ਕਮਿਊਨਿਟੀ ਹੈਲਥ ਅਫਸਰਾਂ ਦਾ ਧਰਨਾ ਦੂਜੇ ਦਿਨ ਵੀ ਰਿਹਾ ਜਾਰੀ
ਕਮਿਊਨਿਟੀ ਹੈਲਥ ਅਫਸਰਾਂ ਦਾ ਧਰਨਾ ਦੂਜੇ ਦਿਨ ਵੀ ਰਿਹਾ ਜਾਰੀ
Publish Date: Tue, 23 Jun 2026 03:55 PM (IST)
Updated Date: Wed, 24 Jun 2026 04:01 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਐੱਨਐੱਚਐੱਮ ਸਿਹਤ ਵਿਭਾਗ, ਪੰਜਾਬ ਅਧੀਨ ਪੇਂਡੂ ਖੇਤਰਾਂ ਵਿੱਚ ਕੰਮ ਕਰ ਰਹੇ ਕਮਿਊਨਟੀ ਹੈਲਥ ਅਫ਼ਸਰਾਂ ਨੇ ਆਪਣੇ ਹੱਕਾਂ ਦੀ ਲੜਾਈ ਲਈ ਹਰ ਤਰ੍ਹਾਂ ਦਾ ਆਨਲਾਈਨ- ਆਫ਼ਲਾਈਨ ਕੰਮ ਬੰਦ ਕਰਕੇ ਆਪਣਾ ਧਰਨਾ ਦੂਜੇ ਦਿਨ ਵੀ ਜਾਰੀ ਰੱਖਿਆ। ਇਸ ਮੌਕੇ ਸੀਐੱਚਓ ਅਕਾਸ਼ਦੀਪ, ਕਮਲ ਕਲਿਆਣ ਨੇ ਕਿਹਾ ਕਿ ਉਹ ਪੇਂਡੂ ਖੇਤਰਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਹਰ ਤਰ੍ਹਾਂ ਦੀ ਕੁਦਰਤੀ ਆਫਤ, ਮਹਾਮਾਰੀ ਸਮੇ ਵੀ ਉਹਨਾਂ ਆਪਣੀ ਜਾਨ ਦੀ ਪਰਵਾਹ ਕੀਤਿਆਂ ਬਿਨਾ ਸਿਹਤ ਸੇਵਾਵਾਂ ਜਾਰੀ ਰੱਖੀਆਂ ਸਨ । ਉਹਨਾਂ ਨੂੰ ਪੇਂਡੂ ਖੇਤਰਾਂ ਵਿੱਚ ਕੰਮ ਕਰਦੇ ਆਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਬਾਰੇ ਵਿਭਾਗ ਅਤੇ ਸਰਕਾਰ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ, ਪਰ ਸਰਕਾਰ ਅਤੇ ਵਿਭਾਗ ਉਹਨਾਂ ਦੀਆਂ ਜਾਇਜ਼ ਮੰਗਾਂ ਅਤੇ ਉਹਨਾਂ ਦੇ ਬਣਦੇ ਹੱਕਾਂ ਨੂੰ ਅਣਗੋਲਿਆਂ ਕਰਦੇ ਹੋਏ ਕੰਮ ਦਾ ਬੋਝ ਹੋਰ ਵਧਾਉਂਦਿਆਂ ਉਹਨਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਮਰੀਜ਼ਾਂ ਦੇ ਸਿਹਤ ਅਤੇ ਉਹਨਾਂ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਦੇ ਵਿੱਚ ਆਉਣ ਵਾਲੇ ਵਿਘਨ ਦੇ ਬਾਰੇ ਸੋਚ ਕੇ ਚੁੱਪ ਸਨ ਪਰ ਹੁਣ ਹੋਰ ਨਹੀਂ । ਇਸ ਮੌਕੇ ਜਿਲੇ ਦੇ ਸਾਰੇ ਕਮਿਊਨਿਟੀ ਹੈਲਥ ਅਫਸਰਾਂ ਨੇ ਇਕੱਠੇ ਹੋ ਕੇ ਨਵੇਂ ਇਨਸੈਂਟੀਵ ਪਰਫੋਰਮੇ ਦੇ ਨਾਮ ਤੇ ਕੱਢੇ ਤਾਨਾਸ਼ਾਹੀ ਹੁਕਮਾਂ ਦੀਆਂ ਕਾਪੀਆਂ ਨੂੰ ਫੂਕ ਕੇ ਰੋਸ ਪ੍ਰਦਰਸ਼ਨ ਜਾਹਿਰ ਕੀਤਾ। ਇਸ ਸਮੇਂ ਸੀਐਚਓ ਵਲੋਂ ਸਿਵਲ ਸਰਜਨ ਸਾਹਿਬਾਨ ਨੂੰ ਮੰਗ ਪੱਤਰ ਸੌਂਪਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਬਰਾਬਰ ਕੰਮ ਬਰਾਬਰ ਤਨਖਾਹ/ ਬਾਕੀ ਸੂਬਿਆਂ ਦੇ ਮੁਕਾਬਲੇ 5000 ਰੁਪਏ ਘੱਟ ਮਿਲ ਰਹੀ ਤਨਖਾਹ ਵਿੱਚ ਵਾਧਾ, ਨਵਾਂ ਇੰਨਸੈਂਟਿਵ ਪਰ੍ਫਰ੍ਮਾ ਵਾਪਿਸ ਲੈਣਾ, ਕੇਡਰ ਸਨਕਸ਼ਨ ਅਤੇ ਰੇਗੁਲਰ ਕਰਨਾ , ਲੋਇਲੋਟੀ ਬੋਨਸ ਜ਼ਾਰੀ ਕਰਨਾ ਆਦਿ ਨੂੰ ਪੂਰਾ ਨਹੀਂ ਕੀਤਾ ਜਾਂਦਾ ਤਾਂ ਇਹ ਹੜਤਾਲ / ਸੰਘਰਸ਼ ਇਸੇ ਤਰ੍ਹਾਂ 1 ਜੁਲਾਈ ਤਕ ਜਾਰੀ ਰਹੇਗੀ ਅਤੇ 2 ਜੁਲਾਈ ਨੂੰ ਸੂਬਾ ਪੱਧਰੀ ਧਰਨਾ ਜ਼ਿਲਾ ਸੰਗਰੂਰ , ਮੁੱਖ ਮੰਤਰੀ ਦੇ ਰਿਹਾਇਸ਼ ਅੱਗੇ ਲਾਇਆ ਜਾਵੇਗਾ। ਇਸ ਮੌਕੇ ਸੰਦੀਪ ਪੂਨੀਆ, ਡਾ. ਸਹਿਜ, ਡਾ. ਵਰਿੰਦਰ, ਡਾ. ਜਸਪ੍ਰੀਤ ਮਨਪ੍ਰੀਤ ਕੌਰ ਮੌਜੂਦ ਸਨ।