੀ, ਆਈਟੀ ਅਤੇ ਐੱਚਆਰ ਨਾਲ ਜੁੜੀਆਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਪੀਐੱਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਨੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਨੂੰ ਪੱਤਰ ਲਿਖ ਕੇ ਮੌਜੂਦਾ ਸਥਿਤੀ 'ਤੇ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਦੇ ਪ੍ਰਧਾਨ ਇੰਜੀ. ਜਸਵੀਰ ਸਿੰਘ ਧੀਮਾਨ ਅਤੇ ਜਨਰਲ ਸਕੱਤਰ ਇੰਜੀ. ਅਜੇ ਪਾਲ ਸਿੰਘ ਅਟਵਾਲ ਨੇ ਚੇਤਾਵਨੀ ਦਿੱਤੀ ਹੈ ਕਿ ਸਮੇਂ ਸਿਰ ਕਦਮ ਨਾ ਚੁੱਕੇ ਗਏ ਤਾਂ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਬਿਜਲੀ ਗੁੱਲ ਹੋਣ, ਬਿਲਿੰਗ ਦੀਆਂ ਸਮੱਸਿਆਵਾਂ, ਕਮਜ਼ੋਰ ਬੁਨਿਆਦੀ ਢਾਂਚੇ ਅਤੇ ਸਟਾਫ਼ ਦੀ ਭਾਰੀ ਘਾਟ ਕਾਰਨ ਇੰਜੀਨੀਅਰ ਬਿਨਾਂ ਵਜ੍ਹਾ ਮਾਨਸਿਕ ਦਬਾਅ ਝੱਲ ਰਹੇ ਹਨ। ਵੱਡੀ ਗਿਣਤੀ ਵਿੱਚ ਸੇਵਾਮੁਕਤੀਆਂ ਅਤੇ ਨਵੀਂ ਭਰਤੀ ਨਾ ਹੋਣ ਕਾਰਨ ਮੌਜੂਦਾ ਕਰਮਚਾਰੀਆਂ 'ਤੇ ਕੰਮ ਦਾ ਬੋਝ ਲਗਾਤਾਰ ਵਧ ਰਿਹਾ ਹੈ।
1912 ਕਾਲ ਸੈਂਟਰਾਂ 'ਚ ਸਟਾਫ਼ ਦੀ ਘਾਟ, ਇੰਜੀਨੀਅਰ ਸੁਣ ਰਹੇ ਸ਼ਿਕਾਇਤਾਂ
ਐਸੋਸੀਏਸ਼ਨ ਨੇ ਦੋਸ਼ ਲਾਇਆ ਕਿ ਨਵੇਂ ਬਿਲਿੰਗ ਸਾਫਟਵੇਅਰ ਨੇ ਸੰਚਾਲਨ ਅਤੇ ਵਿੱਤੀ ਪ੍ਰਬੰਧਨ ਵਿੱਚ ਮੁਸ਼ਕਲਾਂ ਵਧਾ ਦਿੱਤੀਆਂ ਹਨ। ਪੀਐੱਸਪੀਸੀਐੱਲ ਦੀਆਂ ਮੋਬਾਈਲ ਐਪਾਂ ਅਤੇ ਈਆਰਪੀ ਨਾਲ ਜੁੜੀਆਂ ਤਕਨੀਕੀ ਸਮੱਸਿਆਵਾਂ ਵੀ ਅਜੇ ਤੱਕ ਹੱਲ ਨਹੀਂ ਹੋਈਆਂ। 1912 ਕਾਲ ਸੈਂਟਰਾਂ ਵਿੱਚ ਸਟਾਫ਼ ਦੀ ਘਾਟ ਕਾਰਨ ਫੀਲਡ ਇੰਜੀਨੀਅਰਾਂ ਨੂੰ ਆਪਣੀ ਡਿਊਟੀ ਦੇ ਨਾਲ ਖਪਤਕਾਰਾਂ ਦੀਆਂ ਸ਼ਿਕਾਇਤਾਂ ਵੀ ਸੁਣਨੀਆਂ ਪੈ ਰਹੀਆਂ ਹਨ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਲੋੜੀਂਦੀ ਮੈਨਪਾਵਰ ਮੁਹੱਈਆ ਕਰਵਾਈ ਜਾਵੇ ਅਤੇ ਪਰਫਾਰਮੈਂਸ ਦੇ ਨਾਂ 'ਤੇ ਬੇਲੋੜਾ ਦਬਾਅ ਬਣਾਉਣਾ ਬੰਦ ਕੀਤਾ ਜਾਵੇ।
ਗਲਤ ਬਿੱਲਾਂ ਲਈ ਠੇਕੇਦਾਰ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ
ਐਸੋਸੀਏਸ਼ਨ ਨੇ ਕਿਹਾ ਕਿ ਗਲਤ ਬਿੱਲਾਂ ਲਈ ਪ੍ਰਾਈਵੇਟ ਆਈਟੀ ਵੈਂਡਰ ਨੂੰ ਜਵਾਬਦੇਹ ਬਣਾਇਆ ਜਾਵੇ ਅਤੇ ਸਾਫਟਵੇਅਰ ਦੀਆਂ ਖਾਮੀਆਂ ਲਈ ਫੀਲਡ ਅਧਿਕਾਰੀਆਂ ਨੂੰ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ। ਆਈਟੀ ਸ਼ਿਕਾਇਤਾਂ ਦੇ ਹੱਲ ਲਈ ਸਮਾਂ-ਸੀਮਾ ਨਿਰਧਾਰਤ ਕਰਨ, ਗੈਰ-ਵਿਭਾਗੀ ਡਿਊਟੀਆਂ ਬੰਦ ਕਰਨ, ਡਿਸਟ੍ਰੀਬਿਊਸ਼ਨ ਦਫ਼ਤਰਾਂ ਨੂੰ ਵਾਹਨ ਕਿਰਾਏ 'ਤੇ ਲੈਣ ਦੇ ਅਧਿਕਾਰ ਦੇਣ, ਲੇਬਰ ਆਊਟਸੋਰਸਿੰਗ ਨੀਤੀ ਨੂੰ ਤਰਕਸੰਗਤ ਬਣਾਉਣ ਅਤੇ ਸਟੋਰਾਂ ਵਿੱਚ ਲੋੜੀਂਦਾ ਸਾਮਾਨ ਉਪਲਬਧ ਕਰਵਾਉਣ ਦੀ ਵੀ ਮੰਗ ਕੀਤੀ ਗਈ ਹੈ। ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਬਿਜਲੀ ਸਪਲਾਈ ਪ੍ਰਣਾਲੀ ਨੂੰ ਸੁਚਾਰੂ ਰੱਖਣਾ ਮੁਸ਼ਕਿਲ ਹੋ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ।