- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਦੇਸ਼ੀ ਨੰਬਰਾਂ ਤੋਂ ਆਈ

ਵਿਦੇਸ਼ੀ ਨੰਬਰਾਂ ਤੋਂ ਆਈ ‘ਵਟਸਐਪ ਕਾਲ’ ਤੇ ਵਾਇਸ ਮੈਸੇਜ, ਨਾ ਦੇਣ ‘ਤੇ ਜਾਨੋਂ ਮਾਰਨ ਦੀ ਧਮਕੀ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਚੰਡੀਗੜ੍ਹ ’ਚ ਹਾਲ ਹੀ ਵਿੱਚ ਇੱਕ ਕੈਮਿਸਟ ਦੀ ਦੁਕਾਨ ‘ਤੇ ਸ਼ੂਟਰਾਂ ਵੱਲੋਂ ਸਰੇਆਮ ਕੀਤੀ ਗਈ ਹੱਤਿਆ ਦਾ ਮਾਮਲਾ ਅਜੇ ਠੰਡਾ ਵੀ ਨਹੀਂ ਪਿਆ ਸੀ ਕਿ ਹੁਣ ਰਾਜਪੁਰਾ ਵਿੱਚ ਵੀ ਇਸੇ ਤਰ੍ਹਾਂ ਦੀ ਇੱਕ ਵੱਡੀ ਵਾਰਦਾਤ ਦੀ ਧਮਕੀ ਆਈ ਹੈ। ਇੱਥੇ ਦੇ ਦੋ ਨਾਮੀ ਕੈਮਿਸਟਾਂ ਨੂੰ ਵਿਦੇਸ਼ੀ ਨੰਬਰਾਂ ਤੋਂ ਕਾਲ ਅਤੇ ਵਾਇਸ ਮੈਸੇਜ ਕਰਕੇ ਕਰੋੜਾਂ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਜਾਨੋਂ ਮਾਰਣ ਦੀ ਧਮਕੀ ਦਿੱਤੀ ਗਈ ਹੈ। ਇਸ ਸਨਸਨੀਖੇਜ਼ ਖੁਲਾਸੇ ਤੋਂ ਬਾਅਦ ਪੂਰੇ ਸ਼ਹਿਰ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਵਿੱਚ ਦਹਿਸ਼ਤ ਅਤੇ ਸ਼ਹਿਮ ਦਾ ਮਾਹੌਲ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਜਪੁਰਾ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ ਹੈ। ਪੁਲਿਸ ਨੇ ਪੀੜਤਾਂ ਦੀ ਸੁਰੱਖਿਆ ਵਧਾ ਦਿੱਤੀ ਹੈ ਅਤੇ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ, ਬੁੱਧਵਾਰ ਦੁਪਹਿਰ ਕਰੀਬ ਪੌਣੇ ਤਿੰਨ ਵਜੇ ਇੱਕ ਕੈਮਿਸਟ ਦੀ ਦੁਕਾਨ ਦੇ ਮਾਲਕ ਦੇ ਮੋਬਾਈਲ ਫੋਨ ‘ਤੇ ਇੱਕ ਵਿਦੇਸ਼ੀ ਨੰਬਰ ਤੋਂ ਵਟਸਐਪ ਕਾਲ ਆਈ। ਫੋਨ ਕਰਨ ਵਾਲੇ ਨੇ ਆਪਣੀ ਪਛਾਣ ਦੱਸਦੇ ਹੋਏ ਸਿੱਧੇ ਦੋ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕਰ ਦਿੱਤੀ। ਦੋਸ਼ੀ ਨੇ ਸਪਸ਼ਟ ਲਹਿਜ਼ੇ ਵਿੱਚ ਕਿਹਾ ਕਿ ਜੇ ਰਕਮ ਨਾ ਮਿਲੀ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੋ। ਡਰੇ ਹੋਏ ਪੀੜਤ ਨੇ ਤੁਰੰਤ ਇਸ ਦੀ ਸੂਚਨਾ ਰਾਜਪੁਰਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਇਸੇ ਤਰ੍ਹਾਂ ਦੀ ਕਾਲ ਦੂਜੇ ਕੈਮਿਸਟ ਮਾਲਕ ਨੂੰ ਵੀ ਬੁੱਧਵਾਰ ਨੂੰ ਆਈ ਸੀ, ਪਰ ਵਿਅਸਤਤਾ ਕਾਰਨ ਉਨ੍ਹਾਂ ਨੇ ਧਿਆਨ ਨਹੀਂ ਦਿੱਤਾ। ਵੀਰਵਾਰ ਨੂੰ ਜਦੋਂ ਦੁਕਾਨਦਾਰ ਨੇ ਵਟਸਐਪ ਚੈੱਕ ਕੀਤਾ ਤਾਂ ਵਿਦੇਸ਼ੀ ਨੰਬਰ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਉਸ ਨੰਬਰ ਤੋਂ ਇੱਕ ਵਾਇਸ ਮੈਸੇਜ ਭੇਜਿਆ ਗਿਆ ਸੀ। ਮੈਸੇਜ ਵਿੱਚ ਕਿਹਾ ਗਿਆ ਸੀ ਕਿ “ਤੂੰ ਫੋਨ ਨਹੀਂ ਉਠਾਉਂਦਾ, ਇਸ ਲਈ ਹੁਣ ਕਰੋੜਾਂ ਦੀ ਫਿਰੌਤੀ ਤਿਆਰ ਰੱਖ, ਨਹੀਂ ਤਾਂ ਅੰਜਾਮ ਬੁਰਾ ਹੋਵੇਗਾ।” ਇਸ ਧਮਕੀ ਤੋਂ ਬਾਅਦ ਦੂਜਾ ਪੀੜਤ ਵੀ ਬੁਰੀ ਤਰ੍ਹਾਂ ਡਰ ਗਿਆ।
ਡੱਬੀ
ਪੁਲਿਸ ਨੇ ਵਧਾਈ ਸੁਰੱਖਿਆ, ਮਾਮਲਾ ਦਰਜ
ਸ਼ਹਿਰ ਦੇ ਦੋ ਵੱਡੇ ਵਪਾਰੀਆਂ ਨੂੰ ਇੱਕੋ ਸਮੇਂ ਧਮਕੀ ਮਿਲਣ ਦੀ ਖ਼ਬਰ ਤੁਰੰਤ ਫੈਲ ਗਈ। ਚੰਡੀਗੜ੍ਹ ਕੈਮਿਸਟ ਮਰਡਰ ਕੇਸ ਦੀ ਤਾਜ਼ਾ ਘਟਨਾ ਕਾਰਨ ਰਾਜਪੁਰਾ ਦੇ ਵਪਾਰੀਆਂ ਵਿੱਚ ਆਪਣੀ ਸੁਰੱਖਿਆ ਨੂੰ ਲੈ ਕੇ ਭਾਰੀ ਡਰ ਦਾ ਮਾਹੌਲ ਹੈ। ਇਸ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ। ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਸਾਈਬਰ ਸੈੱਲ ਦੀ ਮਦਦ ਨਾਲ ਉਹਨਾਂ ਵਿਦੇਸ਼ੀ ਨੰਬਰਾਂ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ। ਸਾਵਧਾਨੀ ਵਜੋਂ ਦੋਵਾਂ ਦੁਕਾਨਦਾਰਾਂ ਅਤੇ ਉਨ੍ਹਾਂ ਦੇ ਸਥਾਨਾਂ ਦੀ ਸੁਰੱਖਿਆ ਹੋਰ ਕੜੀ ਕਰ ਦਿੱਤੀ ਗਈ ਹੈ।