53ਵੀਂ ਆਲ ਇੰਡੀਆ ਕਾਨਫ਼ਰੰਸ ਦੇ ਦੂਜੇ ਦਿਨ ਹੋਏ ਅਹਿਮ ਸੰਵਾਦ
53ਵੀਂ ਆਲ ਇੰਡੀਆ ਕਾਨਫ਼ਰੰਸ ਆਫ਼ ਦਰਾਵਿੜੀਅਨ ਲਿੰਗੁਇਸਟਸ ਦੇ ਦੂਜੇ ਦਿਨ ਹੋਏ ਅਹਿਮ ਸੰਵਾਦ
Publish Date: Fri, 19 Jun 2026 05:58 PM (IST)
Updated Date: Fri, 19 Jun 2026 06:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਚੱਲ ਰਹੀ ‘53ਵੀਂ ਆਲ ਇੰਡੀਆ ਕਾਨਫ਼ਰੰਸ ਆਫ਼ ਦਰਾਵਿੜੀਅਨ ਲਿੰਗੁਇਸਟਸ’ ਦੇ ਦੂਜੇ ਦਿਨ ਵਿਦਵਾਨਾਂ ਵੱਲੋਂ ਅਹਿਮ ਸੰਵਾਦ ਰਚਾਇਆ ਗਿਆ। ਯੂਨੀਵਰਸਿਟੀ ਦੇ ਪੰਜਾਬੀ ਵਿਭਾਗ, ਭਾਸ਼ਾ ਵਿਗਿਆਨ ਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਲਿੰਗੁਇਸਟਿਕਸ ਐਸੋਸੀਏਸ਼ਨ ਪਟਿਆਲਾ, ਦਰਾਵਿੜੀਅਨ ਲਿੰਗੁਇਸਟਿਕ ਐਸੋਸੀਏਸ਼ਨ ਵੱਲੋਂ ਸੀਆਈਆਈ ਐੱਲ. ਮੈਸੂਰ ਤੇ ਆਈਸੀਐੱਸਐੱਸਆਰ, ਨਵੀਂ ਦਿੱਲੀ ਦੇ ਸਹਿਯੋਗ ਨਾਲ ਉਪ ਕੁਲਪਤੀ ਡਾ. ਜਗਦੀਪ ਸਿੰਘ ਦੀ ਸੁਯੋਗ ਅਗਵਾਈ ਅਧੀਨ ਕਰਵਾਈ ਜਾ ਰਹੀ ਇਸ ਰਾਸ਼ਟਰੀ ਪੱਧਰ ਦੀ ਕਾਨਫ਼ਰੰਸ ਦੇ ਦੂਜੇ ਦਿਨ ਦਾ ਆਰੰਭ ਚੌਥੇ ਸੈਸ਼ਨ ਨਾਲ ਹੋਇਆ। ਇਹ ਸੈਸ਼ਨ ਚਾਰ ਵੱਖ-ਵੱਖ ਸਥਾਨਾਂ ਤੇ ਸਮਾਨਾਂਤਰ ਤੌਰ ’ਤੇ ਕਰਵਾਇਆ ਗਿਆ। ਦੂਜੇ ਦਿਨ ਦੇ ਵੱਖ-ਵੱਖ ਸੈਸ਼ਨਾਂ ’ਚ ਡਾ. ਅਦਿਤੀ ਗੋਇਲ (ਚੰਡੀਗੜ੍ਹ ਯੂਨੀਵਰਸਿਟੀ, ਘੜੂੰਆਂ) ਡਾ. ਸੀਜੀ ਸ਼ੰਕਰ (ਮਦੁਰਾਈ) ਤੇ ਵੀ. ਦੀਨਾਥਿਆਲੀ (ਤਿਰੂਥੰਗਲ) ਪ੍ਰੋ. ਵਿਸ਼ਾਲਖੀ, ਅਕਸਾ ਰਾਏ, ਵਿਸ਼ਵਨਾਥ ਨਾਇਡੂ ਤੇ ਲਕਸ਼ਮੀ ਸ਼ੰਕਰੀ (ਕੋਇੰਬਤੂਰ) ਪੱਲਵੀ ਕੌਸ਼ਲ (ਪਟਿਆਲਾ), ਡਾ. ਸੰਗੀਤਾ ਤੇ ਜੈ ਲਕਸ਼ਮੀ ਡਾ. ਅਮਨਦੀਪ ਕੌਰ (ਰਾਜਸਥਾਨ) ਡਾ. ਬੀਨੂ ਕੇ. ਜੇ, ਗੁਰਵਿੰਦਰ ਸਿੰਘ, ਨੀਸ਼ਾ ਰਾਣੀ (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਡਾ. ਚਰਨਜੀਤ ਸਿੰਘ ਧੀਮਾਨ (ਫ਼ਰੀਦਕੋਟ), ਅਨੀਤਾ (ਜਲੰਧਰ), ਅਤੇ ਡਾ. ਲਖਵਿੰਦਰ ਸਿੰਘ (ਮੋਗਾ) ਵੱਲੋਂ ਵੱਖ-ਵੱਖ ਵਿਸ਼ਿਆਂ ਉੱਪਰ ਮੁੱਲਵਾਨ ਖੋਜ ਪੇਪਰ ਪੜ੍ਹੇ ਗਏ ਜਿਨ੍ਹਾਂ ’ਤੇ ਹਾਜ਼ਰ ਵਿਦਵਾਨਾਂ ਵੱਲੋਂ ਭਰਪੂਰ ਅਕਾਦਮਿਕ ਚਰਚਾ ਕੀਤੀ ਗਈ। ਕਾਨਫ਼ਰੰਸ ਦੇ ਪੰਜਵੇਂ ਸ਼ੈਸਨ ਦੌਰਾਨ ਪ੍ਰੋ. ਰਾਮੇਸ਼ ਭਾਰਦਵਾਜ (ਸਾਬਕਾ ਮੁਖੀ, ਸੰਸਕ੍ਰਿਤ ਵਿਭਾਗ, ਦਿੱਲੀ ਯੂਨੀਵਰਸਿਟੀ) ਨੇ ਪ੍ਰੋ. ਕਰੁਣਾਸਿੰਧੀ ਦਾਸ ਯਾਦਗਾਰੀ ਭਾਸ਼ਣ ਦਿੱਤਾ। ਪ੍ਰੋ. ਰਾਮੇਸ਼ ਭਾਰਦਵਾਜ ਨੇ ਆਪਣੇ ਭਾਸ਼ਣ ’ਚ ਭਾਰਤ ਦੇ ਅਮੀਰ ਭਾਸ਼ਾਈ ਇਤਿਹਾਸ ਦਾ ਜ਼ਿਕਰ ਕੀਤਾ ਗਿਆ। ਡਾ. ਰੌਣਕੀ ਰਾਮ ਨੇ ਸ਼ੂਦਰ ਤੇ ਅਛੂਤ ਦੀ ਪਰਿਭਾਸ਼ਾ ਦਾ ਤਰਕਮਈ ਢੰਗ ਨਾਲ ਨਿਖੇੜਾ ਕੀਤਾ। ਡਾ. ਰਾਜੇਸ਼ ਸ਼ਰਮਾ ਨੇ ਪ੍ਰੋ. ਐੱਸ. ਕੇ. ਵਰਮਾ ਯਾਦਗਾਰੀ ਭਾਸ਼ਣ ਪੇਸ਼ ਕਰਦਿਆਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਰਵਾਇਤੀ ਜਾਂ ਸਥਾਪਿਤ ਸ਼ਖ਼ਸੀਅਤਾਂ ਨੇ ਹੀ ਕਲਾ ਦੇ ਇਤਿਹਾਸ ’ਚ ਸਭ ਤੋਂ ਵੱਡੀਆਂ ਤਬਦੀਲੀਆਂ ਪੈਦਾ ਕੀਤੀਆਂ ਹਨ, ਜੋ ਪਹਿਲਾਂ ਮੌਜੂਦ ਨਹੀਂ ਸਨ। ਇਸ ਕਾਨਫਰੰਸ ਦੇ ਆਰਗੇਨਾਈਜਿੰਗ ਸਕੱਤਰ ਅਤੇ ਮੁਖੀ, ਪੰਜਾਬੀ ਵਿਭਾਗ ਡਾ. ਰਾਜਵੰਤ ਕੌਰ ਪੰਜਾਬੀ ਵੱਲੋਂ ਸਵਾਗਤੀ ਸ਼ਬਦ ਬੋਲੇ ਗਏ। ਪੰਜਾਬ ਲਿੰਗੁਇਸਟਿਕਸ ਐਸੋਸੀਏਸ਼ਨ ਦੇ ਪ੍ਰਧਾਨ ਡਾ. ਭੁਪਿੰਦਰ ਸਿੰਘ ਖਹਿਰਾ ਨੇ ਦੂਜੇ ਦਿਨ ਦੇ ਸੈਸ਼ਨ ਸਬੰਧੀ ਵਿਸ਼ਿਆਂ ਉੱਤੇ ਚਰਚਾ ਕੀਤੀ। ਕਾਨਫ਼ਰੰਸ ਦੇ ਦੂਜੇ ਦਿਨ ਵੀ ਦੇਸ਼-ਵਿਦੇਸ਼ ਤੋਂ ਆਏ ਡੈਲੀਗੇਟਸ, ਯੂਨੀਵਰਸਿਟੀ ਦੇ ਅਧਿਆਪਕਾਂ ਤੇ ਖੋਜਾਰਥੀਆਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ।