ਕਾਂਗਰਸੀਆਂ ਨੇ ਚੁੱਕਿਆ ਸ਼ੇਰਪੁਰ ਬਾਜ਼ਾਰ ’ਚ ਘਟੀਆ ਇੱਟਾਂ ਲਾਉਣ ਦਾ ਮੁੱਦਾ
ਕਾਂਗਰਸੀਆਂ ਨੇ ਚੁੱਕਿਆ ਸ਼ੇਰਪੁਰ ਬਾਜ਼ਾਰ ਅੰਦਰ ਘਟੀਆ ਇੱਟਾਂ ਲਾਉਣ ਦਾ ਮੁੱਦਾ
Publish Date: Sun, 28 Jun 2026 04:33 PM (IST)
Updated Date: Mon, 29 Jun 2026 04:02 AM (IST)

ਸੱਤਪਾਲ ਸਿੰਘ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਸਥਾਨਕ ਬਾਜ਼ਾਰ ਵਿੱਚ ਵਿਕਾਸ ਕਾਰਜਾਂ ਦੌਰਾਨ ਕਥਿਤ ਤੌਰ ’ਤੇ ਘਟੀਆ ਕੁਆਲਿਟੀ ਦੀਆਂ ਇੱਟਾਂ ਵਰਤੇ ਜਾਣ ਦੇ ਮਾਮਲੇ ਨੂੰ ਲੈ ਕੇ ਕਾਂਗਰਸੀ ਆਗੂਆਂ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ। ਕਾਂਗਰਸੀ ਆਗੂਆਂ ਨੇ ਮੌਕੇ ’ਤੇ ਲਾਈਵ ਹੋ ਕੇ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖੇ ਸਵਾਲ ਚੁੱਕੇ। ਕਾਂਗਰਸ ਪਾਰਟੀ ਦੇ ਯੂਥ ਆਗੂ ਬਨੀ ਖੈਰਾ ਤੇ ਐਡਵੋਕੇਟ ਜਸਵੀਰ ਸਿੰਘ ਖੇੜੀ ਵੱਲੋਂ ਲਾਇਬ ਹੋਣ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਗ੍ਰਾਮ ਪੰਚਾਇਤ ਵੱਲੋਂ ਕਸਬੇ ਅੰਦਰ ਵਿਕਾਸ ਕਾਰਜਾਂ ਲਈ ਘਟੀਆ ਮਟੀਰੀਅਲ ਲਗਾ ਕੇ ਸਰਕਾਰ ਦੇ ਲੱਖਾਂ ਰੁਪਏ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਕਿਉਂਕਿ ਅਜਿਹੇ ਇੱਟਾਂ ਦੇ ਵਰਤੇ ਜਾ ਰਹੇ ਘਟੀਆਂ ਮਟੀਰੀਅਰ ਨਾਲ ਗਲੀਆਂ ਨਾਲੀਆਂ ਮਿਆਦ ਤੋਂ ਪਹਿਲਾਂ ਹੀ ਟੁੱਟ ਜਾਣਗੀਆਂ। ਉਹਨਾਂ ਇਹ ਵੀ ਕਿਹਾ ਕਿ ਕੁਝ ਇਲਾਕੇ ਦੀਆਂ ਨਵੀਆਂ ਬਣਾਈਆਂ ਜਾ ਰਹੀਆਂ ਸੜਕਾਂ ਧਸਣ ਲੱਗ ਪਈਆਂ ਹਨ। ਜਿਸ ਦੇ ਸਬੰਧਤ ਅਧਿਕਾਰੀਆਂ ਖਿਲਾਫ਼ ਸਰਕਾਰ ਨੂੰ ਸਖਤ ਕਾਰਵਾਈ ਕਰਨ ਦੀ ਲੋੜ ਹੈ। ਜਸਵੀਰ ਖੇੜੀ ਨੇ ਕਿਹਾ ਕਿ ਰਾਤ ਦੇ ਸਮੇਂ ਮਾੜੀਆਂ ਇੱਟਾਂ ਦੀ ਟਰਾਲੀ ਭਰ ਕੇ ਮੁੱਦੇ ਨੂੰ ਗਾਇਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨਾਲ ਸਰਕਾਰੀ ਵਿਕਾਸ ਕਾਰਜਾਂ ਦੀ ਗੁਣਵੱਤਾ ਤੇ ਸਵਾਲ ਖੜ੍ਹੇ ਹੋ ਰਹੇ ਹਨ। ਕਾਂਗਰਸੀ ਆਗੂਆਂ ਨੇ ਦਾਅਵਾ ਕੀਤਾ ਕਿ ਮਾਨ ਸਰਕਾਰ ਲੋਕਾਂ ਨੂੰ ਵਿਕਾਸ ਦੇ ਨਾਂ ਤੇ ਗੁਮਰਾਹ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੋਰ ਵੀ ਵਿਕਾਸ ਕਾਰਜਾਂ ਦੇ ਕਥਿਤ ਘਪਲਿਆਂ ਦਾ ਪਰਦਾਫਾਸ਼ ਕੀਤਾ ਜਾਵੇਗਾ। ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜੇਕਰ ਕਿਸੇ ਵੀ ਪੱਧਰ ਤੇ ਗੜਬੜ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰ ਅਧਿਕਾਰੀਆਂ ਅਤੇ ਠੇਕੇਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸਰਪੰਚ ਨੇ ਦੋਸ਼ਾਂ ਨੂੰ ਮੁੱਢ ਤੋਂ ਨਕਾਰਿਆ ਸ਼ੇਰਪੁਰ ਦੇ ਸਰਪੰਚ ਰਾਜਵਿੰਦਰ ਸਿੰਘ ਨੇ ਕਾਂਗਰਸੀ ਆਗੂਆਂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਇਸ ਨੂੰ ਸਿਆਸੀ ਸਟੰਟ ਕਰਾਰ ਦਿੱਤਾ ਹੈ। ਸਰਪੰਚ ਨੇ ਕਿਹਾ ਕਿ ਪਿੰਡ ਵਿੱਚ ਨਾ ਤਾਂ ਕਿਸੇ ਗਲੀ ਦਾ ਨਿਰਮਾਣ ਕੰਮ ਚੱਲ ਰਿਹਾ ਹੈ ਅਤੇ ਨਾ ਹੀ ਕਿਤੇ ਕੋਈ ਇੱਟ ਲਾਈ ਗਈ ਹੈ। ਸਪਲਾਈ ਦੌਰਾਨ ਆਈਆਂ ਕੁਝ ਘਟੀਆ ਕੁਆਲਿਟੀ ਦੀਆਂ ਇੱਟਾਂ ਨੂੰ ਤੁਰੰਤ ਵਾਪਸ ਕਰਵਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬਿਨਾਂ ਤੱਥਾਂ ਦੇ ਦੋਸ਼ ਲਗਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਜਲਦ ਹੀ ਮਾਣਹਾਨੀ ਦਾ ਨੋਟਿਸ ਭੇਜਿਆ ਜਾਵੇਗਾ। ਹਲਕੇ ’ਚ ਘਟੀਆ ਨਿਰਮਾਣ ਬਰਦਾਸ਼ਤ ਨਹੀਂ : ਵਿਧਾਇਕ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਹਲਕੇ ਵਿੱਚ ਵਿਕਾਸ ਕਾਰਜਾਂ ਦੀ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮਾੜੀਆਂ ਇੱਟਾਂ ਦੇ ਸਬੰਧ ਉਹਨਾਂ ਕੋਲ ਸ਼ਿਕਾਇਤ ਆਈ ਸੀ ਜਿਨਾਂ ਨੂੰ ਤੁਰੰਤ ਵਾਪਸ ਕਰਵਾ ਦਿੱਤਾ ਗਿਆ। ਉਹਨਾਂ ਦਬੀ ਹੋਈ ਸੜਕ ਦੇ ਸਬੰਧ ਵਿੱਚ ਕਿਹਾ ਕਿ ਜੇਕਰ ਕਿਸੇ ਠੇਕੇਦਾਰ ਵੱਲੋਂ ਅਜਿਹੀ ਅਣਗਹਿਲੀ ਕੀਤੀ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਬਖਸ਼ ਨਹੀਂ ਜਾਵੇ।