ਘਨੌਰੀ ਕਲਾਂ–ਸਲੇਮਪੁਰ ਸੜਕ ਦੇ ਕੰਮ ’ਤੇ ਵਿਵਾਦ ਭਖਿਆ ਘਨੌਰੀ ਕਲਾਂ–ਸਲੇਮਪੁਰ ਸੜਕ ਦੇ ਕੰਮ 'ਤੇ ਵਿਵਾਦ ਭਖਿਆ
Publish Date: Tue, 30 Jun 2026 05:45 PM (IST)
Updated Date: Wed, 01 Jul 2026 04:05 AM (IST)
ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ ਲੋਕ ਨਿਰਮਾਣ ਵਿਭਾਗ ਵੱਲੋਂ ਘਨੌਰੀ ਕਲਾਂ ਤੋਂ ਸਲੇਮਪੁਰ ਤੱਕ ਬਣਾਈ ਜਾ ਰਹੀ 18 ਫੁੱਟ ਚੌੜੀ ਨਵੀਂ ਸੜਕ ਦਾ ਨਿਰਮਾਣ ਕੰਮ ਸ਼ੁਰੂ ਹੁੰਦਿਆਂ ਹੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਪਿੰਡ ਦੇ ਕਈ ਚੋਣਵੇਂ ਨੁਮਾਇੰਦਿਆਂ ਅਤੇ ਸਮਾਜਿਕ ਆਗੂਆਂ ਨੇ ਨਿਰਮਾਣ ਦੌਰਾਨ ਵਰਤੀ ਜਾ ਰਹੀ ਸਮੱਗਰੀ ਅਤੇ ਕੰਮ ਕਰਨ ਦੇ ਢੰਗ ਤੇ ਸਵਾਲ ਖੜ੍ਹੇ ਕਰਦਿਆਂ ਇਹ ਸੜਕ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਆਗੂ ਡਾ. ਕਰਨਵੀਰ ਸ਼ਰਮਾ ਨੇ ਦੋਸ਼ ਲਗਾਇਆ ਕਿ ਸੜਕ ਤੇ ਪ੍ਰੀਮਿਕਸ ਪਾਉਣ ਤੋਂ ਪਹਿਲਾਂ ਮਿੱਟੀ ਦੀ ਢੰਗ ਨਾਲ ਸਫ਼ਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸੜਕ ਦੇ ਕਿਨਾਰੇ ਲੋੜੀਂਦੀ ਉਚਾਈ ਅਨੁਸਾਰ ਨਾ ਬਣਨ ਕਾਰਨ ਬਰਸਾਤ ਦੇ ਦਿਨਾਂ ਵਿੱਚ ਪਾਣੀ ਖੜ੍ਹਾ ਰਹਿਣ ਦੀ ਸੰਭਾਵਨਾ ਬਣ ਸਕਦੀ ਹੈ, ਜਿਸ ਨਾਲ ਲੋਕਾਂ ਨੂੰ ਭਵਿੱਖ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਰਕੀਟ ਕਮੇਟੀ ਸ਼ੇਰਪੁਰ ਦੇ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਘਨੌਰੀ ਨੇ ਕਿਹਾ ਕਿ ਇਹ ਸੜਕ ਲੰਬੇ ਸਮੇਂ ਬਾਅਦ ਬਣ ਰਹੀ ਹੈ, ਇਸ ਲਈ ਇਸ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਮੰਗ ਕੀਤੀ ਕਿ ਉੱਚ ਅਧਿਕਾਰੀ ਖੁਦ ਮੌਕੇ ਤੇ ਪਹੁੰਚ ਕੇ ਨਿਰਮਾਣ ਕਾਰਜ ਦੀ ਨਿਗਰਾਨੀ ਕਰਨ ਤਾਂ ਜੋ ਲੋਕਾਂ ਨੂੰ ਮਜ਼ਬੂਤ ਸੜਕ ਮਿਲ ਸਕੇ। ਆਗੂਆਂ ਨੇ ਕਿਹਾ ਕਿ ਜੇ ਮੁੱਖ ਮੰਤਰੀ ਦੇ ਹਲਕੇ ਵਿੱਚ ਬਣ ਰਹੇ ਵਿਕਾਸ ਕਾਰਜਾਂ ਤੇ ਹੀ ਸਵਾਲ ਉੱਠ ਰਹੇ ਹਨ ਤਾਂ ਹੋਰ ਖੇਤਰਾਂ ਦੀ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਬਣੀ ਸ਼ੇਰਪੁਰ–ਧੂਰੀ ਸੜਕ ਦੀ ਕਈ ਵਾਰ ਮੁਰੰਮਤ ਹੋਣ ਦੇ ਬਾਵਜੂਦ ਘਨੌਰੀ ਕਲਾਂ ਦੇ ਧੂਰੀ ਵਾਲੇ ਬੱਸ ਅੱਡੇ ਸਮੇਤ ਕਈ ਥਾਵਾਂ ਤੇ ਅਜੇ ਵੀ ਡੂੰਘੇ ਟੋਏ ਮੌਜੂਦ ਹਨ, ਜੋ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਇਸ ਮੌਕੇ ਬੀਕੇਯੂ (ਲੱਖੋਵਾਲ) ਦੇ ਆਗੂ ਚਰਨਜੀਤ ਸਿੰਘ, ਕਿਸਾਨ ਆਗੂ ਗੋਰਾ ਸਿੰਘ ਚਹਿਲ, ਜੀਵਨ ਸਿੰਘ ਘਨੌਰੀ ਅਤੇ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ। ਬਾਕਸ-- ਐੱਸਡੀਓ ਨੇ ਦੋਸ਼ ਕੀਤੇ ਰੱਦ ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਨਵਦੀਪ ਬਾਂਸਲ ਨੇ ਲਗਾਏ ਗਏ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸੜਕ ਦਾ ਨਿਰਮਾਣ ਵਿਭਾਗੀ ਮਾਪਦੰਡਾਂ ਅਤੇ ਤਕਨੀਕੀ ਨਿਯਮਾਂ ਅਨੁਸਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਵੀਡੀਓ ਬਣਾਈ ਗਈ, ਉਸ ਵੇਲੇ ਉਕਤ ਸਥਾਨ ਤੇ ਕੋਈ ਕੰਮ ਨਹੀਂ ਚੱਲ ਰਿਹਾ ਸੀ ਕਿਉਂਕਿ ਜੂਨੀਅਰ ਇੰਜਨੀਅਰ ਆਪਣੀ ਟੀਮ ਸਮੇਤ ਸਲੇਮਪੁਰ ਵਾਲੇ ਪਾਸੇ ਕੰਮ ਵਿੱਚ ਰੁੱਝਿਆ ਹੋਇਆ ਸੀ।